- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਦਸੇ ਦੀ ਉਡੀਕ ’ਚ ਬਿਜਲੀ ਵਿਭਾਗ? 10 ਦਿਨਾਂ ਤੋਂ ਸੜੀ ਟ੍ਰਾਂਸਫਾਰਮਰ ਦੀ ਤਾਰ, ਨੰਗੀਆਂ ਤਾਰਾਂ ਬਣੀਆਂ ਖਤਰਾ

15,16
ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ ਲੁਧਿਆਣਾ
ਆਮ ਲੋਕਾਂ ’ਚ ਅਕਸਰ ਚਰਚਾ ਰਹਿੰਦੀ ਹੈ ਕਿ ਪ੍ਰਸ਼ਾਸਨ ਉਸ ਵੇਲੇ ਹੀ ਹਰਕਤ ’ਚ ਆਉਂਦਾ ਹੈ, ਜਦੋਂ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ। ਲੋਕਾਂ ਵੱਲੋਂ ਕਿੰਨੀਆਂ ਵੀ ਸ਼ਿਕਾਇਤਾਂ ਕੀਤੀਆਂ ਜਾਣ, ਪਰ ਕਈ ਵਾਰ ਕਾਰਵਾਈ ਹਾਦਸੇ ਤੋਂ ਬਾਅਦ ਹੀ ਹੁੰਦੀ ਦਿਖਾਈ ਦਿੰਦੀ ਹੈ। ਅਜਿਹਾ ਹੀ ਮਾਮਲਾ ਢੋਲੇਵਾਲ ਤੋਂ ਸ਼ੇਰਪੁਰ ਵੱਲ ਜਾਣ ਵਾਲੀ ਸਰਵਿਸ ਲੇਨ ’ਤੇ ਸਾਹਮਣੇ ਦਾ ਹੈ, ਜਿੱਥੇ ਕਰੀਬ 10 ਦਿਨ ਪਹਿਲਾਂ ਟ੍ਰਾਂਸਫਾਰਮਰ ਨੂੰ ਅੱਗ ਲੱਗਣ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਸੜ ਕੇ ਨੰਗੀਆਂ ਹੋ ਗਈਆਂ ਹਨ। ਇਸ ਦੇ ਬਾਵਜੂਦ ਹਾਲੇ ਤੱਕ ਸਬੰਧਤ ਵਿਭਾਗ ਵੱਲੋਂ ਇਨ੍ਹਾਂ ਤਾਰਾਂ ਨੂੰ ਬਦਲਣ ਜਾਂ ਸੁਰੱਖਿਅਤ ਕਰਨ ਲਈ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਢੋਲੇਵਾਲ ਸਰਵਿਸ ਲੇਨ ’ਤੇ ਚਾਹ ਦੀ ਦੁਕਾਨ ਚਲਾਉਣ ਵਾਲੇ ਅਜੇ ਕੁਮਾਰ ਪਾਂਡੇ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਬਿਜਲੀ ਦਾ ਟ੍ਰਾਂਸਫਾਰਮਰ ਲੱਗਾ ਹੋਇਆ ਹੈ। ਕਰੀਬ 10 ਦਿਨ ਪਹਿਲਾਂ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਟ੍ਰਾਂਸਫਾਰਮਰ ’ਚ ਅੱਗ ਲੱਗ ਗਈ ਸੀ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਵੱਲੋਂ ਇਸ ਦੀ ਸੂਚਨਾ ਬਿਜਲੀ ਵਿਭਾਗ ਨੂੰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਟ੍ਰਾਂਸਫਾਰਮਰ ਨਾਲ ਜੁੜੀਆਂ ਕੁਝ ਤਾਰਾਂ ਸੜ ਗਈਆਂ ਤੇ ਹੁਣ ਇਹ ਤਾਰਾਂ ਨੰਗੀਆਂ ਹੋ ਚੁੱਕੀਆਂ ਹਨ।
ਇਲਾਕੇ ’ਚ ਲੋਕਾਂ ਦੀ ਆਵਾਜਾਈ ਵੀ ਰਹਿੰਦੀ ਹੈ ਅਤੇ ਨੇੜੇ ਹੀ ਦੁਕਾਨਾਂ ਚੱਲ ਰਹੀਆਂ ਹਨ। ਅਜਿਹੇ ਵਿੱਚ ਨੰਗੀਆਂ ਬਿਜਲੀ ਦੀਆਂ ਤਾਰਾਂ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਸਥਾਨਕ ਲੋਕਾਂ ਅਨੁਸਾਰ ਘਟਨਾ ਨੂੰ ਕਰੀਬ 10 ਦਿਨ ਬੀਤ ਜਾਣ ਦੇ ਬਾਵਜੂਦ ਜੇਕਰ ਸੜੀਆਂ ਹੋਈਆਂ ਤਾਰਾਂ ਨੂੰ ਬਦਲਿਆ ਨਹੀਂ ਤਾਂ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਵਿਭਾਗ ਕਿਸੇ ਹਾਦਸੇ ਦੀ ਉਡੀਕ ਕਰ ਰਿਹਾ ਹੈ? ਲੋਕਾਂ ਨੇ ਮੰਗ ਕੀਤੀ ਹੈ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਮੌਕੇ ਦਾ ਤੁਰੰਤ ਜਾਇਜ਼ਾ ਲੈ ਕੇ ਨੰਗੀਆਂ ਤਾਰਾਂ ਨੂੰ ਬਦਲਣ ਤੇ ਸਥਾਨ ਨੂੰ ਸੁਰੱਖਿਅਤ ਬਣਾਉਣ ਲਈ ਕਾਰਵਾਈ ਕਰਨ। ਹੁਣ ਦੇਖਣਾ ਇਹ ਹੈ ਕਿ ਬਿਜਲੀ ਵਿਭਾਗ ਕਿਸੇ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਇਸ ਖਤਰੇ ਨੂੰ ਦੂਰ ਕਰਦਾ ਹੈ ਜਾਂ ਫਿਰ ਕਿਸੇ ਹਾਦਸੇ ਤੋਂ ਬਾਅਦ ਹੀ ਅਧਿਕਾਰੀਆਂ ਦੀ ਨੀਂਦ ਖੁੱਲ੍ਹਦੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।