- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ:ਲੁਧਿਆਣਵੀਆਂ ਦੀ ਨਾਰਾਜ਼ਗੀ ਤੋਂ ਬਾਅਦ ਜਾਗਿਆ ਨਿਗਮ!

-ਨਹਿਰੀ ਜਲ ਸਪਲਾਈ ਪ੍ਰੋਜੈਕਟ ਲਈ ਪੁੱਟੀਆਂ ਸੜਕਾਂ ਦੀ ਮੁਰੰਮਤ ਮੇਅਰ ਨੇ ਕਰਵਾਈ ਸ਼ੁਰੂ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਨਹਿਰੀ ਜਲ ਸਪਲਾਈ ਪ੍ਰਾਜੈਕਟ ਤਹਿਤ ਪਾਣੀ ਦੀਆਂ ਲਾਈਨਾਂ ਵਿਛਾਉਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੁੱਟੀਆਂ ਗਈਆਂ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਲੁਧਿਆਣਵੀਆਂ ਦੀ ਨਾਰਾਜ਼ਗੀ ਤੋਂ ਬਾਅਦ ਆਖ਼ਰਕਾਰ ਨਗਰ ਨਿਗਮ ਹਰਕਤ ਵਿੱਚ ਆ ਗਿਆ ਹੈ। ਲੰਬੇ ਸਮੇਂ ਤੋਂ ਖੁਦਾਈ ਕਾਰਨ ਪ੍ਰਭਾਵਿਤ ਸੜਕਾਂ ਦੀ ਮੁੜ ਉਸਾਰੀ ਦਾ ਕੰਮ ਹੁਣ ਸ਼ੁਰੂ ਕਰ ਦਿੱਤਾ ਗਿਆ ਹੈ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੜਕਾਂ ਦੀ ਮੁੜ ਉਸਾਰੀ ’ਚ ਤੇਜ਼ੀ ਲਿਆਉਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਨਹਿਰੀ ਜਲ ਸਪਲਾਈ ਪ੍ਰਾਜੈਕਟ ਤਹਿਤ ਪਾਣੀ ਦੀਆਂ ਪਾਈਪਾਂ ਵਿਛਾਉਣ ਲਈ ਕਈ ਪ੍ਰਮੁੱਖ ਇਲਾਕਿਆਂ ਵਿੱਚ ਸੜਕਾਂ ਦੀ ਖੁਦਾਈ ਕੀਤੀ ਸੀ। ਖੁਦਾਈ ਤੋਂ ਬਾਅਦ ਸੜਕਾਂ ਦੀ ਸਮੇਂ ਸਿਰ ਮੁੜ ਉਸਾਰੀ ਨਾ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਈ ਥਾਵਾਂ ’ਤੇ ਸੜਕਾਂ ਉਬੜ-ਖਾਬੜ ਹੋਣ ਕਾਰਨ ਵਾਹਨ ਚਾਲਕਾਂ ਲਈ ਮੁਸ਼ਕਲਾਂ ਵਧੀਆਂ ਹੋਈਆਂ ਸਨ। ਮੀਂਹ ਪੈਣ ਦੀ ਸੂਰਤ ਵਿੱਚ ਇਹ ਸਮੱਸਿਆ ਹੋਰ ਗੰਭੀਰ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਸੀ।
ਹੁਣ ਮੇਅਰ ਦੇ ਸਖ਼ਤ ਰੁਖ਼ ਤੋਂ ਬਾਅਦ ਨਗਰ ਨਿਗਮ ਨੇ ਇਨ੍ਹਾਂ ਸੜਕਾਂ ਦੀ ਮੁੜ ਉਸਾਰੀ ਦਾ ਕੰਮ ਤੇਜ਼ ਕਰ ਦਿੱਤਾ ਹੈ। ਰਿਸ਼ੀ ਨਗਰ, ਸਰਾਭਾ ਨਗਰ, ਕਿਚਲੂ ਨਗਰ ਅਤੇ ਮਾਡਲ ਟਾਊਨ ਐਕਸਟੈਂਸ਼ਨ ਸਮੇਤ ਕਈ ਇਲਾਕਿਆਂ ਵਿੱਚ ਸੜਕਾਂ ਨੂੰ ਮੁੜ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਨਿਗਮ ਅਧਿਕਾਰੀਆਂ ਨੂੰ ਬਾਕੀ ਥਾਵਾਂ ’ਤੇ ਵੀ ਕੰਮ ਨੂੰ ਤਰਜੀਹ ਦੇ ਆਧਾਰ ’ਤੇ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਉਹ ਸਿਰਫ਼ ਕਾਗਜ਼ਾਂ ਵਿੱਚ ਕੰਮ ਦੀ ਪ੍ਰਗਤੀ ਨਾ ਦੇਖਣ, ਸਗੋਂ ਰੋਜ਼ਾਨਾ ਫੀਲਡ ਵਿੱਚ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ। ਉਨ੍ਹਾਂ ਕਿਹਾ ਕਿ ਜਿੱਥੇ ਵੀ ਨਹਿਰੀ ਜਲ ਸਪਲਾਈ ਪ੍ਰੋਜੈਕਟ ਲਈ ਸੜਕਾਂ ਪੁੱਟੀਆਂ ਗਈਆਂ ਹਨ, ਉੱਥੇ ਮੁੜ ਉਸਾਰੀ ਦਾ ਕੰਮ ਬਿਨਾਂ ਬੇਲੋੜੀ ਦੇਰੀ ਦੇ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਮੇਅਰ ਨੇ ਕਿਹਾ ਕਿ ਇਹ ਸੜਕਾਂ ਵਿਸ਼ਵ ਬੈਂਕ ਦੀ ਵਿੱਤੀ ਸਹਾਇਤਾ ਨਾਲ ਚੱਲ ਰਹੇ ਨਹਿਰੀ ਜਲ ਸਪਲਾਈ ਪ੍ਰਾਜੈਕਟ ਤਹਿਤ ਪਾਣੀ ਦੀਆਂ ਲਾਈਨਾਂ ਵਿਛਾਉਣ ਲਈ ਪੁੱਟੀਆਂ ਗਈਆਂ ਸਨ। ਪ੍ਰਾਜੈਕਟ ਸ਼ਹਿਰ ਲਈ ਮਹੱਤਵਪੂਰਨ ਹੈ, ਪਰ ਇਸ ਕਾਰਨ ਲੋਕਾਂ ਨੂੰ ਲੰਬੇ ਸਮੇਂ ਤੱਕ ਆਵਾਜਾਈ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸੜਕਾਂ ਦੀ ਮੁੜ ਉਸਾਰੀ ਵੀ ਸਮੇਂ ਸਿਰ ਹੋਣੀ ਜ਼ਰੂਰੀ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸੜਕਾਂ ਦੀ ਮੁਰੰਮਤ ਦੌਰਾਨ ਕੰਮ ਦੀ ਗੁਣਵੱਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕੀਤਾ ਜਾਵੇ। ਸੜਕਾਂ ਨੂੰ ਸਹੀ ਢੰਗ ਨਾਲ ਮੁੜ ਤਿਆਰ ਕੀਤਾ ਜਾਵੇ ਤਾਂ ਜੋ ਕੁਝ ਸਮੇਂ ਬਾਅਦ ਦੁਬਾਰਾ ਟੁੱਟਣ ਜਾਂ ਧੱਸਣ ਦੀ ਸਮੱਸਿਆ ਪੈਦਾ ਨਾ ਹੋਵੇ। ਇਸ ਦੇ ਨਾਲ ਹੀ ਮੇਅਰ ਨੇ ਨਹਿਰੀ ਜਲ ਸਪਲਾਈ ਪ੍ਰਾਜੈਕਟ ਅਧੀਨ ਚੱਲ ਰਹੇ ਹੋਰ ਕੰਮਾਂ ਦੀ ਗਤੀ ਵੀ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਓਵਰਹੈੱਡ ਵਾਟਰ ਰਿਜ਼ਰਵਾਇਰਾਂ ਦੀ ਉਸਾਰੀ ਸਮੇਤ ਹੋਰ ਕੰਮਾਂ ਨੂੰ ਵੀ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਲਈ ਕਿਹਾ ਗਿਆ ਹੈ। ਹੁਣ ਲੁਧਿਆਣਵੀਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਨਗਰ ਨਿਗਮ ਵੱਲੋਂ ਸ਼ੁਰੂ ਕੀਤਾ ਗਿਆ ਸੜਕਾਂ ਦੀ ਮੁੜ ਉਸਾਰੀ ਦਾ ਇਹ ਕੰਮ ਕਿੰਨੀ ਤੇਜ਼ੀ ਨਾਲ ਪੂਰਾ ਹੁੰਦਾ ਹੈ। ਲੋਕਾਂ ਨੂੰ ਉਮੀਦ ਹੈ ਕਿ ਇਸ ਵਾਰ ਸਿਰਫ਼ ਨਿਰਦੇਸ਼ ਜਾਰੀ ਕਰਨ ਤੱਕ ਮਾਮਲਾ ਸੀਮਤ ਨਹੀਂ ਰਹੇਗਾ, ਬਲਕਿ ਪੁੱਟੀਆਂ ਸੜਕਾਂ ਅਸਲ ਵਿੱਚ ਜਲਦ ਹੀ ਮੁੜ ਆਵਾਜਾਈ ਯੋਗ ਬਣਾਈਆਂ ਜਾਣਗੀਆਂ।