- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-700 ਕਰੋੜ ਦਾ ਰਿਫੰਡ ਫਸਿਆ, ਟੈਕਸ ਬਾਰਾਂ ਨੇ ਸਰਕਾਰ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟਮ

-700 ਕਰੋੜ ਦਾ ਰਿਫੰਡ ਫਸਿਆ, ਟੈਕਸ ਬਾਰਾਂ ਵੱਲੋਂ ਸਰਕਾਰ ਨੂੰ 15 ਦਿਨ ਦੀ ਚਿਤਾਵਨੀ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ’ਚ 700 ਕਰੋੜ ਰੁਪਏ ਤੋਂ ਵੱਧ ਦੇ ਜੀਐੱਸਟੀ ਰਿਫੰਡ ਬਕਾਇਆ ਹੋਣ ਸਬੰਧੀ ਟੈਕਸ ਬਾਰ ਐਸੋਸੀਏਸ਼ਨ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਟੈਕਸ ਬਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਨਿਲ ਸਰੀਨ ਨੇ ਸਰਕਾਰ ਨੂੰ 15 ਦਿਨ ਦੀ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਿਆਦ ’ਚ ਬਕਾਇਆ ਰਿਫੰਡ ਜਾਰੀ ਨਾ ਕੀਤੇ ਤਾਂ ਪੰਜਾਬ ਦੀਆਂ ਸਾਰੀਆਂ ਟੈਕਸ ਬਾਰਾਂ ਸਮੂਹਿਕ ਹੜਤਾਲ ’ਤੇ ਜਾਣਗੀਆਂ। ਅਨਿਲ ਸਰੀਨ ਅਨੁਸਾਰ ਮਹੀਨਿਆਂ ਤੋਂ ਰਿਫੰਡ ਦੀ ਰਕਮ ਫਸੀ ਹੋਣ ਕਾਰਨ ਵਪਾਰੀਆਂ ਦੀ ਕਾਰੋਬਾਰੀ ਪੂੰਜੀ ਰੁਕੀ ਹੋਈ ਹੈ। ਇਸ ਨਾਲ ਉਨ੍ਹਾਂ ਦੀ ਵਿੱਤੀ ਸਮਰੱਥਾ ਤੇ ਕਾਰੋਬਾਰ ਦਾ ਚੱਕਰ ਪ੍ਰਭਾਵਿਤ ਹੋ ਰਿਹਾ ਹੈ। ਰਿਫੰਡ ਰੋਕ ਕੇ ਸਰਕਾਰ ਵੱਲੋਂ ਜੀਐੱਸਟੀ ਮਾਲੀਏ ’ਚ ਵਾਧੇ ਦੇ ਦਾਅਵੇ ਕਰਨਾ ਅਸਲ ਤਸਵੀਰ ਨਹੀਂ ਦਰਸਾਉਂਦਾ। ਮਾਲੀਏ ਦਾ ਮੁੱਲਾਂਕਣ ਰਿਫੰਡ ਦੀ ਅਦਾਇਗੀ ਨੂੰ ਧਿਆਨ ’ਚ ਰੱਖ ਕੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਪਾਰੀਆਂ ਨੂੰ ਵੱਡੀ ਗਿਣਤੀ ’ਚ ਨੋਟਿਸ ਜਾਰੀ ਕਰਨ ਨਾਲ ਨਿਰਧਾਰਤ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਵਾਧੂ ਦਸਤਾਵੇਜ਼ ਮੰਗੇ ਜਾ ਰਹੇ ਹਨ।
ਸਰੀਨ ਨੇ ਕਿਹਾ ਕਿ ਜੇਕਰ ਵਪਾਰੀ ਨੇ ਨਿਯਮਾਂ ਅਨੁਸਾਰ ਖਰੀਦ ਕੀਤੀ ਤੇ ਵਾਜਬ ਇਨਪੁੱਟ ਟੈਕਸ ਕ੍ਰੈਡਿਟ ਲਿਆ ਹੈ ਤਾਂ ਕਾਰਵਾਈ ਅਸਲ ਟੈਕਸ ਡਿਫਾਲਟਰ ਖ਼ਿਲਾਫ਼ ਹੋਣੀ ਚਾਹੀਦੀ ਹੈ। ਇੱਕ ਪਾਸੇ ਰਿਫੰਡ ਰੋਕੇ ਜਾ ਰਹੇ ਹਨ ਤੇ ਦੂਜੇ ਪਾਸੇ ਇਨਪੁੱਟ ਟੈਕਸ ਕ੍ਰੈਡਿਟ ਦੇ ਮਾਮਲਿਆਂ ’ਚ ਨਕਦ ਰਕਮ ਜਮ੍ਹਾਂ ਕਰਵਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਹ ਵਪਾਰੀਆਂ ’ਤੇ ਦੋਹਰੀ ਮਾਰ ਹੈ। ਸਰੀਨ ਨੇ ਕਿਹਾ ਕਿ ਰਿਫੰਡ ਦੇ ਮੁੱਦੇ ’ਤੇ ਟੈਕਸ ਬਾਰ ਨੂੰ ਪਹਿਲਾਂ ਵੀ ਹੜਤਾਲ ਕਰਨੀ ਪਈ ਸੀ। ਜੇਕਰ ਹੁਣ 15 ਦਿਨਾਂ ਵਿੱਚ ਬਕਾਇਆ ਰਿਫੰਡ ਜਾਰੀ ਨਾ ਹੋਏ ਤਾਂ ਮੁੜ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ। ਵਿਭਾਗ ਦਾ ਕੰਮਕਾਜ ਪ੍ਰਭਾਵਿਤ ਹੋਣ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਜਨਰਲ ਸਕੱਤਰ ਓਮ ਕਮਲ, ਪ੍ਰਿੰਸ, ਅਸ਼ੋਕ ਵਡੇਰਾ, ਗੌਰਵ ਸਮੇਤ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।