- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ:ਘਰ ਨੂੰ ਬਣਾਇਆ ਫੂਡ ਫੈਕਟਰੀ, ਫੂਡ ਸੇਫਟੀ ਟੀਮ ਦੀ ਛਾਪੇਮਾਰੀ ਦੌਰਾਨ ਖੁੱਲ੍ਹੀ ਪੋਲ

-150 ਪੇਟੀਆਂ ਸੌਸ, 2 ਡਰਮ ਮੁਰੱਬਾ ਤੇ 5 ਗੈਲਨ ਸਿਰਕਾ ਜ਼ਬਤ
ਸਟੀਵਨ ਗੁਪਤਾ, ਪੰਜਾਬੀ ਜਾਗਰਣ, ਲੁਧਿਆਣਾ
ਇੱਥੋਂ ਦੇ ਇਕ ਘਰ ’ਚ ਫੂਡ ਸੇਫਟੀ ਵਿਭਾਗ ਨੇ ਵੀਰਵਾਰ ਨੂੰ ਘਰ ਵਿੱਚ ਚੱਲ ਰਹੀ ਅਚਾਰ, ਮੁਰੱਬਾ, ਸਿਰਕਾ ਤੇ ਸੌਸ ਬਣਾਉਣ ਵਾਲੀ ਯੂਨਿਟ ’ਤੇ ਕਾਰਵਾਈ ਕੀਤੀ। ਜਾਂਚ ਦੌਰਾਨ ਅਸਫਾਈ ਵਾਲੇ ਹਾਲਾਤਾਂ ਵਿੱਚ ਅਚਾਰ, ਮੁਰੱਬਾ ਅਤੇ ਸੌਸ ਸਮੇਤ ਹੋਰ ਸਾਮਾਨ ਮਿਲਿਆ। ਵਿਭਾਗ ਦੀ ਟੀਮ ਨੇ ਮੌਕੇ ਤੋਂ ਤਿੰਨ ਸੈਂਪਲ ਭਰੇ, ਜਦਕਿ ਨਿਯਮਾਂ ਦੀ ਉਲੰਘਣਾ ਦੇ ਮਾਮਲੇ ’ਚ ਯੂਨਿਟ ਦਾ ਚਲਾਨ ਵੀ ਕੀਤਾ। ਜ਼ਿਲ੍ਹਾ ਸਿਹਤ ਅਫਸਰ ਡਾ. ਆਸ਼ੀਸ਼ ਚਾਵਲਾ ਅਨੁਸਾਰ ਕਾਰਵਾਈ ਦੌਰਾਨ ਕਰੀਬ 150 ਪੇਟੀਆਂ ਸੌਸ, ਦੋ ਡਰਮ ਮੁਰੱਬਾ ਅਤੇ ਪੰਜ ਗੈਲਨ ਸਿਰਕਾ ਜ਼ਬਤ ਕੀਤਾ। ਵਿਭਾਗ ਹੁਣ ਇਸ ਸਟਾਕ ਦੀ ਗੁਣਵੱਤਾ ਅਤੇ ਇਸ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਕਰ ਰਿਹਾ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਬਾਹਰਲੇ ਸੂਬਿਆਂ ਤੋਂ ਮੰਗਵਾਏ ਜਾ ਰਹੇ ਸਿਰਕੇ, ਮੁਰੱਬੇ ਅਤੇ ਹੋਰ ਖਾਧ ਪਦਾਰਥਾਂ ਨੂੰ ‘ਜੈ ਠਾਕੁਰ ਜੀ’ ਬ੍ਰਾਂਡ ਦੇ ਨਾਮ ਹੇਠ ਪੈਕ ਕਰਕੇ ਬਾਜ਼ਾਰ ਵਿੱਚ ਭੇਜਿਆ ਜਾ ਰਿਹਾ ਸੀ। ਇਸ ਦੌਰਾਨ ਫੂਡ ਸੇਫਟੀ ਟੀਮ ਵੱਲੋਂ ਉਤਪਾਦਾਂ ’ਤੇ ਲੱਗੇ ਲੇਬਲ, ਬ੍ਰਾਂਡ ਦਾ ਨਾਮ, ਪੈਕਿੰਗ ਦੀ ਮਿਤੀ ਤੇ ਹੋਰ ਲਾਜ਼ਮੀ ਜਾਣਕਾਰੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਫੂਡ ਸੇਫਟੀ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਨਾਲ ਸਬੰਧਤ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਇਹ ਕਾਰੋਬਾਰ ਕਰੀਬ ਛੇ ਮਹੀਨਿਆਂ ਤੋਂ ਚੱਲ ਰਿਹਾ ਸੀ। ਮੌਕੇ ਤੋਂ ਲਏ ਗਏ ਸੈਂਪਲ ਲੈਬੋਰੇਟਰੀ ਭੇਜੇ ਗਏ ਹਨ। ਡਾ. ਆਸ਼ੀਸ਼ ਚਾਵਲਾ ਅਨੁਸਾਰ ਲੈਬਾਰਟਰੀ ਰਿਪੋਰਟ ਆਉਣ ਤੋਂ ਬਾਅਦ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਚਾਵਲਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀਆਂ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਅਜਿਹੀਆਂ ਯੂਨਿਟਾਂ ਖ਼ਿਲਾਫ਼ ਜਾਂਚ ਤੇ ਕਾਰਵਾਈ ਜਾਰੀ ਰਹੇਗੀ।