- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
25 ਸਾਲਾਂ ਵਿੱਚ 78 ਲੱਖ ਲੋਕਾਂ ਦੀ ਜ਼ਿੰਦਗੀ ਬਦਲੀ, ਪੰਜਾਬ ਬਣਿਆ ਭਾਰਤੀ ਏਅਰਟੈੱਲ ਫਾਊਂਡੇਸ਼ਨ ਦਾ ਸਭ ਤੋਂ ਵੱਡਾ ਸਿੱਖਿਆ ਕੇਂਦਰ

-25 ਸਾਲਾਂ ’ਚ 78 ਲੱਖ ਲੋਕਾਂ ਦੀ ਜ਼ਿੰਦਗੀ ਬਦਲੀ, 20 ਹਜ਼ਾਰ ਤੋਂ ਵੱਧ ਅਧਿਆਪਕ ਜੁੜੇ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਭਾਰਤੀ ਏਅਰਟੈੱਲ ਫਾਊਂਡੇਸ਼ਨ ਨੇ ਸਿੱਖਿਆ ਰਾਹੀਂ ਦੇਸ਼ ਦੇ 78 ਲੱਖ ਤੋਂ ਵੱਧ ਲੋਕਾਂ ਦੀ ਜ਼ਿੰਦਗੀ 'ਤੇ ਪ੍ਰਭਾਵ ਪਾਇਆ। ਪੰਜਾਬ ਇਸ ਦੇ ਸਿੱਖਿਆ ਉਪਰਾਲਿਆਂ ਦਾ ਸਭ ਤੋਂ ਵੱਡਾ ਕੇਂਦਰ ਹੈ, ਜਿੱਥੇ 85 ਸਤਿਆ ਭਾਰਤੀ ਸਕੂਲਾਂ ਵਿੱਚ 21,000 ਤੋਂ ਵੱਧ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਸਿੱਖਿਆ ਨੂੰ ਰਾਸ਼ਟਰ-ਨਿਰਮਾਣ ਦਾ ਮਜ਼ਬੂਤ ਆਧਾਰ ਫਾਊਂਡੇਸ਼ਨ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੇ 25 ਸਾਲਾਂ ਤੋਂ ਵੱਧ ਦੇ ਸਫ਼ਰ ਨੂੰ ਉਜਾਗਰ ਕੀਤਾ ਹੈ। ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿ-ਚੇਅਰਮੈਨ ਅਤੇ ਭਾਰਤੀ ਐਂਟਰਪ੍ਰਾਈਜ਼ਿਜ਼ ਦੇ ਵਾਈਸ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਨੇ ਕਿਹਾ ਕਿ ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੇ ਲੋਕਾਂ ਦੀ ਸਮਰੱਥਾ ਤੇ ਕਾਬਲੀਅਤ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮਨੁੱਖੀ ਸਰੋਤ ਵਿਕਾਸ ਦੀ ਨੀਂਹ ਹੈ ਤੇ ਬਦਲਦੀ ਦੁਨੀਆ ਵਿੱਚ ਨੌਜਵਾਨਾਂ ਨੂੰ ਹੁਨਰ ਤੇ ਆਤਮ-ਵਿਸ਼ਵਾਸ ਦੇਣਾ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਅਨੁਸਾਰ ਫਾਊਂਡੇਸ਼ਨ ਦਾ ਕੰਮ ਸਿਰਫ਼ ਸਕੂਲਾਂ ਦੀ ਮਦਦ ਤੱਕ ਸੀਮਤ ਨਹੀਂ ਰਿਹਾ, ਸਗੋਂ ਸਮੁੱਚੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਵਧਿਆ ਹੈ। ਉਨ੍ਹਾਂ ਖਾਸ ਤੌਰ 'ਤੇ ਕਿਹਾ ਕਿ ਪੰਜਾਬ ਦਾ ਇਸ ਸਫ਼ਰ ਵਿੱਚ ਵਿਸ਼ੇਸ਼ ਸਥਾਨ ਹੈ, ਕਿਉਂਕਿ ਫਾਊਂਡੇਸ਼ਨ ਦੇ ਪਹਿਲੇ ਸਕੂਲ ਇੱਥੇ ਹੀ ਸਥਾਪਿਤ ਕੀਤੇ ਗਏ ਸਨ। ਫਾਊਂਡੇਸ਼ਨ ਮੁਤਾਬਕ ਇਸ ਲੰਮੇ ਸਫ਼ਰ ਦੌਰਾਨ ਦੇਸ਼ ਭਰ ਵਿੱਚ 78 ਲੱਖ ਤੋਂ ਵੱਧ ਲੋਕਾਂ ਦੀ ਜ਼ਿੰਦਗੀ 'ਤੇ ਸਕਾਰਾਤਮਕ ਪ੍ਰਭਾਵ ਪਾਇਆ ਗਿਆ ਹੈ।
ਇਨ੍ਹਾਂ ’ਚ 43 ਲੱਖ ਤੋਂ ਵੱਧ ਵਿਦਿਆਰਥੀ ਅਤੇ 3.62 ਲੱਖ ਅਧਿਆਪਕ ਸ਼ਾਮਲ ਹਨ। ਫਾਊਂਡੇਸ਼ਨ ਨੇ ਸਕੂਲੀ ਸਿੱਖਿਆ, ਅਧਿਆਪਕ ਵਿਕਾਸ, ਸਰਕਾਰੀ ਸਕੂਲਾਂ ਨਾਲ ਸਾਂਝੇਦਾਰੀ, ਵਜ਼ੀਫ਼ਿਆਂ ਅਤੇ ਉੱਚ ਸਿੱਖਿਆ ਨਾਲ ਜੁੜੀਆਂ ਵੱਖ-ਵੱਖ ਪਹਿਲਕਦਮੀਆਂ ਰਾਹੀਂ 20 ਰਾਜਾਂ ਦੇ 37,000 ਤੋਂ ਵੱਧ ਸਕੂਲਾਂ ਅਤੇ 25,000 ਪਿੰਡਾਂ ਤੱਕ ਆਪਣੀ ਪਹੁੰਚ ਬਣਾਈ ਹੈ। ਪੰਜਾਬ ਫਾਊਂਡੇਸ਼ਨ ਦੇ ਸਕੂਲੀ ਸਿੱਖਿਆ ਉਪਰਾਲਿਆਂ ਦਾ ਸਭ ਤੋਂ ਵੱਡਾ ਕੇਂਦਰ ਬਣ ਕੇ ਉਭਰਿਆ ਹੈ। ਇੱਥੇ 'ਸਤਿਆ ਭਾਰਤੀ ਸਕੂਲ' ਨੈੱਟਵਰਕ ਦੇ ਲਗਭਗ 60 ਫੀਸਦੀ ਸਕੂਲ ਸਥਿਤ ਹਨ। ਸੂਬੇ ’ਚ ਫਾਊਂਡੇਸ਼ਨ ਵੱਲੋਂ 85 ਸਕੂਲ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 21,000 ਤੋਂ ਵੱਧ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚ 51 ਫੀਸਦੀ ਲੜਕੀਆਂ ਹਨ।
'ਕੁਆਲਿਟੀ ਸਪੋਰਟ ਪ੍ਰੋਗਰਾਮ' ਰਾਹੀਂ ਪੰਜਾਬ ਦੇ 105 ਸਰਕਾਰੀ ਸਕੂਲਾਂ ਦੇ 42,000 ਤੋਂ ਵੱਧ ਵਿਦਿਆਰਥੀਆਂ ਤੱਕ ਵੀ ਫਾਊਂਡੇਸ਼ਨ ਦੀ ਪਹੁੰਚ ਬਣੀ ਹੈ। ਇਹ ਉਪਰਾਲਾ ਸਰਕਾਰੀ ਸਕੂਲਾਂ ਵਿੱਚ ਅਧਿਆਪਨ ਅਤੇ ਸਿੱਖਣ ਦੀ ਗੁਣਵੱਤਾ ’ਚ ਸੁਧਾਰ ਲਿਆਉਣ 'ਤੇ ਕੇਂਦਰਿਤ ਹੈ। ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਨੂੰ ਵੀ ਫਾਊਂਡੇਸ਼ਨ ਦੀ ਰਣਨੀਤੀ ਵਿੱਚ ਅਹਿਮ ਸਥਾਨ ਦਿੱਤਾ ਹੈ। 'ਦਿ ਟੀਚਰ ਐਪ' ਹੁਣ ਦੇਸ਼ ਦੇ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਗਭਗ 3 ਲੱਖ ਖ਼ਪਤਕਾਰਾਂ ਤੱਕ ਪਹੁੰਚ ਚੁੱਕੀ ਹੈ। ਪੰਜਾਬ ਵਿੱਚ ਇਸ ਦੇ 20,000 ਤੋਂ ਵੱਧ ਉਪਭੋਗਤਾ ਹਨ। ਇਹ ਪਲੇਟਫਾਰਮ ਅਧਿਆਪਕਾਂ, ਸਕੂਲ ਮੁਖੀਆਂ, ਸਿੱਖਿਆ-ਸ਼ਾਸਤਰੀਆਂ ਅਤੇ ਮਾਪਿਆਂ ਲਈ ਮੁਫ਼ਤ ਅਤੇ ਜੀਵਨ-ਭਰ ਸਿੱਖਣ ਦੇ ਮੌਕੇ ਪ੍ਰਦਾਨ ਕਰਦਾ ਹੈ। ਏਆਈ ਆਧਾਰਿਤ ਸਾਧਨਾਂ, ਪੇਸ਼ੇਵਰ ਸਿੱਖਣ ਵਾਲੀ ਸਮੱਗਰੀ ਤੇ ਆਪਸੀ ਸਹਿਯੋਗ ਰਾਹੀਂ ਅਧਿਆਪਕਾਂ ਨੂੰ ਜਮਾਤੀ ਸਿੱਖਿਆ ਦੇ ਨਤੀਜੇ ਬਿਹਤਰ ਬਣਾਉਣ ਵਿੱਚ ਮਦਦ ਦਿੱਤੀ ਜਾਂਦੀ ਹੈ।
ਫਾਊਂਡੇਸ਼ਨ ਦਾ ਮੁੱਖ 'ਸਤਿਆ ਭਾਰਤੀ ਸਕੂਲ' ਪ੍ਰੋਗਰਾਮ ਇਸ ਸਮੇਂ 147 ਸਕੂਲਾਂ ਰਾਹੀਂ ਪੇਂਡੂ ਭਾਰਤ ਦੇ 35,000 ਤੋਂ ਵੱਧ ਬੱਚਿਆਂ ਤੱਕ ਮੁਫ਼ਤ ਤੇ ਮਿਆਰੀ ਸਿੱਖਿਆ ਪਹੁੰਚਾ ਰਿਹਾ ਹੈ। ਇਸ ਦੇ ਨਾਲ ਡਿਜੀਟਲ ਸਿੱਖਿਆ, ਰੋਬੋਟਿਕਸ, ਤਜਰਬੇ-ਆਧਾਰਿਤ ਸਿੱਖਿਆ ਅਤੇ ਕਰੀਅਰ ਨਾਲ ਜੁੜੇ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਲੋੜਾਂ ਲਈ ਤਿਆਰ ਕੀਤਾ ਜਾ ਰਿਹਾ ਹੈ। ਉੱਚ ਸਿੱਖਿਆ ਦੇ ਖੇਤਰ ਵਿੱਚ ਵੀ ਫਾਊਂਡੇਸ਼ਨ ਵਜ਼ੀਫ਼ਾ ਪਹਿਲਕਦਮੀਆਂ ਰਾਹੀਂ ਯੋਗ ਵਿਦਿਆਰਥੀਆਂ ਦੀ ਮਦਦ ਕਰ ਰਹੀ ਹੈ। 'ਭਾਰਤੀ ਏਅਰਟੈੱਲ ਸਕਾਲਰਸ਼ਿਪ' ਤਹਿਤ 1,400 ਤੋਂ ਵੱਧ ਵਿਦਿਆਰਥੀਆਂ ਨੂੰ ਮਦਦ ਮਿਲ ਰਹੀ ਹੈ, ਜਿਨ੍ਹਾਂ ਵਿੱਚ 44 ਫੀਸਦੀ ਲੜਕੀਆਂ ਹਨ। ਲੁਧਿਆਣਾ ਫਾਊਂਡੇਸ਼ਨ ਦੇ ਸਿੱਖਿਆ ਮਾਡਲ ਵਿੱਚ ਖਾਸ ਮਹੱਤਵ ਰੱਖਦਾ ਹੈ। ਜ਼ਿਲ੍ਹੇ ਵਿੱਚ 42 'ਸਤਿਆ ਭਾਰਤੀ ਸਕੂਲ' 150 ਪਿੰਡਾਂ ਦੇ 10,764 ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਲੁਧਿਆਣਾ ਵਿੱਚ 'ਕੁਆਲਿਟੀ ਸਪੋਰਟ ਪ੍ਰੋਗਰਾਮ' ਨੂੰ ਹਾਲ ਹੀ ’ਚ 12 ਸਰਕਾਰੀ ਸਕੂਲਾਂ ਤੱਕ ਵਧਾਇਆ ਗਿਆ ਹੈ। ਇਸ ਨਾਲ 4,000 ਤੋਂ ਵੱਧ ਵਿਦਿਆਰਥੀਆਂ ਅਤੇ 160 ਅਧਿਆਪਕਾਂ ਨੂੰ ਲਾਭ ਮਿਲਿਆ ਹੈ। ਜ਼ਿਲ੍ਹਾ 'ਦਿ ਟੀਚਰ ਐਪ' ਦੀ ਵਰਤੋਂ ਦੇ ਮਾਮਲੇ ਵਿੱਚ ਵੀ ਮਹੱਤਵਪੂਰਨ ਕੇਂਦਰ ਹੈ, ਜਿੱਥੇ 4,400 ਤੋਂ ਵੱਧ ਖ਼ਪਤਕਾਰ ਇਸ ਪਲੇਟਫਾਰਮ ਨਾਲ ਜੁੜੇ ਹੋਏ ਹਨ।