- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲੀਆਂ ਦੀ ਗੂੰਜ ’ਚ ਲੁਧਿਆਣਾ, ਖੂਨਦਾਨ ਕੈਂਪ ’ਤੇ ਹਮਲੇ ਦੀ ਸਾਜ਼ਿਸ਼ ਨਾਕਾਮ

-ਗੋਲ਼ੀਆਂ ਦੀ ਗੂੰਜ ’ਚ ਖੂਨਦਾਨ ਕੈਂਪ ’ਤੇ ਹਮਲੇ ਦੀ ਸਾਜ਼ਿਸ਼ ਨਾਕਾਮ, 3 ਪਿਸਤੌਲ ਤੇ 50 ਕਾਰਤੂਸ ਬਰਾਮਦ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਇੱਥੇ ਪਿਛਲੇ ਕੁੱਝ ਸਮੇਂ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਪੁਲਿਸ ਲਈ ਵੱਡੀ ਚੁਣੌਤੀ ਖੜ੍ਹੀ ਕੀਤੀ ਹੋਈ ਹੈ। ਸ਼ਰੇਆਮ ਅਪਰਾਧੀ ਫਾਇਰਿੰਗ ਕਰਨ ਤੋਂ ਬਾਅਦ ਫਰਾਰ ਹੋ ਜਾਂਦੇ ਸਨ। ਇਸ ਵਾਰ ਲੁਧਿਆਣਾ ਪੁਲਿਸ ਨੇ ਵੱਡੀ ਘਟਨਾ ਵਾਪਰਨ ਤੋਂ ਪਹਿਲੋਂ ਹੀ ਇਸ ਨੂੰ ਰੋਕ ਲਿਆ ਅਤੇ ਜਵਾਬੀ ਫਾਇਰਿੰਗ ਕੀਤੀ। ਐਤਵਾਰ ਨੂੰ ਆਤਮ ਨਗਰ ਇਲਾਕੇ ਵਿੱਚ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ ਜਦੋਂ ਰਵੀ ਖਵਾਜਕੇ ਦੀ ਯਾਦ ’ਚ ਦੁੱਗਰੀ ਰੋਡ ’ਤੇ ਲਗਾਏ ਖੂਨਦਾਨ ਕੈਂਪ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ ਪਹੁੰਚੇ ਦੋ ਹਥਿਆਰਬੰਦ ਸ਼ੂਟਰਾਂ ਦਾ ਪੁਲਿਸ ਨਾਲ ਮੁਕਾਬਲਾ ਹੋ ਗਿਆ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਪੁਲਿਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਹੋਈ ਜਵਾਬੀ ਕਾਰਵਾਈ ’ਚ ਦੋਵੇਂ ਗੋਲੀਆਂ ਲੱਗਣ ਕਾਰਨ ਮਾਰੇ ਗਏ। ਮੁਕਾਬਲੇ ਦੌਰਾਨ 25 ਤੋਂ ਵੱਧ ਰਾਊਂਡ ਚੱਲਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਅਨੁਸਾਰ ਮਾਰੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਕਰਨਜੋਤ ਸਿੰਘ ਉਰਫ਼ ਨੋਨਾ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ। ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੁਧਿਆਣਾ ਪਹੁੰਚੇ ਸਨ। ਐਂਟੀ-ਗੈਂਗਸਟਰ ਟਾਸਕ ਫੋਰਸ ਅਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੂੰ ਇਨ੍ਹਾਂ ਦੇ ਕੈਂਪ ਵੱਲ ਜਾਣ ਦੀ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਆਤਮ ਪਾਰਕ ਅੰਡਰਬ੍ਰਿਜ ਨੇੜੇ ਪੁਲਿਸ ਟੀਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
-ਬਾਕਸ-
ਪੁਲਿਸ ਦੀ ਗੱਡੀ ’ਤੇ ਵੀ ਲੱਗੀਆਂ ਦੋ ਗੋਲ਼ੀਆਂ
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਮੁਤਾਬਕ ਪੁਲਿਸ ਵੱਲੋਂ ਰੋਕਣ ਦਾ ਇਸ਼ਾਰਾ ਕਰਨ ’ਤੇ ਦੋਵੇਂ ਸ਼ੱਕੀਆਂ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਟੀਮ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਦੀ ਸਰਕਾਰੀ ਗੱਡੀ ’ਤੇ ਵੀ ਦੋ ਗੋਲੀਆਂ ਲੱਗੀਆਂ। ਪੁਲਿਸ ਵੱਲੋਂ ਆਤਮ-ਰੱਖਿਆ ਵਿੱਚ ਕੀਤੀ ਜਵਾਬੀ ਕਾਰਵਾਈ ਦੌਰਾਨ ਦੋਵੇਂ ਸ਼ੂਟਰਾਂ ਨੂੰ ਗੋਲ਼ੀਆਂ ਲੱਗੀਆਂ ਅਤੇ ਉਹ ਮੌਕੇ ’ਤੇ ਹੀ ਮਾਰੇ ਗਏ।
-ਬਾਕਸ0
-ਤਿੰਨ ਆਟੋਮੈਟਿਕ ਪਿਸਤੌਲ ਤੇ 50 ਕਾਰਤੂਸ ਮਿਲੇ
ਮੁਕਾਬਲੇ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਤਿੰਨ ਆਧੁਨਿਕ ਆਟੋਮੈਟਿਕ ਪਿਸਤੌਲ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ ਜ਼ਿਗਾਨਾ ਪਿਸਤੌਲ ਅਤੇ ਪਾਕਿਸਤਾਨੀ ਬਣੀ ਗਲਾਕ ਪਿਸਤੌਲ ਵੀ ਸ਼ਾਮਲ ਦੱਸੀ ਗਈ ਹੈ। ਇਸ ਤੋਂ ਇਲਾਵਾ ਕਰੀਬ 50 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਪੁਲਿਸ ਦਾ ਮੰਨਣਾ ਹੈ ਕਿ ਜੇਕਰ ਦੋਵੇਂ ਸ਼ੂਟਰ ਕੈਂਪ ਤੱਕ ਪਹੁੰਚ ਜਾਂਦੇ ਤਾਂ ਵੱਡੀ ਵਾਰਦਾਤ ਹੋ ਸਕਦੀ ਸੀ।
-ਬਾਕਸ-
-ਡੋਨੀ ਬੱਲ ਤੇ ਸ਼ਗਨਪ੍ਰੀਤ ਨਾਲ ਸਬੰਧਾਂ ਦੀ ਜਾਂਚ
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਦੋਵੇਂ ਮਾਰੇ ਗਏ ਸ਼ੂਟਰਾਂ ਦੇ ਡੋਨੀ ਬੱਲ ਅਤੇ ਸ਼ਗਨਪ੍ਰੀਤ ਨਾਲ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਵਾਂ ਨੂੰ ਦੁੱਗਰੀ ਰੋਡ ’ਤੇ ਸਥਿਤ ਮੈਰੀਲੈਂਡ ਪੈਲੇਸ ਵਿੱਚ ਲੱਗੇ ਖੂਨਦਾਨ ਕੈਂਪ ਵਿੱਚ ਗੋਲੀਬਾਰੀ ਕਰਨ ਦਾ ਕੰਮ ਸੌਂਪਿਆ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਇਸ ਸਾਜ਼ਿਸ਼ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ ਤੇ ਮਾਰੇ ਗਏ ਸ਼ੂਟਰਾਂ ਦੇ ਨਾਲ ਆਏ ਹੋਰ ਸਾਥੀ ਕਿੱਥੇ ਗਏ। ਪੁਲਿਸ ਨੂੰ ਸ਼ੱਕ ਹੈ ਕਿ ਦੋਵੇਂ ਇਕੱਲੇ ਨਹੀਂ ਸਨ ਅਤੇ ਉਨ੍ਹਾਂ ਦੇ ਕੁਝ ਸਾਥੀ ਹੋਰ ਵਾਹਨਾਂ ਰਾਹੀਂ ਲੁਧਿਆਣਾ ਪਹੁੰਚੇ ਹੋ ਸਕਦੇ ਹਨ। ਮੁਕਾਬਲੇ ਤੋਂ ਬਾਅਦ ਉਨ੍ਹਾਂ ਦੀ ਭਾਲ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
-ਬਾਕਸ-
-ਰਵੀ ਖਵਾਜਕੇ ਦੇ ਕਤਲ ਨਾਲ ਜੁੜੀ ਗੈਂਗਵਾਰ ਦੀ ਕੜੀ
ਜਿਸ ਖੂਨਦਾਨ ਕੈਂਪ ਨੂੰ ਨਿਸ਼ਾਨਾ ਬਣਾਉਣ ਦੀ ਪੁਲਿਸ ਵੱਲੋਂ ਸਾਜ਼ਿਸ਼ ਦੱਸੀ ਜਾ ਰਹੀ ਹੈ, ਉਹ ਸਾਬਕਾ ਕਾਂਗਰਸੀ ਸਰਪੰਚ ਰਵੀ ਖਵਾਜਕੇ ਦੀ ਯਾਦ ਵਿੱਚ ਲਗਾਇਆ ਗਿਆ ਸੀ। 20 ਫਰਵਰੀ 2016 ਨੂੰ ਗਿੱਲ ਰੋਡ ਨੇੜੇ ਗਿੱਲਜ਼ ਗਾਰਡਨ ਵਿੱਚ ਵਿਆਹ ਸਮਾਗਮ ਦੌਰਾਨ ਰਵੀ ਖਵਾਜਕੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਮੁਤਾਬਕ ਇਸ ਕਤਲ ਵਿੱਚ ਦਵਿੰਦਰ ਬੰਬੀਹਾ ਅਤੇ ਉਸ ਦੇ ਸਾਥੀਆਂ ਦੀ ਭੂਮਿਕਾ ਸੀ। ਇਹ ਕਤਲ ਉਸ ਸਮੇਂ ਲੁਧਿਆਣਾ ਦੀ ਗੈਂਗਵਾਰ ਨਾਲ ਜੁੜੀਆਂ ਸਭ ਤੋਂ ਚਰਚਿਤ ਵਾਰਦਾਤਾਂ ਵਿੱਚੋਂ ਇੱਕ ਬਣਿਆ ਸੀ। ਹੁਣ ਉਸੇ ਰਵੀ ਖਵਾਜਕੇ ਦੀ ਯਾਦ ਵਿੱਚ ਲਗਾਏ ਗਏ ਖੂਨਦਾਨ ਕੈਂਪ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਨੇ ਪੁਰਾਣੀ ਗੈਂਗਵਾਰ ਦੀਆਂ ਕੜੀਆਂ ਮੁੜ ਚਰਚਾ ਵਿੱਚ ਲਿਆ ਦਿੱਤੀਆਂ ਹਨ। ਪੁਲਿਸ ਇਸ ਪੂਰੇ ਮਾਮਲੇ ਨੂੰ ਪੁਰਾਣੀ ਗੈਂਗ ਰੰਜਿਸ਼ ਨਾਲ ਜੋੜ ਕੇ ਵੀ ਜਾਂਚ ਰਹੀ ਹੈ।
-ਬਾਕਸ-
ਇੱਕ ਸ਼ੂਟਰ ਦਾ ਪੁਰਾਣਾ ਅਪਰਾਧਿਕ ਰਿਕਾਰਡ
ਪੁਲਿਸ ਅਨੁਸਾਰ ਕਰਨਜੋਤ ਸਿੰਘ ਉਰਫ਼ ਨੋਨਾ ਖ਼ਿਲਾਫ਼ ਪਹਿਲਾਂ ਵੀ ਅਸਲਾ ਐਕਟ, ਡਕੈਤੀ ਅਤੇ ਨਸ਼ਾ ਤਸਕਰੀ ਨਾਲ ਸਬੰਧਤ ਮਾਮਲੇ ਦਰਜ ਸਨ, ਜਦਕਿ ਸੰਦੀਪ ਸਿੰਘ ਖ਼ਿਲਾਫ਼ ਵੀ ਇੱਕ ਅਪਰਾਧਿਕ ਮਾਮਲਾ ਦਰਜ ਹੋਣ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਥਾਣਾ ਮਾਡਲ ਟਾਊਨ ਵਿੱਚ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਧਿਆਨ ਹੁਣ ਸਿਰਫ਼ ਮੁਕਾਬਲੇ ’ਚ ਮਾਰੇ ਗਏ ਦੋ ਸ਼ੂਟਰਾਂ ਤੱਕ ਸੀਮਤ ਨਹੀਂ, ਸਗੋਂ ਉਨ੍ਹਾਂ ਨੂੰ ਲੁਧਿਆਣਾ ਭੇਜਣ ਵਾਲਿਆਂ, ਕੈਂਪ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਤਿਆਰ ਕਰਨ ਵਾਲਿਆਂ ਤੇ ਫਰਾਰ ਹੋਏ ਸਾਥੀਆਂ ਤੱਕ ਪਹੁੰਚਣ ’ਤੇ ਹੈ।