- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਵਾਇਤੀ ਸੋਚ ਤੋਂ ਪਰੇ ਹੈ ਸਫ਼ਲਤਾ ਦਾ ਰਾਹ-ਸੁਹੇਲ ਸੇਠ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਫਿੱਕੀ ਫਲੋ ਲੁਧਿਆਣਾ ਵੱਲੋਂ ਚੇਅਰਪਰਸਨ ਐਸ਼ਨੀ ਸੇਠੀ ਦੀ ਅਗਵਾਈ ਹੇਠ ਸਥਾਨਕ ਹੋਟਲ ਵਿਖੇ ‘ਪਾਵਰ, ਪੀਪਲ ਐਂਡ ਪਰਸਪੈਕਟਿਵਜ਼’ ਨਾਮਕ ਵਿਸ਼ੇਸ਼ ਸੰਵਾਦ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਲੇਖਕ, ਕਾਲਮਨਵੀਸ, ਟੈਲੀਵਿਜ਼ਨ ਸ਼ਖ਼ਸੀਅਤ ਅਤੇ ਸੰਚਾਰ ਮਾਹਿਰ ਸੁਹੇਲ ਸੇਠ ਨੇ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਜੋ ਭਾਰਤ ਦੇ ਪ੍ਰਸਿੱਧ ਲੇਖਕਾਂ ਅਤੇ ਸੰਚਾਰ ਮਾਹਿਰਾਂ ਵਿੱਚੋਂ ਇਕ ਹਨ। ਸਮਾਗਮ ਦੌਰਾਨ ਵਾਈਸ ਚੇਅਰਪਰਸਨ ਮੁਕਤਾ ਸ਼ਰਮਾ ਨੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੁਹੇਲ ਸੇਠ ਨਾਲ ਜਾਣ-ਪਛਾਣ ਕਰਵਾਈ। ਸੈਸ਼ਨ ਦਾ ਸੰਚਾਲਨ ਐਸ਼ਨੀ ਸੇਠੀ ਅਤੇ ਫਿੱਕੀ ਫਲੋ ਅੰਮ੍ਰਿਤਸਰ ਦੀ ਸਾਬਕਾ ਚੇਅਰਪਰਸਨ ਹਿਮਾਨੀ ਅਰੋੜਾ ਨੇ ਕੀਤਾ। ਦੋਵਾਂ ਵੱਲੋਂ ਪੁੱਛੇ ਗਏ ਵਿਚਾਰਉਤੇਜਕ ਅਤੇ ਸੂਝਵਾਨ ਸਵਾਲਾਂ ਨੇ ਗੱਲਬਾਤ ਨੂੰ ਰੁਚਿਕਰ ਬਣਾਈ ਰੱਖਿਆ।
ਇਸ ਦੌਰਾਨ ਐੱਫਐੱਲਓ ਮੈਂਬਰਾਂ ਨੇ ਵੀ ਸਰਗਰਮੀ ਨਾਲ ਹਿੱਸਾ ਲੈਂਦਿਆਂ ਆਪਣੇ ਸਵਾਲ ਪੁੱਛੇ ਅਤੇ ਵਿਚਾਰ ਸਾਂਝੇ ਕੀਤੇ। ਸੁਹੇਲ ਸੇਠ ਨੇ ਆਪਣੇ ਵਿਲੱਖਣ ਅੰਦਾਜ਼ ’ਚ ਤਾਕਤ, ਪ੍ਰਭਾਵ, ਲੋਕਾਂ ਦੀ ਸਮਝ ਤੇ ਬਦਲਦੇ ਨਜ਼ਰੀਏ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ। ਮੀਡੀਆ, ਸੰਚਾਰ ਅਤੇ ਜਨਤਕ ਜੀਵਨ ’ਚ ਆਪਣੇ ਲੰਮੇ ਤਜਰਬੇ ਦੇ ਆਧਾਰ ’ਤੇ ਉਨ੍ਹਾਂ ਦੱਸਿਆ ਕਿ ਪ੍ਰਭਾਵਸ਼ਾਲੀ ਲੀਡਰਸ਼ਿਪ ਲਈ ਸਿਰਫ਼ ਅਹੁਦਾ ਜਾਂ ਤਾਕਤ ਹੀ ਕਾਫ਼ੀ ਨਹੀਂ ਹੁੰਦੀ, ਸਗੋਂ ਲੋਕਾਂ ਨੂੰ ਸਮਝਣਾ ਤੇ ਉਨ੍ਹਾਂ ਨਾਲ ਪ੍ਰਭਾਵਸ਼ਾਲੀ ਸੰਵਾਦ ਕਾਇਮ ਕਰਨਾ ਵੀ ਬਹੁਤ ਮਹੱਤਵਪੂਰਨ ਹੈ। ਇਹ ਸਮਾਗਮ ਰਵਾਇਤੀ ਭਾਸ਼ਣ ਦੀ ਬਜਾਏ ਇੱਕ ਖੁੱਲ੍ਹੇ ਅਤੇ ਵਿਚਾਰਸ਼ੀਲ ਸੰਵਾਦ ਦੇ ਰੂਪ ਵਿੱਚ ਹੋਇਆ। ਮੈਂਬਰਾਂ ਨੂੰ ਨਾ ਸਿਰਫ਼ ਸੁਹੇਲ ਸੇਠ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ, ਬਲਕਿ ਉਨ੍ਹਾਂ ਦੇ ਵਿਚਾਰਾਂ ’ਤੇ ਸਵਾਲ ਕਰਨ ਅਤੇ ਆਪਣੇ ਨਜ਼ਰੀਏ ਸਾਂਝੇ ਕਰਨ ਦਾ ਵੀ ਮੌਕਾ ਮਿਲਿਆ। ਗੱਲਬਾਤ ਦੌਰਾਨ ਲੀਡਰਸ਼ਿਪ, ਸਫਲਤਾ, ਰਿਸ਼ਤੇ, ਪ੍ਰਭਾਵ ਅਤੇ ਮਨੁੱਖੀ ਵਿਹਾਰ ਵਰਗੇ ਵਿਸ਼ਿਆਂ ’ਤੇ ਵੀ ਚਰਚਾ ਹੋਈ।
ਸੁਹੇਲ ਸੇਠ ਨੇ ਮੈਂਬਰਾਂ ਨੂੰ ਸਫਲਤਾ ਅਤੇ ਲੀਡਰਸ਼ਿਪ ਦੀਆਂ ਰਵਾਇਤੀ ਪਰਿਭਾਸ਼ਾਵਾਂ ਤੋਂ ਪਰੇ ਸੋਚਣ ਅਤੇ ਬਦਲਦੇ ਸਮਾਜ ਵਿੱਚ ਲੋਕਾਂ ਅਤੇ ਵੱਖ-ਵੱਖ ਨਜ਼ਰੀਆਂ ਨੂੰ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ। ਸੈਸ਼ਨ ਦੀ ਬੇਬਾਕ ਅਤੇ ਸਮਕਾਲੀ ਵਿਸ਼ਿਆਂ ਨਾਲ ਜੁੜੀ ਗੱਲਬਾਤ ਨੇ ਹਾਜ਼ਰ ਮੈਂਬਰਾਂ ਨੂੰ ਖਾਸ ਤੌਰ ’ਤੇ ਪ੍ਰਭਾਵਿਤ ਕੀਤਾ। ਸੰਵਾਦ ਨੇ ਉਨ੍ਹਾਂ ਨੂੰ ਆਪਣੇ ਵਿਚਾਰਾਂ, ਲੀਡਰਸ਼ਿਪ ਦੇ ਢੰਗ ਅਤੇ ਸਫਲਤਾ ਬਾਰੇ ਨਵੇਂ ਸਿਰੇ ਤੋਂ ਸੋਚਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ’ਚ ਐਗਜ਼ੈਕਟਿਵ ਹੈੱਡ ਪੂਜਾ ਤੁਲੀ ਨੇ ਸੁਹੇਲ ਸੇਠ ਦਾ ਸਮਾਂ ਕੱਢਣ ਅਤੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਨੇ ਇਸ ਸਮਾਗਮ ਨੂੰ ਗਿਆਨਵਰਧਕ ਤੇ ਯਾਦਗਾਰ ਬਣਾ ਦਿੱਤਾ।