- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲਾਨਾ ਕਨਵੋਕੇਸ਼ਨ ਦੌਰਾਨ 100 ਐਮਬੀਬੀਐਸ ਡਾਕਟਰ-ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

-ਚੰਗਾ ਪ੍ਰਦਰਸ਼ਨ ਕਰਨ ਵਾਲੇ 14 ਜਣਿਆਂ ਨੂੰ ਪ੍ਰਦਾਨ ਕੀਤੇ ਮੈਡਲ
ਫੋਟੋ ਨੰਬਰ-45
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਡਾਕਟਰ- ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਲਈ ਸਲਾਨਾ ਕਨਵੋਕੇਸ਼ਨ ਕਰਵਾਈ ਗਈ। ਇਸ ਮੌਕੇ ਡਾ. ਕੇਆਰ. ਬਾਲਾਕ੍ਰਿਸ਼ਨਨ, ਚੇਅਰਮੈਨ, ਕਾਰਡੀਐਕ ਸਾਇੰਸਿਜ਼ ਅਤੇ ਡਾਇਰੈਕਟਰ, ਹਾਰਟ ਐਂਡ ਲੰਗ ਟ੍ਰਾਂਸਪਲਾਂਟ, ਐਮਜੀਐਮ ਹੈਲਥਕੇਅਰ ਚੇਨਈ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਡਾ. ਸੁਲੇਨਾ, ਪ੍ਰੋਫੈਸਰ ਅਤੇ ਮੁਖੀ, ਨਿਊਰੋਲੋਜੀ ਵਿਭਾਗ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਨੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਯੂਨੀਵਰਸਿਟੀ ਵਲੋਂ ਬਤੌਰ ’ਵਰਸਿਟੀ ਨੁਮਾਇੰਦਾ ਸ਼ਿਰਕਤ ਕੀਤੀ।ਇਸ ਮੌਕੇ ਡਾ: ਬਾਲਾਕ੍ਰਿਸ਼ਨਨ ਨੇ ਡਾਕਟਰ-ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਦਿਆਂ ਕਿਹਾ ਕਿ ਸਿੱਖਣ ਤੇ ਪੜ੍ਹਨ ਦੀ ਕੋਈ ਵੀ ਸੀਮਾ ਨਹੀਂ ਹੁੰਦੀ,ਇਸ ਲਈ ਹਰੇਕ ਵਿਅਕਤੀ ਨੂੰ ਆਪਣੀ ਸਾਰੀ ਜ਼ਿੰਦਗੀ ਦੌਰਾਨ ਕੁਝ ਨਾ ਕੁਝ ਨਵਾਂ ਸਿੱਖਣ ਤੇ ਚੰਗਾ ਪੜ੍ਹਨ ਦੀ ਆਦਤ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਸਮੇਂ ਦੇ ਹਾਣੀ ਬਣਕੇ ਚੱਲਿਆ ਜਾ ਸਕੇ।ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਜੋਰ ਦੇ ਕੇ ਕਿਹਾ ਕਿ ਉਹ ਡਾਕਟਰ ਬਣਨ ਕੇ ਸਮਾਜ ਵਿੱਚ ਜਾ ਰਹੇ ਹਨ, ਇਸ ਲਈ ਉਨ੍ਹਾਂ ਨੂੰ ਆਪਣਾ ਫਰਜ਼ ਨਿਭਾਉਂਦਿਆਂ ਬਿਨਾਂ ਕਿਸੇ ਭੇਦਭਾਵ ਤੋਂ ਹਰੇਕ ਮਰੀਜ਼ ਦਾ ਇਲਾਜ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ।ਇਸ ਮੌਕੇ ਕਾਲਜ/ਹਸਪਤਾਲ ਦੀ ਮੈਨੇਜਿੰਗ ਸੁਸਾਇਟੀ ਦੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ, ਸਕੱਤਰ ਬਿਪਨ ਗੁਪਤਾ, ਖ਼ਜ਼ਾਨਚੀ ਮੁਕੇਸ਼ ਵਰਮਾ, ਪ੍ਰਿੰਸੀਪਲ ਡਾ. ਜੀ. ਐੱਸ. ਵਾਂਡਰ, ਡੀਨ ਅਕੈਡਮਿਕਸ ਡਾ. ਸੰਦੀਪ ਕੌਸ਼ਲ, ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਕੇ. ਚੌਧਰੀ, ਡਾ. ਸੰਦੀਪ ਸ਼ਰਮਾ, ਚੀਫ਼ ਕਾਰਡੀਓਲੋਜਿਸਟ ਕਮ ਕੋਆਰਡੀਨੇਟਰ, ਡਾ. ਬਿਸ਼ਵ ਮੋਹਨ, ਡਾ. ਆਸ਼ੀਮਾ ਤਾਨੀਆ ਐਡੀਸ਼ਨਲ ਮੈਡੀਕਲ ਸੁਪਰਡੈਂਟ ਅਤੇ ਡਾ. ਸੁਰਜੂ ਰਲ੍ਹਣ , ਮੈਡੀਕਲ ਸੁਪਰਡੈਂਟ ਹੀਰੋ ਹਾਰਟ ਇੰਸਟੀਚਿਊਟ ਹਾਜ਼ਰ ਸਨ। ਇਸ ਮੌਕੇ ਡਾ. ਪੀ. ਐਲ. ਗੌਤਮ, ਪ੍ਰੋਫੈਸਰ ਅਤੇ ਮੁਖੀ, ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਅਤੇ ਡਾ. ਏਸ਼ਾਨੀ ਦਿਵਾਨ, ਐਸੋਸੀਏਟ ਪ੍ਰੋਫੈਸਰ, ਮਾਈਕ੍ਰੋਬਾਇਓਲੋਜੀ ਵਿਭਾਗ ਨੇ ਮੁੱਖ ਮਹਿਮਾਨ ਨਾਲ ਜਾਣ/ਪਛਾਣ ਕਰਵਾਉਂਦਿਆਂ ਡਾਕਟਰ ਬਣੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।ਸਕੱਤਰ ਬਿਪਿਨ ਗੁਪਤਾ ਨੇ ਮੁੱਖ ਮਹਿਮਾਨ, ਸਰੋਤਿਆਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਵਾਗਤ ਕਰਦਿਆਂ ਡਾਕਟਰ ਬਣੇ ਵਿਦਿਆਰਥੀਆਂ ਦੇ ਉਜਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂਅਤੇ ਮਰੀਜ਼ਾਂ ਦੀ ਦੇਖਭਾਲ ਦੇ ਖੇਤਰ ਵਿੱਚ ਆਪਣੀ ਯੋਗਤਾ ਸਾਬਤ ਕਰਕੇ ਮੈਡੀਕਲ ਕਾਲਜ/ਹਸਪਤਾਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ “ਸਭ ਤੋਂ ਪਹਿਲਾਂ ਇਕ ਚੰਗੇ ਮਨੁੱਖ ਬਣੋ ਤੇ ਉਸ ਤੋਂ ਬਾਅਦ ਇੱਕ ਚੰਗੇ ਡਾਕਟਰ ਬਣੋ।” ਇਸ ਮੌਕੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਤੌਰ ’ਤੇ ਕਾਮਯਾਬ ਹੋਣ ਦੀ ਬਜਾਏ ਇੱਕ ਚੰਗਾ ਇਨਸਾਨ ਬਣਨ ਲਈ ਯਤਨ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜਿਗਿਆਸੂ ਬਣੇ ਰਹੋ, ਲਗਾਤਾਰ ਸਿੱਖਦੇ ਰਹੋ ਤੇ ਆਪਣੇ ਵਿਕਾਸ ਨੂੰ ਕਦੇ ਨਾ ਰੋਕੋ। ਇਸ ਮੌਕੇ ਪ੍ਰਿੰਸੀਪਲ ਡਾ. ਜੀਐੱਸ. ਵਾਂਡਰ ਨੇ ਡਾਕਟਰ-ਵਿਦਿਆਰਥੀਆਂ ਦੀਆਂ ਉਪਲੱਬਧੀਆਂ ’ਤੇ ਮਾਣ ਪ੍ਰਗਟਾਇਆ ਤੇ ਕਾਲਜ ਦੀ ਤਰੱਕੀ ਰਿਪੋਰਟ’ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਮੈਡੀਕਲ ਕਾਲਜ ਨੇ ਡਾਕਟਰੀ ਸਿੱਖਿਆ ਤੇ ਡਾਕਟਰੀ ਇਲਾਜ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਹਨ।ਇਸ ਮੌਕੇ ਡੀਨ ਅਕੈਡਮਿਕਸ ਡਾ. ਸੰਦੀਪ ਕੌਸ਼ਲ ਨੇ ਵੀ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਬੈਚ 2020 ਵਿੱਚ ਐਮਬੀਬੀਐਸ ਵਿੱਚ ਦਾਖਲਾ ਹੋਏ ਆਪਣੀ ਪੜ੍ਹਾਈ ਪੂਰੀ ਕਰਕੇ ਡਾਕਟਰ ਦੀ ਡਿਗਰੀ ਪ੍ਰਾਪਤ ਕਰਨ ਵਾਲੇ 100 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ, ਜਦਕਿ ਚੰਗੀ ਕਾਰਗੁਜ਼ਾਰੀ ਪ੍ਰਦਸ਼ਿਤ ਕਰਨ ਵਾਲੇ 77 ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਵੱਡੀਆਂ ਮੱਲਾਂ ਮਾਰਨ ਵਾਲੇ 14 ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਡਾ. ਦਿਵਿਜ ਮੱਟਾ ਨੂੰ ਕਾਲਜ ਕਲਰ ਐਵਾਰਡ ਪ੍ਰਦਾਨ ਕੀਤਾ ਗਿਆ, ਜਦਕਿ ਖੇਡਾਂ ਦੇ ਖੇਤਰ ਵਿੱਚ ਡਾ. ਅਕਸ਼ੈ ਕੁਮਾਰ ਨੂੰ ਕਾਲਜ ਕਲਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਆਲ-ਰਾਊਂਡਰ ਐਵਾਰਡ ਡਾ. ਹਰਜਸ ਸਿੰਘ ਸਹੋਤਾ ਨੂੰ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਬੈਸਟ ਗ੍ਰੈਜੂਏਟ ਦਾ ਸਨਮਾਨ ਵੀ ਦਿੱਤਾ ਗਿਆ, ਜਦਕਿ ਸੈਕਿੰਡ ਬੈਸਟ ਗ੍ਰੈਜੂਏਟ ਦਾ ਸਨਮਾਨ ਡਾ. ਅਭੈ ਟਕਿਆਰ ਨੂੰ ਪ੍ਰਦਾਨ ਕੀਤਾ ਗਿਆ। ਕਨਵੋਕੇਸ਼ਨ ਦੇ ਅੰਤ ਵਿੱਚ ਡਾ. ਜਸਪ੍ਰਿਆ ਸੰਧੂ, ਐਸੋਸੀਏਟ ਪ੍ਰੋਫੈਸਰ, ਡਰਮੈਟੋਲੋਜੀ ਵਿਭਾਗ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਮਿਲਣ ਦਾ ਵਾਅਦਾ ਕੀਤਾ।