- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਗੁਰਮੀਤ ਸਿੰਘ ਪੰਜਾਬ ਯੂਨੀਵਰਸਿਟੀ ਸੈਨੇਟ ਲਈ ਚੁਣੇ ਗਏ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ, ਮਾਡਲ ਟਾਊਨ ਦੇ ਐਸੋਸੀਏਟ ਪ੍ਰੋਫੈਸਰ ਡਾ. ਗੁਰਮੀਤ ਸਿੰਘ ਨੂੰ ਤਕਨੀਕੀ ਤੇ ਪੇਸ਼ੇਵਰ ਕਾਲਜਾਂ ਦੇ ਚੋਣ ਹਲਕੇ (ਸਟਾਫ਼ ਸ੍ਰੈਣੀ) ਤੋਂ ਪੰਜਾਬ ਯੂਨੀਵਰਸਿਟੀ ਸੈਨੇਟ ਲਈ ਚੁਣਿਆ ਗਿਆ ਹੈ। ਪੰਜਾਬ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਚੋਣ ਨਤੀਜੇ ਜੋ ਚਾਂਸਲਰ ਦੀ ਮਨਜ਼ੂਰੀ ਦੇ ਅਧੀਨ ਹਨ। ਡਾ. ਗੁਰਮੀਤ ਸਿੰਘ ਨੇ 113 ਵੋਟਾਂ ਪ੍ਰਾਪਤ ਕੀਤੀਆਂ ਤੇ ਉਨ੍ਹਾਂ ਨੂੰ ਚੁਣਿਆ ਗਿਆ। ਸਟਾਫ਼ ਸ਼੍ਰੇਣੀ ਵਿੱਚ ਕੁੱਲ 515 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ 486 ਵੋਟਾਂ ਸਹੀ ਪਾਈਆਂ ਗਈਆਂ। ਇਹ ਚੋਣ ਪੰਜਾਬ ’ਵਰਸਿਟੀ ਸੈਨੇਟ ਦੇ ਪੁਨਰਗਠਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਸੈਨੇਟ ਯੂਨੀਵਰਸਿਟੀ ਦੀ ਸਰਵੋਚ ਸ਼ਾਸਕੀ ਸੰਸਥਾ ਹੈ, ਜੋ ਪ੍ਰਮੁੱਖ ਅਕਾਦਮਿਕ, ਪ੍ਰਸ਼ਾਸਨਿਕ, ਵਿੱਤੀ ਤੇ ਨੀਤੀਗਤ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਤੇ ਫ਼ੈਸਲੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਯੂਨੀਵਰਸਿਟੀ ਦੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਅਤੇ ਵਿਕਾਸ ਵਿੱਚ ਯੋਗਦਾਨ ਪਾਉਂਦੀ ਹੈ। ਡਾ. ਗੁਰਮੀਤ ਸਿੰਘ ਦੀ ਚੋਣ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਹ ਉਨ੍ਹਾਂ ਦੀ ਅਕਾਦਮਿਕ ਮੁਹਾਰਤ, ਪੇਸ਼ੇਵਰ ਵਚਨਬੱਧਤਾ, ਪ੍ਰਸ਼ਾਸਨਿਕ ਤਜਰਬੇ ਤੇ ਅਧਿਆਪਕ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪ੍ਰਤੀ ਪ੍ਰਗਟਾਏ ਭਰੋਸੇ ਨੂੰ ਦਰਸਾਉਂਦੀ ਹੈ। ਕਾਰਜਕਾਰੀ ਪ੍ਰਿੰਸੀਪਲ ਡਾ. ਤ੍ਰਿਪਤਾ, ਸਮੂਹ ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੇ ਡਾ. ਗੁਰਮੀਤ ਸਿੰਘ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਭਰੋਸਾ ਪ੍ਰਗਟਾਇਆ ਕਿ ਉਹ ਪੰਜਾਬ ਯੂਨੀਵਰਸਿਟੀ ਦੀ ਅਕਾਦਮਿਕ ਤਰੱਕੀ ਤੇ ਵਿਕਾਸ ਵਿੱਚ ਲਗਾਤਾਰ ਯੋਗਦਾਨ ਪਾਉਂਦੇ ਰਹਿਣਗੇ।