- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
18 ਤੋਂ ਲੱਗੇਗਾ ਵੈਟਰਨਰੀ ਯੂਨੀਵਰਸਿਟੀ ਦਾ ‘ਪਸ਼ੂ ਪਾਲਣ ਮੇਲਾ’

-ਮੇਲੇ ਦਾ ਨਾਅਰਾ ‘ਮਜ਼ਬੂਤ ਜੈਵਿਕ ਸੁਰੱਖਿਆ, ਕਰੇ ਬਿਮਾਰੀਆਂ ਤੋਂ ਰੱਖਿਆ’
-ਅਗਾਂਹਵਧੂ ਕਿਸਾਨਾਂ ਦਾ ‘ਮੁੱਖ ਮੰਤਰੀ ਪੁਰਸਕਾਰ’ ਨਾਲ ਹੋਵੇਗਾ ਸਨਮਾਨ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 18 ਤੇ 19 ਸਤੰਬਰ ਨੂੰ ਦੋ ਦਿਨਾ ‘ਪਸ਼ੂ ਪਾਲਣ ਮੇਲਾ’ ਲਗਾਇਆ ਜਾਵੇਗਾ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਮੇਲੇ ਲਈ ਉਹ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਵੀ ਸੱਦਾ ਦਿੰਦੇ ਹਨ। ਇਸ ਵਾਰ ਦਾ ਮੇਲਾ ਜੈਵਿਕ ਸੁਰੱਖਿਆ ਦੀ ਜਾਗਰੂਕਤਾ ਨੂੰ ਸਮਰਪਿਤ ਹੋਵੇਗਾ ਇਸ ਲਈ ਮੇਲੇ ਦਾ ਨਾਅਰਾ ਰੱਖਿਆ ਗਿਆ ਹੈ ‘ਮਜ਼ਬੂਤ ਜੈਵਿਕ ਸੁਰੱਖਿਆ, ਕਰੇ ਬਿਮਾਰੀਆਂ ਤੋਂ ਰੱਖਿਆ’। ਪਸ਼ੂ ਪਾਲਕਾਂ ਨੂੰ ਜੈਵਿਕ ਸੁਰੱਖਿਆ ਦੇ ਵਿਭਿੰਨ ਨੁਕਤਿਆ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਸ਼ੂ ਬਿਮਾਰੀਆਂ ਤੋਂ ਬਚਣ ਦੇ ਉੁਪਰਾਲੇ ਦੱਸੇ ਜਾਣਗੇ। ਵਿਗਿਆਨਕ ਢੰਗ ਨਾਲ ਪਸ਼ੂ ਪਾਲਣ ਨੂੰ ਅਪਣਾਉਣ ਤੇ ਉਤਸ਼•ਾਹਿਤ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਤਿੰਨ ਸ਼੍ਰੇਣੀਆਂ ਦੇ ‘ਮੁੱਖ ਮੰਤਰੀ ਪੁਰਸਕਾਰ’ ਨਾਲ ਵੀ ਨਿਵਾਜਿਆ ਜਾਏਗਾ।
ਡਾ. ਰਵਿੰਦਰ ਸਿੰਘ ਗਰੇਵਾਲ, ਡਾਇਰੈਕਟਰ ਪਸਾਰ ਸਿੱਖਿਆ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਤੋਂ ਪਤਾ ਲੱਗਦਾ ਹੈ ਕਿ ਉਹ ਮੇਲਾ ਵੇਖਣ ਲਈ ਬਹੁਤ ਤਾਂਘਵਾਨ ਹਨ। ਮੇਲੇ ਵਿੱਚ ਯੂਨੀਵਰਸਿਟੀ ਵੱਲੋਂ ਵੈਟਰਨਰੀ ਤੇ ਪਸ਼ੂ ਵਿਗਿਆਨ, ਡੇਅਰੀ, ਪੋਲਟਰੀ, ਫਿਸ਼ਰੀਜ਼ ਸੰਬੰਧੀ ਤਕਨੀਕਾਂ ਦਾ ਪ੍ਰਦਰਸ਼ਨ ਹੋਵੇਗਾ ਅਤੇ ਕਿਸਾਨ-ਵਿਗਿਆਨੀ ਤਕਨੀਕੀ ਲੈਕਚਰਾਂ ਦੇ ਮੰਚ ’ਤੇ ਇਕੱਠੇ ਹੋਣਗੇ। ਸਵਾਲ-ਜਵਾਬ ਸੈਸ਼ਨ ਵੀ ਕਰਵਾਇਆ ਜਾਵੇਗਾ। ਯੂਨੀਵਰਸਿਟੀ ਦੇ ਉੱਤਮ ਨਸਲ ਦੇ ਪਸ਼ੂ, ਮੱਝਾਂ, ਬੱਕਰੀਆਂ, ਮੱਛੀਆਂ ਤੇ ਮੁਰਗੀਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸੰਪੂਰਨ ਸਾਹਿਤ ਤੇ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਉਪਲਬਧ ਹੋਵੇਗਾ। ਕਈ ਕਿਤਾਬਚੇ ਤੇ ਹੋਰ ਪ੍ਰਕਾਸ਼ਨਾਵਾਂ ਲੋਕ ਅਰਪਣ ਕੀਤੀਆਂ ਜਾਣਗੀਆਂ। ਪਸ਼ੂਆਂ ਦੀ ਨਸਲ ਨੂੰ ਬਿਹਤਰ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਦੁੱਧ ਤੇ ਦੁੱਧ ਉਤਪਾਦਾਂ ਦੀਆਂ ਵਸਤਾਂ ਸੰਬੰਧੀ ਮਸ਼ੀਨਰੀ, ਦਵਾਈਆਂ, ਟੀਕਿਆਂ, ਪਸ਼ੂ ਫੀਡ ਨਾਲ ਸੰਬੰਧਿਤ ਕੰਪਨੀਆਂ ਤੇ ਵਿਤੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੇਲੇ ਵਿਚ ਮੌਜੂਦ ਹੋਣਗੇ।
ਮੇਲੇ ਵਿੱਚ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਜਾਂਦੇ ਧਾਤਾਂ ਦੇ ਚੂਰੇ, ਪਸ਼ੂ ਚਾਟ, ਬਾਈਪਾਸ ਫੈਟ, ਪਰਾਲੀ ਨੂੰ ਯੂਰੀਏ ਨਾਲ ਸੋਧਣ ਸੰਬੰਧੀ ਦੱਸਿਆ ਜਾਏਗਾ। ਮੇਲੇ ’ਚ ਜਿੱਥੇ ਪਸ਼ੂ ਪਾਲਣ ਤੇ ਕਿਸਾਨੀ ਨਾਲ ਸੰਬੰਧਿਤ ਵੱਖੋ-ਵੱਖਰੇ ਵਿਭਾਗ ਹਿੱਸਾ ਲੈਣਗੇ, ਉੱਥੇ 100 ਤੋਂ ਵਧੇਰੇ ਕੰਪਨੀਆਂ ਆਪਣੀਆਂ ਦਵਾਈਆਂ, ਉਪਕਰਣ, ਮਸ਼ੀਨਰੀ ਅਤੇ ਪਸ਼ੂਆਂ ਨਾਲ ਸੰਬੰਧਿਤ ਸਹੂਲਤਾਂ ਬਾਰੇ ਸਟਾਲ ਲਗਾਉਣਗੇ। ਯੂਨੀਵਰਸਿਟੀ ਦੀ ਅਗਵਾਈ ਅਧੀਨ ਕੰਮ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੀ ਆਪਣੇ ਸਟਾਲ ਲਗਾਉਣਗੀਆਂ।