- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਅਰਬਿੰਦੋ ਕਾਲਜ ਦੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੋਏ ਸਚਿਤ ਜੈਨ

ਸਟੀਵਨ ਗੁਪਤਾ, ਪੰਜਾਬੀ ਜਾਗਰਣ, ਲੁਧਿਆਣਾ : ਸ੍ਰੀ ਅਰਬਿੰਦੋ ਕਾਲਜ ਆਫ ਕਾਮਰਸ ਐਂਡ ਮੈਨੇਜਮੈਂਟ ਵਿਖੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨਾਲ ਵਿਦਿਆਰਥੀਆਂ ਦੀ ਰੂ-ਬ-ਰੂ ਗੱਲਬਾਤ ਕਰਵਾਈ ਗਈ। ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਬਿਨਾਂ ਕਿਸੇ ਝਿਜਕ ਦੇ ਆਪਣੇ ਮਨ ਵਿੱਚ ਉੱਠ ਰਹੇ ਸਵਾਲ ਜੈਨ ਸਾਹਮਣੇ ਰੱਖੇ ਤੇ ਉਨ੍ਹਾਂ ਤੋਂ ਨਿੱਜੀ ਜੀਵਨ, ਕਰੀਅਰ ਅਤੇ ਉਦਯੋਗ ਨਾਲ ਜੁੜੇ ਤਜਰਬਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਹ ਪ੍ਰੋਗਰਾਮ ਆਮ ਲੈਕਚਰਾਂ ਤੋਂ ਬਿਲਕੁਲ ਵੱਖਰੇ ਅੰਦਾਜ਼ ’ਚ ਕਰਵਾਇਆ। ਇੱਥੇ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਤੈਅ ਵਿਸ਼ਿਆਂ ਤੱਕ ਸੀਮਤ ਰਹਿਣ ਦੀ ਬਜਾਏ ਰੁਚੀ ਅਨੁਸਾਰ ਸਵਾਲ ਪੁੱਛਣ ਦਾ ਮੌਕਾ ਦਿੱਤਾ ਗਿਆ। ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਵਿਸ਼ਾਲ ਕੁਮਾਰ ਨੇ ਸਚਿਤ ਜੈਨ ਦਾ ਕੈਂਪਸ ’ਚ ਸਵਾਗਤ ਕੀਤਾ। ਇਸ ਤੋਂ ਬਾਅਦ ਹੋਏ ਇੰਟਰਐਕਟਿਵ ਸੈਸ਼ਨ ’ਚ ਵਿਦਿਆਰਥੀਆਂ ਨੇ ਜੈਨ ਦੇ ਕਰੀਅਰ ਦੀ ਸ਼ੁਰੂਆਤ, ਪੇਸ਼ੇਵਰ ਸਫ਼ਰ ਦੌਰਾਨ ਦਰਪੇਸ਼ ਮੁਸ਼ਕਲਾਂ, ਫ਼ੈਸਲੇ ਲੈਣ ਦੀ ਪ੍ਰਕਿਰਿਆ ਅਤੇ ਉਦਯੋਗਿਕ ਖੇਤਰ ’ਚ ਆ ਰਹੀਆਂ ਤਬਦੀਲੀਆਂ ਬਾਰੇ ਸਵਾਲ ਕੀਤੇ। ਵਿਦਿਆਰਥੀਆਂ ਦੀ ਦਿਲਚਸਪੀ ਦਾ ਇੱਕ ਵੱਡਾ ਕੇਂਦਰ ਭਾਰਤ ਦੇ ਸਪੈਸ਼ਲ ਸਟੀਲ ਉਦਯੋਗ ਦਾ ਭਵਿੱਖ ਵੀ ਰਿਹਾ। ਉਨ੍ਹਾਂ ਨੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ, ਉਦਯੋਗ ਦੇ ਸਾਹਮਣੇ ਮੌਜੂਦ ਚੁਣੌਤੀਆਂ ਤੇ ਭਵਿੱਖ ’ਚ ਇਸ ਖੇਤਰ ਵਿੱਚ ਮੌਜੂਦ ਸੰਭਾਵਨਾਵਾਂ ਬਾਰੇ ਜੈਨ ਦੀ ਰਾਇ ਜਾਣੀ। ਸਚਿਤ ਜੈਨ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਆਪਣੇ ਤਜਰਬਿਆਂ ਦੇ ਆਧਾਰ ’ਤੇ ਦਿੱਤੇ। ਉਨ੍ਹਾਂ ਨੇ ਕਿਤਾਬੀ ਗਿਆਨ ਦੀ ਬਜਾਏ ਉਦਯੋਗਿਕ ਤੇ ਪੇਸ਼ੇਵਰ ਜੀਵਨ ’ਚ ਅਸਲ ਸਥਿਤੀਆਂ ਨੂੰ ਉਦਾਹਰਨਾਂ ਰਾਹੀਂ ਸਮਝਾਇਆ। ਉਨ੍ਹਾਂ ਦੀ ਸਪੱਸ਼ਟ ਤੇ ਸਹਿਜ ਗੱਲਬਾਤ ਨੇ ਵਿਦਿਆਰਥੀਆਂ ਨੂੰ ਪੇਸ਼ੇਵਰ ਦੁਨੀਆ ਦੀਆਂ ਹਕੀਕਤਾਂ ਨੂੰ ਨੇੜਿਓਂ ਸਮਝਣ ਦਾ ਮੌਕਾ ਦਿੱਤਾ।