- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ:ਕ੍ਰਿਸ਼ਨਾ ਨਗਰ ’ਚ ਧਸੀ ਸੜਕ, ਵੱਡਾ ਹਾਦਸਾ ਟਲਿਆ

-ਸੀਵਰੇਜ ਦੀ ਲੀਕੇਜ ਨਾਲ ਹੇਠਾਂ ਤੋਂ ਖੋਖਲੀ ਹੋਈ ਸੜਕ
-ਟਰਾਲੀ ਲੰਘਦਿਆਂ ਧੱਸਿਆ ਹਿੱਸਾ, ਮੌਕੇ ’ਤੇ ਪੁੱਜੀ ਨਿਗਮ ਦੀ ਟੀਮ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਸ਼ਹਿਰ ਵਿੱਚ ਸੜਕਾਂ ਅਤੇ ਸੀਵਰੇਜ ਪ੍ਰਬੰਧਾਂ ਦੀ ਮਾੜੀ ਹਾਲਤ ਨੂੰ ਲੈ ਕੇ ਨਗਰ ਨਿਗਮ ਅਕਸਰ ਚਰਚਾ ਵਿੱਚ ਘਿਰਿਆ ਰਹਿੰਦਾ ਹੈ। ਇਸੇ ਦਰਮਿਆਨ ਵਾਰਡ ਨੰਬਰ 61 ਦੇ ਕ੍ਰਿਸ਼ਨਾ ਨਗਰ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਇਕ ਟਰਾਲੀ ਲੰਘਦਿਆਂ ਅਚਾਨਕ ਸੜਕ ਦਾ ਇੱਕ ਹਿੱਸਾ ਧੱਸ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਸਥਾਨਕ ਲੋਕਾਂ ਨੇ ਤੁਰੰਤ ਨਗਰ ਨਿਗਮ ਨੂੰ ਸੂਚਿਤ ਕੀਤਾ, ਜਿਸ ’ਤੇ ਨਿਗਮ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਸੜਕ ਨੂੰ ਸੁਰੱਖਿਅਤ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਸਵੇਰੇ ਕਰੀਬ 8 ਵਜੇ ਇੱਕ ਟਰਾਲੀ ਕ੍ਰਿਸ਼ਨਾ ਨਗਰ ਦੀ ਸੜਕ ਤੋਂ ਲੰਘ ਰਹੀ ਸੀ। ਟਰਾਲੀ ਦੇ ਲੰਘਦਿਆਂ ਹੀ ਸੜਕ ਦਾ ਇੱਕ ਹਿੱਸਾ ਅਚਾਨਕ ਹੇਠਾਂ ਧਸ ਗਿਆ। ਗਨੀਮਤ ਰਹੀ ਕਿ ਇਸ ਦੌਰਾਨ ਕੋਈ ਵਿਅਕਤੀ ਜਾਂ ਵਾਹਨ ਵੱਡੇ ਹਾਦਸੇ ਦੀ ਲਪੇਟ ਵਿੱਚ ਨਹੀਂ ਆਇਆ। ਵਾਰਡ ਨੰਬਰ 61 ਦੇ ਕੌਂਸਲਰ ਦੇ ਪਤੀ ਇੰਦਰਜੀਤ ਸਿੰਘ ਇੰਦੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।
ਇਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਧਸੀ ਹੋਈ ਸੜਕ ਦੀ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਜਾਂਚ ਤੇ ਖੁਦਾਈ ਦੌਰਾਨ ਸਾਹਮਣੇ ਆਇਆ ਕਿ ਰੋਡ ਜਾਲੀ ਦੀ ਪਾਈਪ ਵਿੱਚ ਲੀਕੇਜ ਨਾਲ ਪਾਣੀ ਲਗਾਤਾਰ ਸੜਕ ਦੇ ਹੇਠਾਂ ਜਾਂਦਾ ਰਿਹਾ। ਇਸ ਕਾਰਨ ਸੜਕ ਹੇਠਲੀ ਮਿੱਟੀ ਖੁਰਦੀ ਗਈ ਅਤੇ ਅੰਦਰੋਂ ਵੱਡਾ ਹਿੱਸਾ ਖੋਖਲਾ ਹੋ ਗਿਆ। ਇਸੇ ਕਾਰਨ ਟਰਾਲੀ ਦਾ ਭਾਰ ਪੈਂਦਿਆਂ ਸੜਕ ਦਾ ਉਪਰਲਾ ਹਿੱਸਾ ਧਸ ਗਿਆ। ਇਸ ਸਬੰਧੀ ਇੰਦਰਜੀਤ ਸਿੰਘ ਇੰਦੀ ਨੇ ਕਿਹਾ ਕਿ ਨਗਰ ਨਿਗਮ ਦੀ ਟੀਮ ਨੇ ਸਮੇਂ ਸਿਰ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਸੰਭਾਲ ਲਿਆ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੁੰਦੀ, ਤਾਂ ਸੜਕ ਹੇਠਾਂ ਬਣਿਆ ਖੋਖਲਾ ਹਿੱਸਾ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਸੀ।