ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਬਸਪਾ ਵੱਲੋਂ ਰੋਸ ਮੁਜ਼ਾਹਰਾ 1 ਨੰਬਰ ਪੇਜ਼ ਦਾ ਬੌਟਮ-ਡਾ.ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਬਸਪਾ ਦਾ ਪ੍ਰਦਰਸ਼ਨ
Publish Date: Thu, 10 Sep 2026 06:54 PM (IST)
Updated Date: Fri, 11 Sep 2026 04:08 AM (IST)
-ਪੰਜਾਬ ਤੇ ਕੇਂਦਰ ਸਰਕਾਰ ’ਤੇ ਵਰ੍ਹੇ ਬਸਪਾ ਆਗੂ : ਡਾ. ਕਰੀਮਪੁਰੀ -ਕਿਹਾ, 2027 ’ਚ ਬਸਪਾ ਸੱਤਾ ਹਾਸਲ ਕਰਕੇ ਲਵੇਗੀ ਬਦਲਾ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਵਿੱਚ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਕਥਿਤ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਕੜੀ ਤਹਿਤ ਲੁਧਿਆਣਾ ਵਿੱਚ ਹੋਏ ਧਰਨੇ ਦੌਰਾਨ ਬਸਪਾ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ ਡਾ. ਅੰਬੇਡਕਰ ਜੀ ਦੇ ਬੁੱਤ ’ਤੇ ਹਮਲੇ ਦੀ ਇਹ ਘਟਨਾ ਗਿਆਰਵੀਂ ਵਾਰ ਵਾਪਰੀ ਹੈ, ਜੋ ਉਨ੍ਹਾਂ ਅਨੁਸਾਰ ਪੰਜਾਬ ਤੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਜੀ ਦੇ ਸਨਮਾਨ ਦੀ ਰੱਖਿਆ ਲਈ ਲੋਕਾਂ ਨੂੰ ਇਕਜੁੱਟ ਹੋ ਕੇ ਆਵਾਜ਼ ਚੁੱਕਣੀ ਚਾਹੀਦੀ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਬਸਪਾ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡਾ. ਅੰਬੇਡਕਰ ਜੀ ਦੇ ਸੁਪਨਿਆਂ ਅਨੁਸਾਰ ਸੱਤਾ ਸਥਾਪਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਬਸਪਾ ਬਹੁਜਨ ਮਹਾਂਪੁਰਸ਼ਾਂ ਦੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੁਧਿਆਣਾ ਵਿੱਚ ਵਾਪਰੀ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਭਰ ਵਿੱਚ ਡਾ. ਅੰਬੇਡਕਰ ਜੀ ਤੇ ਹੋਰ ਮਹਾਂਪੁਰਸ਼ਾਂ ਦੇ ਬੁੱਤਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਾਉਣ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਕੀਤੀ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਬਿੱਟਾ, ਲੋਕ ਸਭਾ ਇੰਚਾਰਜ ਜੀਤ ਰਾਮ ਬਸਰਾ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਜੱਸੀ, ਨਿਰਮਲ ਸਿੰਘ ਸਾਂਇਆ, ਲੋਕ ਸਭਾ ਇੰਚਾਰਜ ਪਰਖਣ ਬਿਲਗਾ, ਹਲਕਾ ਪੂਰਬੀ ਦੇ ਇੰਚਾਰਜ ਨਰੇਸ਼ ਬਸਰਾ, ਹਲਕਾ ਪੂਰਬੀ ਦੇ ਪ੍ਰਧਾਨ ਰਾਜਿੰਦਰ ਨਿੱਕਾ, ਜ਼ਿਲ੍ਹਾ ਕੈਸ਼ੀਅਰ ਇੰਦਰੇਸ਼ ਤੋਮਰ, ਜ਼ਿਲ੍ਹਾ ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਂਇਆ, ਮਾਸਟਰ ਬੀਰ ਸਿੰਘ, ਰਘੁਵੀਰ ਸਿੰਘ, ਅਮਰੀਕ ਸਿੰਘ, ਸੁਰਜੀਤ ਪਾਲ, ਬਹਾਦਰ ਸਿੰਘ ਸਰੀਂਹ, ਵਿਕੀ ਬਹਾਦਰਕੇ, ਕਮਲ ਘਈ ਅਤੇ ਅਮਨਦੀਪ ਸਿੰਘ ਢਿੱਲੋਂ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।