ਮਾਲਕ ਦੀ ਤਸਵੀਰ ਲਾ ਕੇ ਮੁਲਾਜ਼ਮ ਤੋਂ ਠੱਗੇ ਸਨ 2.45 ਕਰੋੜ 3 ਦਾ ਬੌਟਮ-ਮਾਲਕ ਦੀ ਤਸਵੀਰ ਲਾ ਕੇ ਮੁਲਾਜ਼ਮ ਤੋਂ ਠੱਗੇ ਸਨ 2.45 ਕਰੋੜ
Publish Date: Thu, 10 Sep 2026 08:28 PM (IST)
Updated Date: Fri, 11 Sep 2026 04:11 AM (IST)
-ਸਾਈਬਰ ਠੱਗੀ ਮਾਮਲੇ ’ਚ ਦੂਜਾ ਮੁਲਜ਼ਮ ਵੀ ਕਾਬੂ, ਹੋਰਾਂ ਦੀ ਭਾਲ ਜਾਰੀ -ਪੀੜਤ ਨੂੰ ਵਾਪਸ ਕਰਵਾਏ 24 ਲੱਖ ਰੁਪਏ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਕਾਰੋਬਾਰੀ ਦੇ ਮੁਲਾਜ਼ਮ ਨੂੰ ਵਟਸਐਪ ’ਤੇ ਫਰਮ ਦੇ ਮਾਲਕ ਦੀ ਤਸਵੀਰ ਵਾਲੀ ਡੀਪੀ ਲਾ ਕੇ ਆਪਣਾ ਸ਼ਿਕਾਰ ਬਣਾਉਣ ਵਾਲੇ ਸਾਈਬਰ ਠੱਗਾਂ ਖ਼ਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਦੂਜੇ ਮੁਲਜ਼ਮ ਮਨਵਿੰਦਰ ਸਿੰਘ ਉਰਫ਼ ਮਨੀ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕਰ ਲਿਆ ਹੈ। ਠੱਗਾਂ ਨੇ ਖੁਦ ਨੂੰ ਫਰਮ ਦਾ ਮਾਲਕ ਦੱਸ ਕੇ ਜ਼ਰੂਰੀ ਕਾਰੋਬਾਰੀ ਕੰਮ ਦਾ ਹਵਾਲਾ ਦਿੱਤਾ ਤੇ ਮੁਲਾਜ਼ਮ ਕੋਲੋਂ ਕਰੀਬ 2 ਕਰੋੜ 45 ਲੱਖ ਰੁਪਏ ਵੱਖ-ਵੱਖ ਖਾਤਿਆਂ ’ਚ ਟਰਾਂਸਫਰ ਕਰਵਾ ਲਏ ਸਨ। ਪੁਲਿਸ ਹੁਣ ਤੱਕ ਕਰੀਬ 24 ਲੱਖ ਰੁਪਏ ਪੀੜਤ ਨੂੰ ਵਾਪਸ ਕਰਵਾ ਚੁੱਕੀ ਹੈ। ਇਸ ਮਾਮਲੇ ’ਚ ਪੁਲਿਸ ਨੇ ਮਨਵਿੰਦਰ ਤੋਂ ਪਹਿਲੋਂ ਵੀ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਸਾਈਬਰ ਠੱਗੀ ਦੀ ਇਹ ਵਾਰਦਾਤ ਕੁਝ ਸਮਾਂ ਪਹਿਲਾਂ ਵਾਪਰੀ ਸੀ। ਠੱਗਾਂ ਨੇ ਕਾਰੋਬਾਰੀ ਦੀ ਫਰਮ ਦੇ ਮੁਲਾਜ਼ਮ ਨੂੰ ਵਟਸਐਪ ਕਾਲ ਕੀਤੀ। ਕਾਲ ਕਰਨ ਵਾਲੇ ਵਿਅਕਤੀ ਨੇ ਵਟਸਐਪ ’ਤੇ ਫਰਮ ਦੇ ਮਾਲਕ ਦੀ ਤਸਵੀਰ ਡੀਪੀ ਵਜੋਂ ਲਗਾਈ ਹੋਈ ਸੀ। ਇਸ ਕਾਰਨ ਮੁਲਾਜ਼ਮ ਨੂੰ ਪੂਰਾ ਭਰੋਸਾ ਹੋ ਗਿਆ ਕਿ ਕਾਲ ਮਾਲਕ ਵੱਲੋਂ ਹੀ ਕੀਤੀ ਜਾ ਰਹੀ ਹੈ। ਠੱਗ ਨੇ ਖੁਦ ਨੂੰ ਮਾਲਕ ਦੱਸਦਿਆਂ ਕਿਹਾ ਕਿ ਉਸ ਨੂੰ ਇੱਕ ਬਹੁਤ ਜ਼ਰੂਰੀ ਕਾਰੋਬਾਰੀ ਕੰਮ ਲਈ ਤੁਰੰਤ ਪੈਸਿਆਂ ਦੀ ਲੋੜ ਹੈ। ਮਾਲਕ ਦੀ ਤਸਵੀਰ ਵਾਲੀ ਡੀਪੀ ਦੇਖ ਕੇ ਮੁਲਾਜ਼ਮ ਨੇ ਬਿਨਾਂ ਸ਼ੱਕ ਕੀਤੇ ਠੱਗਾਂ ਵੱਲੋਂ ਦੱਸੇ ਖਾਤਿਆਂ ਵਿੱਚ ਰਕਮ ਟਰਾਂਸਫਰ ਕਰ ਦਿੱਤੀ। ਪਰ ਕੁਝ ਸਮੇਂ ਬਾਅਦ ਜਦੋਂ ਉਸ ਨੇ ਅਸਲ ਮਾਲਕ ਨਾਲ ਸੰਪਰਕ ਕੀਤਾ ਤਾਂ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ। ਉਸ ਨੂੰ ਪਤਾ ਲੱਗਾ ਕਿ ਉਹ ਸਾਈਬਰ ਠੱਗਾਂ ਦੇ ਜਾਲ ਵਿੱਚ ਫਸ ਚੁੱਕਾ ਹੈ ਅਤੇ ਉਸ ਕੋਲੋਂ ਕਰੀਬ 2.45 ਕਰੋੜ ਰੁਪਏ ਦੀ ਰਕਮ ਧੋਖੇ ਨਾਲ ਟਰਾਂਸਫਰ ਕਰਵਾ ਲਈ ਗਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਕ੍ਰਾਈਮ ਦੇ ਇੰਚਾਰਜ ਸਤਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਪੈਸਿਆਂ ਦੇ ਲੈਣ-ਦੇਣ, ਬੈਂਕ ਖਾਤਿਆਂ ਅਤੇ ਡਿਜੀਟਲ ਸਬੂਤਾਂ ਦੀਆਂ ਕੜੀਆਂ ਜੋੜਦਿਆਂ ਮੁਲਜ਼ਮਾਂ ਤੱਕ ਪਹੁੰਚਣ ਲਈ ਕਾਰਵਾਈ ਕੀਤੀ। ਇਸ ਮਾਮਲੇ ਵਿੱਚ ਪਹਿਲਾਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਸੀ ਅਤੇ ਹੁਣ ਜਾਂਚ ਨੂੰ ਅੱਗੇ ਵਧਾਉਂਦਿਆਂ ਦੂਜੇ ਮੁਲਜ਼ਮ ਮਨਵਿੰਦਰ ਸਿੰਘ ਉਰਫ਼ ਮਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਐਸਆਈ ਹਰਿੰਦਰ ਪਾਲ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਕੀਤੀ ਕਾਰਵਾਈ ਦੌਰਾਨ ਮਨਵਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਮੁਲਜ਼ਮ ਨੇ ਠੱਗੀ ਦੀ ਰਕਮ ਆਪਣੇ ਖਾਤਿਆਂ ਵਿੱਚ ਪਵਾਉਣ ਵਿੱਚ ਭੂਮਿਕਾ ਨਿਭਾਈ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ। ਪੁਲਿਸ ਹੁਣ ਰਿਮਾਂਡ ਦੌਰਾਨ ਮੁਲਜ਼ਮ ਤੋਂ ਉਸ ਦੇ ਹੋਰ ਸਾਥੀਆਂ ਤੇ ਠੱਗੀ ਦੀ ਰਕਮ ਦੇ ਲੈਣ-ਦੇਣ ਸਬੰਧੀ ਪੁੱਛਗਿੱਛ ਕਰ ਰਹੀ ਹੈ। ਪੁਲਿਸ ਵੱਲੋਂ ਮਾਮਲੇ ਨਾਲ ਜੁੜੇ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਠੱਗੀ ਵਿੱਚ ਵਰਤੇ ਗਏ ਡਿਜੀਟਲ ਸਾਧਨਾਂ ਤੇ ਬੈਂਕ ਖਾਤਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਹੁਣ ਤੱਕ ਕਰੀਬ 24 ਲੱਖ ਰੁਪਏ ਪੀੜਤ ਨੂੰ ਵਾਪਸ ਕਰਵਾਏ ਹਨ। ਪੁਲਿਸ ਨੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਵ੍ਹਟਸਐਪ ’ਤੇ ਕਿਸੇ ਵਿਅਕਤੀ ਦੀ ਤਸਵੀਰ ਵਾਲੀ ਡੀਪੀ ਦੇਖ ਕੇ ਉਸ ’ਤੇ ਤੁਰੰਤ ਭਰੋਸਾ ਨਾ ਕਰਨ। ਪੈਸੇ ਟਰਾਂਸਫਰ ਕਰਨ ਤੋਂ ਪਹਿਲਾਂ ਸਬੰਧਤ ਵਿਅਕਤੀ ਨਾਲ ਕਿਸੇ ਹੋਰ ਮਾਧਿਅਮ ਰਾਹੀਂ ਪੁਸ਼ਟੀ ਜ਼ਰੂਰ ਕਰਨ। ਸਾਈਬਰ ਠੱਗੀ ਦੀ ਸੂਰਤ ’ਚ ਤੁਰੰਤ 1930 ’ਤੇ ਸੰਪਰਕ ਕਰਨ ਦੀ ਅਪੀਲ ਵੀ ਕੀਤੀ।