- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋੜਵੰਦਾਂ ਲਈ ਮਸੀਹਾ ਬਣੇ ਗੁਰਪ੍ਰੀਤ ਸੋਬਤੀ, ਪਿੰਡ ਵਾਸੀਆਂ ਨੇ ਕੀਤਾ ਸਨਮਾਨ

ਜਗਦੀਪ, ਪੰਜਾਬੀ ਜਾਗਰਣ, ਭਾਮੀਆਂ ਕਲਾਂ : ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਗੁੱਜਰਵਾਲ ਬੇਟ ਵਿਖੇ ਪਿੰਡ ਵਾਸੀਆਂ ਵੱਲੋਂ ਸਮਾਜ-ਸੇਵੀ ਗੁਰਪ੍ਰੀਤ ਸਿੰਘ ਸੋਬਤੀ ਦਾ ਸਨਮਾਨ ਕੀਤਾ। ਲੋੜਵੰਦ ਪਰਿਵਾਰਾਂ ਨੇ ਉਨ੍ਹਾਂ ਵੱਲੋਂ ਮੁਸ਼ਕਲ ਸਮੇਂ ਕੀਤੀ ਜਾਂਦੀ ਆਰਥਿਕ ਤੇ ਇਲਾਜ ਸਬੰਧੀ ਮਦਦ ਦੀ ਸ਼ਲਾਘਾ ਕੀਤੀ। ਪਿੰਡ ਵਾਸੀ ਕੁਸ਼ਲਿਆ ਅਨੁਸਾਰ ਉਸ ਦੇ ਬੱਚੇ ਦੇ ਇਲਾਜ ’ਤੇ ਕਰੀਬ 2 ਤੋਂ 3 ਲੱਖ ਰੁਪਏ ਦਾ ਖਰਚਾ ਆਉਣਾ ਸੀ, ਪਰ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਇਹ ਸੰਭਵ ਨਹੀਂ ਸੀ। ਇਸ ਮੁਸ਼ਕਲ ਸਮੇਂ ਗੁਰਪ੍ਰੀਤ ਸੋਬਤੀ ਨੇ ਇਲਾਜ ਦਾ ਖ਼ਰਚਾ ਚੁੱਕ ਕੇ ਪਰਿਵਾਰ ਦੀ ਮਦਦ ਕੀਤੀ। ਇਸੇ ਤਰ੍ਹਾਂ ਜਸਵਿੰਦਰ ਕੌਰ ਤੇ ਸਰਬਜੀਤ ਸਿੰਘ ਨੇ ਵੀ ਗੰਭੀਰ ਸਿਹਤ ਸਮੱਸਿਆਵਾਂ ਤੇ ਹਾਦਸੇ ਤੋਂ ਬਾਅਦ ਇਲਾਜ ਲਈ ਸੋਬਤੀ ਵੱਲੋਂ ਕੀਤੀ ਸਹਾਇਤਾ ਦਾ ਜ਼ਿਕਰ ਕੀਤਾ। ਪਿੰਡ ਕਾਲਸਾਂ ਦੇ ਸਰਪੰਚ ਗੁਰਦੇਵ ਸਿੰਘ ਬਿੱਟੂ ਨੇ ਕਿਹਾ ਕਿ ਗੁਰਪ੍ਰੀਤ ਸੋਬਤੀ ਸਿਰਫ਼ ਸਿਹਤ ਸਬੰਧੀ ਹੀ ਨਹੀਂ, ਸਗੋਂ ਲੋਕਾਂ ਦੇ ਸਰਕਾਰੀ ਦਫ਼ਤਰਾਂ ਨਾਲ ਜੁੜੇ ਕੰਮਾਂ ਵਿੱਚ ਵੀ ਬਿਨਾਂ ਕਿਸੇ ਨਿੱਜੀ ਸੁਆਰਥ ਦੇ ਸਹਿਯੋਗ ਕਰਦੇ ਹਨ। ਟ੍ਰਾਂਸਫਾਰਮਰ, ਐੱਨਓਸੀ, ਪੀਸੀਸੀ ਤੇ ਹੋਰ ਜਨਤਕ ਕੰਮਾਂ ਲਈ ਵੀ ਲੋਕ ਉਨ੍ਹਾਂ ਤੋਂ ਮਦਦ ਲੈਂਦੇ ਹਨ। ਇਸ ਮੌਕੇ ਗੁਰਦੇਵ ਸਿੰਘ ਬਿੱਟੂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਸੇਵਾ ਵੱਲ ਧਿਆਨ ਦੇਣ ਦੀ ਅਪੀਲ ਕੀਤੀ।
ਜਲਦ ਐਂਬੂਲੈਂਸ ਮੁਹੱਈਆ ਕਰਵਾਉਣ ਦਾ ਐਲਾਨ ਸਨਮਾਨ ਤੋਂ ਬਾਅਦ ਗੁਰਪ੍ਰੀਤ ਸਿੰਘ ਸੋਬਤੀ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਲਈ ਸ਼ੋਹਰਤ ਨਹੀਂ, ਸਗੋਂ ਮਨੁੱਖਤਾ ਪ੍ਰਤੀ ਜ਼ਿੰਮੇਵਾਰੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਆਪਣੇ ਪੱਧਰ ’ਤੇ ਫੰਡਾਂ ਦਾ ਪ੍ਰਬੰਧ ਕਰਕੇ ਪਿੰਡ ਲਈ ਐਂਬੂਲੈਂਸ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾਵੇਗਾ, ਤਾਂ ਜੋ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਹਸਪਤਾਲ ਲਿਜਾਣ ਵਿੱਚ ਆ ਰਹੀ ਆਰਥਿਕ ਮੁਸ਼ਕਲ ਘਟਾਈ ਜਾ ਸਕੇ।