ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਨਿੰਦਣਯੋਗ : ਲਹਿਰਾ
ਬਾਬਾ ਸਾਹਿਬ ਦੀ ਪ੍ਰਤਿਮਾ ਦੀ ਬੇਅਦਬੀ ਅਤਿ ਨਿੰਦਣਯੋਗ-ਲਹਿਰਾ
Publish Date: Thu, 10 Sep 2026 07:02 PM (IST)
Updated Date: Fri, 11 Sep 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ ਲੁਧਿਆਣਾ ਵਿਖੇ ਬੀਤੇ ਦਿਨੀਂ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਰਹਿਬਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਦੀ ਕੀਤੀ ਗਈ ਬੇਅਦਬੀ ਤੇ ਹਲਕਾ ਗਿੱਲ ਤੋਂ ਸਰਗਰਮ ਯੂਥ ਕਾਂਗਰਸੀ ਆਗੂ ਅਤੇ ਐਸਸੀ. ਡਿਪਾਰਟਮੈਂਟ ਦੇ ਸੀਨੀਅਰ ਨੇਤਾ ਦਿਲਾਵਰ ਸਿੰਘ ਲਹਿਰਾ ਨੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ ਹੈ। ਯੂਥ ਆਗੂ ਲਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਹਰ ਮੁੱਦੇ ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀ ਹੈ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਜੋ ਸਰਕਾਰ ਸਾਡੇ ਦੇਸ਼ ਦੇ ਸੰਵਿਧਾਨ ਦਾਤਾ ਅਤੇ ਕਰੋੜਾਂ ਲੋਕਾਂ ਦੇ ਰਹਿਬਰ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਰੱਖਿਆ ਕਰਨ ਵਿੱਚ ਅਸਮਰੱਥ ਹੈ, ਉਸ ਕੋਲੋਂ ਸੂਬੇ ਦੇ ਆਮ ਲੋਕਾਂ ਦੀ ਸੁਰੱਖਿਆ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਕਿ ਇਸ ਸ਼ਰਾਰਤਪੂਰਨ ਅਤੇ ਗੈਰ-ਕਾਨੂੰਨੀ ਹਰਕਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਹਿਰਾਸਤ ਵਿੱਚ ਲਿਆ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਮਿਸਾਲੀ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ।