ਖੁੰਬਾਂ ਦੀ ਕਾਸ਼ਤ ਕਰਕੇ ਮੁਨਾਫ਼ਾ ਕਮਾ ਸਕਦੇ ਨੇ ਕਿਸਾਨ : ਕੋਰਸ ਕੋਆਰਡੀਨੇਟਰ ਖੁੰਬਾਂ ਦੀ ਕਾਸ਼ਤ ਕਰਕੇ ਵੱਧ ਮੁਨਾਫ਼ਾ ਕਮਾ ਸਕਦੇ ਨੇ ਕਿਸਾਨ-ਕੋਰਸ ਕੋਆਰਡੀਨੇਟਰ
Publish Date: Sun, 13 Sep 2026 09:05 PM (IST)
Updated Date: Mon, 14 Sep 2026 04:08 AM (IST)
-‘ਖੁੰਬਾਂ ਦੀ ਕਾਸ਼ਤ’ ਸਬੰਧੀ ਪੰਜ ਦਿਨਾ ਸਿਖਲਾਈ ਕੋਰਸ ਦਾ ਦੂਜਾ ਬੈਚ ਕਰਵਾਇਆ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਸਕਿੱਲ ਡਿਵੈੱਲਪਮੈਂਟ ਸੈਂਟਰ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨਾਂ ਤੇ ਕਿਸਾਨ ਬੀਬੀਆਂ ਲਈ ਮਾਇਕਰੋਬਾਇਓਲੋਜੀ ਵਿਭਾਗ, ਪੀਏਯੂ. ਦੇ ਸਹਿਯੋਗ ਨਾਲ ‘ਖੁੰਬਾਂ ਦੀ ਕਾਸ਼ਤ’ ਸਬੰਧੀ ਪੰਜ ਦਿਨਾਂ ਦਾ ਸਿਖਲਾਈ ਕੋਰਸ ਦਾ ਦੂਸਰਾ ਬੈਂਚ ਕਰਵਾਇਆ ਗਿਆ। ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈੱਲਪਮੈਂਟ) ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ 68 ਸਿਖਿਆਰਥੀਆਂ ਨੇ ਹਿੱਸਾ ਲਿਆ। ਡਾ. ਕੁਲਵੀਰ ਕੌਰ, ਕੋਰਸ ਕੋਆਰਡੀਨੇਟਰ ਨੇ ਇਸ ਕੋਰਸ ਬਾਰੇ ਦੱਸਦਿਆਂ ਕਿਹਾ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਖੁੰਬਾਂ ਦੀ ਕਾਸ਼ਤ ਕਰਕੇ ਕਿਸਾਨ ਅਤੇ ਕਿਸਾਨ ਬੀਬੀਆਂ ਵੱਧ ਤੋਂ ਵੱਧ ਮੁਨਾਫ਼ਾ ਕਮਾ ਸਕਦੇ ਹਨ। ਮਾਇਕਰੋਬਾਇਓਲੋਜੀ ਵਿਭਾਗ ਦੇ ਤਕਨੀਕੀ ਮਾਹਿਰ ਡਾ. ਸ਼ਿਵਾਨੀ ਸ਼ਰਮਾ ਨੇ ਖੁੰਬਾਂ ਦੀ ਮਹੱਤਤਾ ਅਤੇ ਕੇਸਿੰਗ ਮਿੱਟੀ ਤਿਆਰ ਕਰਨ ਦੀ ਵਿਧੀ ਬਾਰੇ ਦੱਸਿਆ। ਇਸ ਮੌਕੇ ਡਾ. ਜਸਪ੍ਰੀਤ ਕੌਰ ਅਤੇ ਡਾ. ਐਨਾ ਗੋਇਲ ਨੇ ਖਾਦ ਬਣਾਉਣ ਦੀ ਵਿਧੀ, ਵਾਤਾ ਅਨੁਕੂਲ ਹਾਲਤਾਂ ਵਿੱਚ ਖੁੰਬਾਂ ਉਗਾਉਣ ਲਈ ਜ਼ਰੂਰੀ ਨੁਕਤੇ, ਪਰਾਲੀ ਵਾਲੀਆਂ ਖੁੰਬਾਂ, ਮਿਲਕੀ ਖੁੰਬਾਂ, ਢੀਂਗਰੀ ਅਤੇ ਸ਼ਿਟਾਕੀ ਖੁੰਬਾਂ ਬੀਜਣ ਦਾ ਪ੍ਰੈਕਟੀਕਲ, ਕੰਪੋਸਟ ਅਤੇ ਢਕਣਵਾਲੀ ਮਿੱਟੀ ਤਿਆਰ ਕਰਨ ਦੀ ਵਿਧੀ ਤੇ ਬਿਜਾਈ ਦੀ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ। ਪ੍ਰੋਸੈਸਿੰਗ ਤੇ ਫੂਡ ਇੰਜਨੀਅਰਿੰਗ ਵਿਭਾਗ ਦੇ ਡਾ. ਗੁਰਵੀਰ ਕੌਰ, ਖੁੰਬਾਂ ਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਕੀਟ ਵਿਗਿਆਨ ਵਿਭਾਗ ਤੋਂ ਡਾ. ਅਨੁਰੀਤ ਕੌਰ ਚੰਦੀ ਨੇ ਖੁੰਬਾਂ ਦੇ ਕੀੜੇ ਤੇ ਉਨ੍ਹਾਂ ਦੀ ਰੋਕਥਾਮ ਤੇ ਡਾ. ਸੁਖਜੀਤ ਕੌਰ ਸੀਨੀਮਾਟੋਲੋਜਿਸਟ ਨੇ ਖੁੰਬਾਂ ਦੇ ਨੀਮਾਟੋਡ, ਉਨ੍ਹਾਂ ਦੀ ਰੋਕਥਾਮ ਤੇ ਦਵਾਈਆਂ ਦੀ ਵਰਤੋਂ ਬਾਰੇ ਦੱਸਿਆ। ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਡਾ. ਸੋਨਿਕਾ ਸ਼ਰਮਾ ਨੇ ਖੁੰਬਾਂ ਦੇ ਖੁਰਾਕੀ ਤੱਤ, ਉਨ੍ਹਾਂ ਦੀ ਰੋਜ਼ਾਨਾ ਖੁਰਾਕ ਵਿਚ ਮਹੱਤਤਾ ਅਤੇ ਖੁੰਬਾਂ ਦੇ ਪਕਵਾਨ ਬਨਾਉਣ ਦੀ ਵਿਧੀ ਬਾਰੇ ਦੱਸਿਆ। ਸਕਿੱਲ ਡਿਵੈਲਪਮੈਂਟ ਸੈਂਟਰ ਦੇ ਡਾ. ਕਰਨਵੀਰ ਗਿੱਲ ਨੇ ਪੰਜਾਬ ਐਗਰੀ ਬਿਜ਼ਨਿਸ ਇਨਕੂਵੇਟਰ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਸਾਂਝੀ। ਡਾ. ਗੁਰਪ੍ਰੀਤ ਕੌਰ, ਬਾਗਬਾਨੀ ਵਿਭਾਗ(ਪੰਜਾਬ ਸਰਕਾਰ) ਨੇ ਵੱਖ-ਵੱਖ ਵਿਸ਼ਿਆਂ ਉੱਪਰ ਸਿਖਿਆਰਥੀਆਂ ਨੂੰ ਖੁੰਬਾਂ ਦਾ ਧੰਦਾ ਸ਼ੁਰੂ ਕਰਨ ਲਈ ਸਬਸਿਡੀ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਪ੍ਰੇਰਨਾ ਕਪਿਲਾ ਨੇ ਸਾਰੇ ਸਿਖਿਆਰਥੀਆਂ ਦਾ ਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ’ਚ ਅਪਨਾਉਣ ਦੀ ਸਲਾਹ ਦਿੱਤੀ।