- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਧਵਾਂ ਨਹਿਰ ਰੋਡ ਦੀ ਖੂਬਸੂਰਤੀ 'ਤੇ ਕੂੜੇ ਦਾ ਗ੍ਰਹਿਣ, ਰਾਤ ਦੇ ਹਨੇਰੇ 'ਚ ਕੌਣ ਫੈਲਾ ਰਿਹਾ ਗੰਦਗੀ?

-ਰਾਤ ਨੂੰ ਈਸ਼ਰ ਨਗਰ ਤੋਂ ਲੋਹਾਰਾ ਪੁਲ਼ ਤਕ ਕੂੜਾ ਸੁੱਟਣ ਤੋਂ ਰਾਹਗੀਰ ਪਰੇਸ਼ਾਨ
ਜਗਜੀਤ ਜੰਡੂ, ਪੰਜਾਬੀ ਜਾਗਰਣ, ਲੁਧਿਆਣਾ
ਸ਼ਹਿਰ ਦੀਆਂ ਖੂਬਸੂਰਤ ਸੜਕਾਂ ’ਤੇ ਸ਼ੁਮਾਰ ਸਿੱਧਵਾਂ ਨਹਿਰ ਰੋਡ ਦਾ ਈਸ਼ਰ ਨਗਰ ਪੁਲ ਤੋਂ ਲੋਹਾਰਾ ਪੁਲ ਤੱਕ ਦਾ ਹਿੱਸਾ ਇਨ੍ਹੀਂ ਦਿਨੀਂ ਸੜਕ ਕਿਨਾਰੇ ਫੈਲੇ ਕੂੜੇ ਕਾਰਨ ਬਦਹਾਲ ਨਜ਼ਰ ਆ ਰਿਹਾ ਹੈ। ਸੜਕ ਕੰਢੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਕਈ ਥਾਵਾਂ 'ਤੇ ਬੋਰੀਆਂ ਅਤੇ ਲਿਫਾਫਿਆਂ ਵਿੱਚ ਭਰ ਕੇ ਕੂੜਾ ਸੜਕ ਕੰਢੇ ਸੁੱਟਿਆ ਹੈ। ਸਥਾਨਕ ਲੋਕਾਂ ਤੇ ਇਸ ਰਸਤੇ ਤੋਂ ਰੋਜ਼ਾਨਾ ਲੰਘਣ ਵਾਲੇ ਲੋਕਾਂ ਮੁਤਾਬਕ ਕੂੜਾ ਅਕਸਰ ਰਾਤ ਦੇ ਸਮੇਂ ਹਨੇਰੇ ਦਾ ਫਾਇਦਾ ਚੁੱਕ ਕੇ ਸੜਕ ਕੰਢੇ ਸੁੱਟਿਆ ਜਾਂਦਾ ਹੈ। ਸਵੇਰ ਹੁੰਦੇ ਹੀ ਸੜਕ ਦੇ ਕਿਨਾਰੇ ਖਿੱਲਰਿਆ ਕੂੜਾ ਲੋਕਾਂ ਦੇ ਸਾਹਮਣੇ ਹੁੰਦਾ ਹੈ। ਇਸ ਕਾਰਨ ਜਿੱਥੇ ਇਲਾਕੇ ਦੀ ਖੂਬਸੂਰਤੀ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਬਦਬੂ ਵੀ ਫੈਲ ਰਹੀ ਹੈ।
-ਬਾਕਸ-
-ਸੁੰਦਰ ਸੜਕ, ਪਰ ਕੰਢਿਆਂ 'ਤੇ ਕੂੜੇ ਦੇ ਢੇਰ
ਸਿੱਧਵਾਂ ਨਹਿਰ ਰੋਡ 'ਤੇ ਵੱਡੀ ਗਿਣਤੀ ਵਿੱਚ ਲੋਕ ਸਵੇਰੇ-ਸ਼ਾਮ ਪੈਦਲ, ਦੋਪਹੀਆ ਅਤੇ ਚਾਰਪਹੀਆ ਵਾਹਨਾਂ ਰਾਹੀਂ ਲੰਘਦੇ ਹਨ। ਸੜਕ ਦਾ ਇਹ ਹਿੱਸਾ ਸ਼ਹਿਰ ਦੇ ਮਹੱਤਵਪੂਰਨ ਮਾਰਗਾਂ ਵਿੱਚੋਂ ਇੱਕ ਹੈ, ਪਰ ਕਿਨਾਰਿਆਂ 'ਤੇ ਪਏ ਕੂੜੇ ਦੇ ਢੇਰ ਇਸ ਦੀ ਪੂਰੀ ਤਸਵੀਰ ਹੀ ਬਦਲ ਰਹੇ ਹਨ। ਕਈ ਥਾਵਾਂ 'ਤੇ ਬੋਰੀਆਂ ਵਿੱਚ ਪਿਆ ਕੂੜਾ ਬਾਹਰ ਨਿਕਲ ਕੇ ਸੜਕ ਕਿਨਾਰੇ ਫੈਲ ਗਿਆ ਹੈ। ਗਰਮੀ ਅਤੇ ਨਮੀ ਕਾਰਨ ਇਸ ਵਿੱਚੋਂ ਆਉਣ ਵਾਲੀ ਬਦਬੂ ਰਾਹਗੀਰਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ।
-ਬਾਕਸ-
-ਰਾਤ ਨੂੰ ਕੂੜਾ ਸੁੱਟਣ ਵਾਲਿਆਂ 'ਤੇ ਕੌਣ ਰੱਖੇਗਾ ਨਜ਼ਰ?
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਸੜਕ ਕਿਨਾਰੇ ਲਗਾਤਾਰ ਰਾਤ ਦੇ ਸਮੇਂ ਕੂੜਾ ਸੁੱਟਿਆ ਜਾ ਰਿਹਾ ਹੈ ਤਾਂ ਨਗਰ ਨਿਗਮ ਦੀ ਨਿਗਰਾਨੀ ਪ੍ਰਣਾਲੀ ਕਿੱਥੇ ਹੈ? ਕੀ ਇਸ ਮਾਰਗ 'ਤੇ ਨਿਯਮਤ ਪੈਟਰੋਲਿੰਗ ਜਾਂ ਨਿਗਰਾਨੀ ਦੀ ਕੋਈ ਵਿਵਸਥਾ ਹੈ? ਕੀ ਸੰਵੇਦਨਸ਼ੀਲ ਥਾਵਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਜਾ ਸਕਦੇ ਹਨ? ਸਥਾਨਕ ਪੱਧਰ 'ਤੇ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਸੜਕ ਦੀ ਸਫਾਈ ਦੇ ਨਾਲ-ਨਾਲ ਮੁੜ ਕੂੜਾ ਨਾ ਸੁੱਟਿਆ ਜਾਵੇ, ਇਸ ਦੀ ਵਿਵਸਥਾ ਕਿਉਂ ਨਹੀਂ ਕੀਤੀ ਜਾ ਰਹੀ।
-ਬਾਕਸ-
-ਸਿਰਫ਼ ਸਫਾਈ ਨਹੀਂ, ਕੂੜਾ ਸੁੱਟਣ ਵਾਲਿਆਂ 'ਤੇ ਕਾਰਵਾਈ ਵੀ ਜ਼ਰੂਰੀ
ਸਮੱਸਿਆ ਦਾ ਸਥਾਈ ਹੱਲ ਸਿਰਫ਼ ਕੂੜਾ ਚੁੱਕਣ ਨਾਲ ਨਹੀਂ ਹੋਵੇਗਾ। ਜੇਕਰ ਸਫਾਈ ਤੋਂ ਕੁਝ ਘੰਟਿਆਂ ਬਾਅਦ ਉਸੇ ਥਾਂ 'ਤੇ ਮੁੜ ਕੂੜਾ ਸੁੱਟ ਦਿੱਤਾ ਜਾਂਦਾ ਹੈ ਤਾਂ ਨਿਗਮ ਦੀ ਸਫਾਈ ਮੁਹਿੰਮ ਵੀ ਬੇਅਸਰ ਸਾਬਤ ਹੋਵੇਗੀ। ਲੋੜ ਹੈ ਕਿ ਅਜਿਹੀਆਂ ਥਾਵਾਂ ਦੀ ਪਛਾਣ ਕਰਕੇ ਉੱਥੇ ਨਿਯਮਤ ਨਿਗਰਾਨੀ, ਲੋੜੀਂਦੀ ਰੌਸ਼ਨੀ, ਸੀਸੀਟੀਵੀ ’ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਈਸ਼ਰ ਨਗਰ ਪੁਲ ਤੋਂ ਲੋਹਾਰਾ ਪੁਲ ਤੱਕ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ ਹੁਣ ਸਿਰਫ਼ ਗੰਦਗੀ ਦਾ ਮਾਮਲਾ ਨਹੀਂ ਰਹੇ, ਸਗੋਂ ਇਹ ਸ਼ਹਿਰ ਦੀ ਖੂਬਸੂਰਤੀ ਅਤੇ ਰਾਹਗੀਰਾਂ ਦੀ ਪਰੇਸ਼ਾਨੀ ਨਾਲ ਜੁੜਿਆ ਗੰਭੀਰ ਮੁੱਦਾ ਬਣ ਚੁੱਕੇ ਹਨ।--