- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਮੁੱਖ ਸ਼ਖਸੀਅਤਾਂ ਨੇ ਪੁਸਤਕ ਪੰਜਾਬ ਦੇ ਸੂਰਬੀਰ ਕੀਤੀ ਲੋਕ ਅਰਪਣ

ਸਿੱਖਿਆ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਖਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਦੇ ਪੋਸਟ ਗ੍ਰੇਜੂਏਟ ਪੰਜਾਬੀ ਤੇ ਇਤਿਹਾਸ ਵਿਭਾਗ ਵੱਲੋ ਸਾਕਾ ਸਾਰਾਗੜ੍ਹੀ ਫਾਊਡੇਸ਼ਨ ਦੇ ਨਿੱਘੇ ਸਹਿਯੋਗ ਨਾਲ ਪੰਜਾਬੀ ਪੁਸਤਕ ਪੰਜਾਬ ਦੇ ਸੂਰਬੀਰ ਲੋਕ ਅਰਪਣ ਕੀਤੀ ਗਈ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਪੰਜਾਬ ਦੇ ਸੂਰਬੀਰ ਤੇ ਅਣਖੀ ਯੋਧਿਆਂ ਦੀਆਂ ਲਾਸਾਨੀ ਕੁਰਬਾਨੀਆਂ 'ਤੇ ਉਨ੍ਹਾਂ ਦੇ ਵੱਲੋ ਵੱਖ ਵੱਖ ਜੰਗਾ ਤੇ ਯੁੱਧਾਂ ਅੰਦਰ ਦਿਖਾਈ ਗਈ ਸੂਰਬੀਰਤਾ ਤੇ ਬਹਾਦਰੀ ਨੂੰ ਮੁੱਖ ਰੱਖਦਿਆਂ ਹੋਇਆ ਭਾਰਤ ਸਰਕਾਰ ਵੱਲੋ ਭੇਟ ਕੀਤੇ ਵੱਖ-ਵੱਖ ਯਾਦਗਾਰੀ ਸਨਮਾਨਾਂ (ਮੈਡਲਾਂ) ’ਤੇ ਆਧਾਰਿਤ ਲੇਖਕ ਲੈਫਟੀਨੈਂਟ ਜਨਰਲ ਜੇਐਸ ਚੀਮਾ ਤੇ ਡਾ਼ ਕੰਵਲਪ੍ਰੀਤ ਕੌਰ ਵੱਲੋ ਸਾਂਝਾ ਉਪਰਾਲਾ ਕਰਦਿਆਂ ਇੰਗਲਿਸ਼ ਭਾਸ਼ਾ ’ਚ ਲਿਖੀ ਪੁਸਤਕ ਨੂੰ ਆਪਣੀ ਕਲਮ ਦੀ ਤਾਕਤ ਰਾਹੀਂ (ਪੰਜਾਬੀ ਭਾਸ਼ਾ ’ਚ ਅਨੁਵਾਦ ਕਰਕੇ) ਪੁਸਤਕ ਪੰਜਾਬ ਦੇ ਸੂਰਬੀਰ ਨੂੰ ਕਲਮਬੱਧ ਕਰਨ ਵਾਲੇ ਕਰਨਲ (ਰਿਟਾ.) ਬਲਬੀਰ ਸਿੰਘ ਸਰਾਂ ਨੇ ਇੱਕ ਨਵੇ ਇਤਿਹਾਸ ਦੀ ਸਿਰਜਣਾ ਕੀਤੀ ਹੈ।
ਇਸ ਦੌਰਾਨ ਸਾਕਾ ਸਾਰਾਗੜ੍ਹੀ ਫਾਊਡੇਸ਼ਨ ਦੇ ਪ੍ਰਮੁੱਖ ਰਣਜੀਤ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਪੰਜਾਬ ਦੇ ਫੌਜੀ ਅਫਸਰਾਂ ਤੇ ਜਵਾਨਾਂ ਵੱਲੋ ਪ੍ਰਾਪਤ ਕੀਤੇ ਵੱਖ ਵੱਖ ਬਹਾਦਰੀ ਮੈਡਲਾਂ ਦਾ ਸੰਖੇਪ ਰੂਪ ਵਿੱਚ ਲਿਖਿਆ ਗਿਆਨ ਭਰਪੂਰ ਦਸਤਾਵੇਜ਼ ਹੈ। ਸਮਾਗਮ ਦੌਰਾਨ ਪੁਸਤਕ ਦੇ ਮੂਲ ਲੇਖਕ ਲੈਫਟੀਨੈਂਟ ਜਨਰਲ ਜੇਐਸ ਚੀਮਾ, ਡਾ਼ ਕੰਵਲਪ੍ਰੀਤ ਕੌਰ ਤੇ ਪੁਸਤਕ ਪੰਜਾਬ ਦੇ ਸੂਰਬੀਰ ਦੇ ਅਨੁਵਾਦਕ ਕਰਨਲ (ਰਿਟਾ) ਬਲਬੀਰ ਸਿੰਘ ਸਰਾਂ ਨੇ ਉਕਤ ਪੁਸਤਕ ਦੀ ਲੇਖਣੀ, ਬਣਤਰ ਤੇ ਫੌਜੀ ਸਨਮਾਨਾਂ ਦੇ ਅਸਲ ਮੁੱਖ ਤੱਥਾਂ ਸਬੰਧੀ ਇਕੱਤਰ ਕੀਤੀ ਖੋਜ ਜਾਣਕਾਰੀ ਦੇ ਤਜਰਬਿਆਂ ਦੀ ਸਾਂਝ ਮਹਿਮਾਨ ਸ਼ਖਸੀਅਤਾਂ ਤੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਸਾਂਝੀ ਕੀਤੀ। ਸਮਾਗਮ ਦੀ ਕੁਆਰਡੀਨੇਟਰ ਡਾ. ਨਰਿੰਦਰਜੀਤ ਕੌਰ ਨੇ ਆਪਣੇ ਖੂਬਸੂਰਤ ਬੋਲਾਂ ਰਾਹੀ ਜਿੱਥੇ ਪੰਜਾਬੀ ਪੁਸਤਕ ਪੰਜਾਬ ਦੇ ਸੂਰਬੀਰ ਦੇ ਲੇਖਕ ਅਤੇ ਅਨੁਵਾਦਕ ਨੂੰ ਖਾਲਸਾ ਕਾਲਜ ਫਾਰ ਵਿਮੈਨ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸਾਕਾ ਸਾਰਾਗੜ੍ਹੀ ਫਾਊਡੇਸ਼ਨ ਦੇ ਰਣਜੀਤ ਸਿੰਘ ਖਾਲਸਾ, ਖ਼ਾਲਸਾ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਤੇ ਬ੍ਰਿਗੇਡੀਅਰ ਪੀਐੱਸ ਚੀਮਾ ਗਰੁੱਪ ਕਮਾਂਡਰ ਐੱਨਸੀਸੀ ਵੱਲੋਂ ਪੁਸਤਕ ਦੇ ਲੇਖਕਾਂ ਲੈਫਟੀਨੈਂਟ ਜਨਰਲ ਜੇਐਸ ਚੀਮਾ, ਡਾ਼. ਕੰਵਲਪ੍ਰੀਤ ਕੌਰ ਤੇ ਅਨੁਵਾਦਕ ਕਰਨਲ (ਰਿਟਾ) ਬਲਬੀਰ ਸਿੰਘ ਸਰਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।