- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਲੀਡ-ਗੱਡੀ ਤੇ ਲਾਲ ਬੱਤੀ ਲਾ ਕੇ ਬਣਦੇ ਸਨ ਵੱਡੇ ਅਧਿਕਾਰੀ

-ਗੱਡੀ ’ਤੇ ਲਾਲ ਬੱਤੀ ਲਾ ਕੇ ਲੋਕਾਂ ਨਾਲ ਕਰਦੇ ਸਨ ਧੋਖਾਧੜੀ, ਦੋ ਗੱਡੀਆਂ ਤੇ ਲਾਲ ਬੱਤੀ ਬਰਾਮਦ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਗੱਡੀ ’ਤੇ ਲਾਲ ਬੱਤੀ ਲਾ ਕੇ ਖੁਦ ਨੂੰ ਵੱਡੇ ਅਧਿਕਾਰੀ ਦੱਸ ਕੇ ਫਿਰ ਇਸੇ ਫ਼ਰਜ਼ੀ ਰੁਤਬੇ ਦੀ ਆੜ ’ਚ ਆਮ ਲੋਕਾਂ ਨੂੰ ਝਾਂਸੇ ’ਚ ਲੈ ਕੇ ਧੋਖਾਧੜੀ ਕਰਨ ਦੀ ਖੇਡ ਰਚਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲਾਲ ਬੱਤੀ ਲੱਗੀ ਫਾਰਚੂਨਰ ਤੇ ਥਾਰ ਗੱਡੀ ਵੀ ਬਰਾਮਦ ਕੀਤੀ ਹੈ। ਮਾਮਲੇ ’ਚ ਨਾਮਜ਼ਦ ਤਿੰਨ ਹੋਰ ਮੁਲਜ਼ਮ ਪੁਲਿਸ ਦੀ ਪਕੜ ਤੋਂ ਬਾਹਰ ਹਨ। ਜਾਂਚ ਅਧਿਕਾਰੀ ਹਰ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ’ਚ ਗਸ਼ਤ ਕਰ ਰਹੀ ਸੀ।
ਇਸੇ ਦੌਰਾਨ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਕੁੱਝ ਵਿਅਕਤੀ ਆਪਸ ਵਿੱਚ ਮਿਲ ਕੇ ਆਮ ਲੋਕਾਂ ਨਾਲ ਧੋਖਾਧੜੀ ਕਰਦੇ ਹਨ। ਮੁਲਜ਼ਮ ਆਪਣੀ ਅਸਲ ਪਛਾਣ ਲੁਕਾ ਕੇ ਖੁਦ ਨੂੰ ਵੱਡੇ ਅਧਿਕਾਰੀ ਦੱਸਦੇ ਅਤੇ ਗੱਡੀ ’ਤੇ ਲਾਲ ਬੱਤੀ ਲਗਾ ਕੇ ਆਪਣਾ ਰੁਤਬਾ ਦਿਖਾਉਂਦੇ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਵੈਡਿੰਗ ਵਿਲਾ ਨੇੜੇ ਕੀਜ਼ ਹੋਟਲ, ਪੱਖੋਵਾਲ ਰੋਡ ਕੋਲ ਕਾਰਵਾਈ ਕਰਦਿਆਂ ਹਰਪ੍ਰੀਤ ਸਿੰਘ ਵਾਸੀ ਧੋਥੜ ਬੇਟ ਅਤੇ ਗੁਲਸ਼ਨ ਸਿੰਘ ਵਾਸੀ ਸੁਭਾਸ਼ ਨਗਰ ਨੂੰ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਪੁਲਿਸ ਨੇ ਫਾਰਚੂਨਰ ਗੱਡੀ ਬਰਾਮਦ ਕੀਤੀ, ਜਿਸ ’ਤੇ ਫਰਜ਼ੀ ਲਾਲ ਬੱਤੀ ਲੱਗੀ ਹੋਈ ਸੀ। ਇਸ ਤੋਂ ਇਲਾਵਾ ਥਾਰ ਗੱਡੀ ਵੀ ਬਰਾਮਦ ਹੋਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਇਕੱਲੇ ਨਹੀਂ ਸਨ, ਸਗੋਂ ਇਸ ਪੂਰੇ ਕੰਮ ਵਿੱਚ ਹੋਰ ਵਿਅਕਤੀ ਵੀ ਸ਼ਾਮਲ ਸਨ। ਪੁਲਿਸ ਨੇ ਅਰਸ਼ਦੀਪ ਸਿੰਘ ਵਾਸੀ ਖੰਨਾ, ਦਵਿੰਦਰ ਮਾਂਗਟ ਵਾਸੀ ਬੇਗੋਵਾਲ ਦੋਰਾਹਾ ਅਤੇ ਮੋਹਨ ਸਿੰਘ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਇਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਫ਼ਰਜ਼ੀ ਲਾਲ ਬੱਤੀ ਅਤੇ ਅਧਿਕਾਰੀ ਵਾਲਾ ਰੁਤਬਾ ਦਿਖਾ ਕੇ ਮੁਲਜ਼ਮਾਂ ਨੇ ਕਿੰਨੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਇਆ। ਇਸ ਦੇ ਨਾਲ ਹੀ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਧੋਖਾਧੜੀ ਦੇ ਇਸ ਖੇਡ ਵਿੱਚ ਮੁਲਜ਼ਮਾਂ ਨੇ ਕਿੰਨੀ ਰਕਮ ਬਟੋਰੀ ਹੈ ਅਤੇ ਇਸ ਗਿਰੋਹ ਦੀਆਂ ਸਰਗਰਮੀਆਂ ਕਿੰਨੇ ਸਮੇਂ ਤੋਂ ਚੱਲ ਰਹੀਆਂ ਸਨ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਜਾਂਚ ਅਧਿਕਾਰੀ ਹਰਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੋਵਾਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਰਿਮਾਂਡ ਦੇ ਦੌਰਾਨ ਪੁੱਛਗਿਛ ਕਰਕੇ ਮੁਲਜ਼ਮਾਂ ਕੋਲੋਂ ਹੋਰ ਜਾਣਕਾਰੀਆਂ ਹਾਸਲ ਕੀਤੀਆਂ ਜਾਣਗੀਆਂ।