ਚੰਡੀਗੜ੍ਹ ਰੋਡ ’ਤੇ ਰੇਹੜੀਆਂ ਦਾ ਕਬਜ਼ਾ ਦੇ ਰਿਹੈ ਹਾਦਸਿਆਂ ਨੂੰ ਸੱਦਾ ਚੰਡੀਗੜ੍ਹ ਰੋਡ ’ਤੇ ਰੇਹੜੀਆਂ ਦਾ ਕਬਜ਼ਾ ਹਾਦਸਿਆਂ ਨੂੰ ਸੱਦਾ
Publish Date: Thu, 10 Sep 2026 08:12 PM (IST)
Updated Date: Fri, 11 Sep 2026 04:11 AM (IST)
-ਬ੍ਰੇਲ ਭਵਨ ਨੇੜੇ ਸੜਕ ਦੀ ਚਿੱਟੀ ਪੱਟੀ ਤੱਕ ਲੱਗੀਆਂ ਫੜ੍ਹੀਆਂ, ਵਾਹਨਾਂ ਕਾਰਨ ਲੱਗਦੈ ਜਾਮ ਜਗਦੀਪ, ਪੰਜਾਬੀ ਜਾਗਰਣ, ਭਾਮੀਆਂ ਕਲਾਂ ਚੰਡੀਗੜ੍ਹ ਰੋਡ ’ਤੇ ਬ੍ਰੇਲ ਭਵਨ ਨੇੜੇ ਸੜਕ ਕੰਢੇ ਲੱਗੀਆਂ ਰੇਹੜੀਆਂ-ਫੜ੍ਹੀਆਂ ਕਾਰਨ ਆਵਾਜਾਈ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਸੜਕ ਦੀ ਚਿੱਟੀ ਪੱਟੀ ਤੱਕ ਰੇਹੜੀਆਂ ਲੱਗੀਆਂ ਹੋਣ ਕਾਰਨ ਵਾਹਨਾਂ ਲਈ ਸੜਕ ਦਾ ਹਿੱਸਾ ਸੁੰਗੜ ਗਿਆ ਹੈ, ਜਦਕਿ ਰੇਹੜੀਆਂ ਤੋਂ ਸਾਮਾਨ ਖ਼ਰੀਦਣ ਆਉਣ ਵਾਲੇ ਲੋਕਾਂ ਵੱਲੋਂ ਵਾਹਨ ਸੜਕ ’ਤੇ ਹੀ ਖੜ੍ਹੇ ਕਰ ਦਿੱਤੇ ਜਾਣ ਨਾਲ ਹਾਦਸੇ ਦਾ ਖ਼ਤਰਾ ਵੀ ਵਧ ਰਿਹਾ ਹੈ। ਚੰਡੀਗੜ੍ਹ ਰੋਡ ਪਹਿਲਾਂ ਹੀ ਦਿਨ ਭਰ ਭਾਰੀ ਆਵਾਜਾਈ ਵਾਲਾ ਮਾਰਗ ਹੈ। ਅਜਿਹੇ ’ਚ ਸੜਕ ਕੰਢੇ ’ਤੇ ਵੱਡੀ ਗਿਣਤੀ ਵਿੱਚ ਰੇਹੜੀਆਂ-ਫੜ੍ਹੀਆਂ ਲੱਗਣ ਅਤੇ ਉਨ੍ਹਾਂ ਦੇ ਆਲੇ-ਦੁਆਲੇ ਗਾਹਕਾਂ ਦੀ ਭੀੜ ਇਕੱਠੀ ਹੋਣ ਕਾਰਨ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਵਾਹਨ ਚਾਲਕਾਂ ਨੂੰ ਇੱਥੋਂ ਲੰਘਦਿਆਂ ਹਰ ਸਮੇਂ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। -ਬਾਕਸ- -ਪਹਿਲਾਂ ਹਟਾਏ ਕਬਜ਼ੇ, ਮੁੜ ਕਿਸ ਦੀ ਸ਼ਹਿ ’ਤੇ ਲੱਗੀਆਂ ਰੇਹੜੀਆਂ : ਲੋਕ ਇਲਾਕਾ ਵਾਸੀਆਂ ਮੁਤਾਬਕ ਇਸ ਸਥਾਨ ’ਤੇ ਪਹਿਲਾਂ ਵੀ ਰੇਹੜੀਆਂ-ਫੜ੍ਹੀਆਂ ਕਾਰਨ ਕਬਜ਼ੇ ਦੀ ਸਮੱਸਿਆ ਪੈਦਾ ਹੋਈ ਸੀ। ਉਸ ਸਮੇਂ ਨਿਗਮ ਵੱਲੋਂ ਕਾਰਵਾਈ ਕਰਕੇ ਰੇਹੜੀਆਂ ਹਟਵਾਈਆਂ ਗਈਆਂ ਸਨ, ਪਰ ਹੁਣ ਕੁਝ ਸਮੇਂ ਬਾਅਦ ਮੁੜ ਵੱਡੀ ਗਿਣਤੀ ’ਚ ਰੇਹੜੀਆਂ ਲੱਗ ਗਈਆਂ ਹਨ। ਲੋਕਾਂ ਨੇ ਸਵਾਲ ਉਠਾਇਆ ਕਿ ਜਦੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕਬਜ਼ੇ ਹਟਾਏ ਜਾ ਚੁੱਕੇ ਹਨ ਤਾਂ ਮੁੜ ਇਹ ਰੇਹੜੀਆਂ ਸੜਕ ਤੱਕ ਕਿਵੇਂ ਪਹੁੰਚ ਗਈਆਂ? ਉਨ੍ਹਾਂ ਮੰਗ ਕੀਤੀ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਸੜਕ ਦੀ ਹੱਦ ਤੱਕ ਰੇਹੜੀਆਂ ਲਗਾਉਣ ਦੀ ਇਜਾਜ਼ਤ ਕਿਸ ਵੱਲੋਂ ਦਿੱਤੀ ਗਈ ਹੈ ਜਾਂ ਇਨ੍ਹਾਂ ਨੂੰ ਰੋਕਣ ਲਈ ਨਿਗਮ ਵੱਲੋਂ ਲਗਾਤਾਰ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। -ਬਾਕਸ- -ਨਿਗਮ ਨੂੰ ਦਿੰਦੇ ਹਾਂ 3 ਹਜ਼ਾਰ ਰੁਪਏ ਮਹੀਨਾ : ਰੇਹੜੀ ਵਾਲੇ ਦੂਜੇ ਪਾਸੇ ਕੁਝ ਰੇਹੜੀ-ਫੜ੍ਹੀ ਵਾਲਿਆਂ ਨੇ ਦਾਅਵਾ ਕੀਤਾ ਕਿ ਉਹ ਨਗਰ ਨਿਗਮ ਨੂੰ ਪ੍ਰਤੀ ਰੇਹੜੀ 3 ਹਜ਼ਾਰ ਰੁਪਏ ਮਹੀਨਾ ਪਰਚੀ ਦੇ ਰੂਪ ਵਿੱਚ ਅਦਾ ਕਰਦੇ ਹਨ। ਉਨ੍ਹਾਂ ਅਨੁਸਾਰ ਜਦੋਂ ਉਹ ਨਿਗਮ ਨੂੰ ਫੀਸ ਅਦਾ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਇੱਥੇ ਰੇਹੜੀ ਲਗਾਉਣ ਤੋਂ ਕਿਉਂ ਰੋਕਿਆ ਜਾਵੇ। ਹਾਲਾਂਕਿ ਰੇਹੜੀ ਵਾਲਿਆਂ ਵੱਲੋਂ ਕੀਤੇ ਇਸ ਦਾਅਵੇ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਜੇਕਰ ਨਿਗਮ ਵੱਲੋਂ ਕੋਈ ਫੀਸ ਵਸੂਲੀ ਜਾਂਦੀ ਹੈ ਤਾਂ ਉਸ ਤਹਿਤ ਰੇਹੜੀਆਂ ਲਗਾਉਣ ਲਈ ਨਿਰਧਾਰਤ ਥਾਂ ਅਤੇ ਨਿਯਮ ਕੀ ਹਨ। -ਬਾਕਸ- -ਨੇਤਰਹੀਣ ਬੱਚਿਆਂ ਦੇ ਭਵਨ ਬਾਹਰ ਵੀ ਵਿਵਸਥਾ ’ਤੇ ਸਵਾਲ ਬ੍ਰੇਲ ਭਵਨ ਵਿੱਚ ਨੇਤਰਹੀਣ ਬੱਚੇ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਲਈ ਆਉਂਦੇ ਹਨ। ਅਜਿਹੇ ਸੰਸਥਾਨ ਦੇ ਬਾਹਰ ਹੀ ਸੜਕ ਕਿਨਾਰੇ ਰੇਹੜੀਆਂ ਦੀ ਭੀੜ ਅਤੇ ਵਾਹਨਾਂ ਦੀ ਬੇਤਰਤੀਬ ਪਾਰਕਿੰਗ ਹੋਣਾ ਵਿਵਸਥਾ ’ਤੇ ਸਵਾਲ ਖੜ੍ਹੇ ਕਰਦਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਕਿਸੇ ਹਾਦਸੇ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਪ੍ਰਸ਼ਾਸਨ ਨੂੰ ਪਹਿਲਾਂ ਹੀ ਸਥਿਤੀ ਨੂੰ ਸੰਭਾਲਣਾ ਚਾਹੀਦਾ ਹੈ। ਉਨ੍ਹਾਂ ਨਿਗਮ ਤੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਕਿ ਬ੍ਰੇਲ ਭਵਨ ਨੇੜੇ ਸੜਕ ਦੀ ਹੱਦ ਦਾ ਜਾਇਜ਼ਾ ਲੈ ਕੇ ਆਵਾਜਾਈ ’ਚ ਰੁਕਾਵਟ ਬਣ ਰਹੀਆਂ ਰੇਹੜੀਆਂ-ਫੜ੍ਹੀਆਂ ਨੂੰ ਨਿਯਮਾਂ ਅਨੁਸਾਰ ਹਟਾਇਆ ਜਾਵੇ ਅਤੇ ਵਾਹਨਾਂ ਦੀ ਪਾਰਕਿੰਗ ਲਈ ਵੀ ਢੁੱਕਵੀਂ ਵਿਵਸਥਾ ਕੀਤੀ ਜਾਵੇ। ਇਸ ਸਬੰਧੀ ਜਦੋਂ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।