- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀ-ਕਾਰੋਬਾਰ ਨੂੰ ਮਜ਼ਬੂਤ ਕਰਨ ਹਿੱਤ ਮਾਹਿਰਾਂ ਤੋਂ ਹਾਸਲ ਕੀਤਾ ਮਾਰਗਦਰਸ਼ਨ

-ਪੀਏਯੂ ਦਾ ਦੌਰਾ ਕਰਨ ਪੁੱਜੇ ਰਾਜਸਥਾਨ ਦੇ ਅਗਾਂਹਵਧੂ ਖੇਤੀ ਉੱਦਮੀ ਨਵਦੀਪ ਸਿੰਘ ਤੇ ਸੁਖਵੀਰ ਸਿੰਘ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਰਾਜਸਥਾਨ ਦੇ ਇੱਕ ਪਿੰਡ ਨਾਲ ਸਬੰਧਤ ਅਗਾਂਹਵਧੂ ਖੇਤੀ ਉੱਦਮੀ ਨਵਦੀਪ ਸਿੰਘ ਅਤੇ ਸੁਖਵੀਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਅਤੇ ਨਿਧੀ-ਟੀਬੀਆਈ. ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਖੇਤੀ-ਕਾਰੋਬਾਰ ਨੂੰ ਹੋਰ ਮਜ਼ਬੂਤ ਕਰਨ, ਬ੍ਰਾਂਡ ਵਿਕਸਤ ਕਰਨ ਅਤੇ ਕਾਰੋਬਾਰ ਦੇ ਵਿਸਥਾਰ ਲਈ ਮਾਹਿਰਾਂ ਤੋਂ ਮਾਰਗਦਰਸ਼ਨ ਹਾਸਲ ਕੀਤਾ। ਸੁਖਵੀਰ ਸਿੰਘ ‘ਸੁਬੇਦਾਰ ਵੈਜ ਫਰੂਟ ਫਾਰਮ’ ਦੇ ਨਾਂ ਹੇਠ ਆਪਣਾ ਖੇਤੀ ਕਾਰੋਬਾਰ ਚਲਾ ਰਹੇ ਹਨ। ਉਹ ਖੇਤ ਵਿੱਚ ਸਬਜ਼ੀਆਂ ਅਤੇ ਮੌਸਮੀ ਫਲਾਂ ਦੀ ਕਾਸ਼ਤ ਕਰ ਕੇ ਉਨ੍ਹਾਂ ਦੀ ਵਿਕਰੀ ਕਰਦੇ ਹਨ। ਉਨ੍ਹਾਂ ਦੇ ਕਾਰੋਬਾਰ ਵਿੱਚ ਖ਼ਾਸ ਤੌਰ ’ਤੇ ਖਰਬੂਜ਼ਾ ਅਤੇ ਤਰਬੂਜ਼ ਸ਼ਾਮਲ ਹਨ।
ਇਸ ਤੋਂ ਇਲਾਵਾ ਉਹ ਕਿੰਨੂ ਦੇ ਬਾਗਾਂ ਦੀ ਕਾਸ਼ਤ ਵੀ ਕਰ ਰਹੇ ਹਨ। ਪਾਣੀ ਦੀ ਸੁਚੱਜੀ ਵਰਤੋਂ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੇ ਆਪਣੇ ਖੇਤ ਵਿੱਚ ਤੁਪਕਾ ਸਿੰਚਾਈ ਤਕਨਾਲੋਜੀ ਵੀ ਅਪਣਾਈ ਹੋਈ ਹੈ। ਦੂਜੇ ਪਾਸੇ ਨਵਦੀਪ ਸਿੰਘ ‘ਸਿੱਧੂ ਵੈਜ ਐਂਡ ਫਰੂਟ ਫਾਰਮ’ ਦੇ ਨਾਂ ਹੇਠ ਸਬਜ਼ੀਆਂ ਅਤੇ ਮੌਸਮੀ ਫਲਾਂ ਦੀ ਕਾਸ਼ਤ ਅਤੇ ਪ੍ਰਚੂਨ ਵਿਕਰੀ ਕਰ ਰਹੇ ਹਨ। ਖੇਤੀ ਅਤੇ ਵਿਕਰੀ ਦੇ ਨਾਲ-ਨਾਲ ਉਨ੍ਹਾਂ ਨੇ ਨਰਸਰੀ ਕਾਰੋਬਾਰ ਵਿੱਚ ਵੀ ਕਦਮ ਰੱਖਿਆ ਹੈ, ਜਿਸ ਤਹਿਤ ਉਹ ਕਿਸਾਨਾਂ ਲਈ ਪੌਦਿਆਂ ਦੀ ਪਨੀਰੀ ਤਿਆਰ ਕਰਕੇ ਉਨ੍ਹਾਂ ਨੂੰ ਮੁਹੱਈਆ ਕਰਵਾਉਂਦੇ ਹਨ। ਦੌਰੇ ਦੌਰਾਨ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਡਾਇਰੈਕਟਰ ਅਤੇ ਨਿਧੀ-ਟੀਬੀਆਈ. ਦੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਰਮਨਦੀਪ ਸਿੰਘ ਨੇ ਦੋਵੇਂ ਖੇਤੀ ਉੱਦਮੀਆਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨਾਲ ਖੇਤੀ-ਕਾਰੋਬਾਰ ਨੂੰ ਟਿਕਾਊ ਅਤੇ ਲਾਭਕਾਰੀ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਨਿਧੀ-ਟੀਬੀਆਈ ਦੀ ਟੀਮ ਵੱਲੋਂ ਸੀਈਓ.ਗੁਰਿੰਦਰ ਸਿੰਘ ਗਿੱਲ ਅਤੇ ਬੀਐਮ.ਸਮੀਰ ਗੌਤਮ ਨੇ ਦੋਵੇਂ ਉੱਦਮੀਆਂ ਦੀ ਨਿਧੀ-ਟੀਬੀਆਈ ਨਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਸਹਾਇਤਾ ਕੀਤੀ। ਉਨ੍ਹਾਂ ਨੇ ਦੋਵਾਂ ਨੂੰ ਪੀਏਯੂ. ਕਿਸਾਨ ਕਲੱਬ ਨਾਲ ਜੁੜਨ ਦੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ।
ਦੌਰੇ ਦੇ ਅੰਤ ਵਿੱਚ ਦੋਵੇਂ ਉੱਦਮੀਆਂ ਅਤੇ ਪੀਏਯੂ. ਦੇ ਮਾਹਿਰਾਂ ਵਿਚਕਾਰ ਖੇਤੀਬਾੜੀ, ਮਾਰਕੀਟਿੰਗ ਅਤੇ ਉਦਯੋਗਿਕ ਵਿਕਾਸ ਨਾਲ ਸਬੰਧਤ ਵਿਚਾਰਾਂ ਦਾ ਦਿਲਚਸਪ ਅਦਾਨ-ਪ੍ਰਦਾਨ ਹੋਇਆ। ਇਹ ਦੌਰਾ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਖੇਤੀ ਉੱਦਮੀਆਂ ਨੂੰ ਅਕਾਦਮਿਕ, ਕਾਰੋਬਾਰੀ ਅਤੇ ਇਨਕਿਊਬੇਸ਼ਨ ਪ੍ਰਣਾਲੀ ਨਾਲ ਜੋੜਨ ਵੱਲ ਇੱਕ ਸਾਰਥਕ ਕਦਮ ਸਾਬਤ ਹੋਇਆ।