- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਾਮੀ ਦੇਵਪੁਰੀ ਕਾਲੀ ਕੰਬਲੀ ਵਾਲਿਆਂ ਦਾ 84ਵਾਂ ਨਿਰਵਾਣ ਦਿਵਸ ਸ਼ਰਧਾ ਨਾਲ ਮਨਾਇਆ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਇੱਥੋਂ ਨੇੜਲੇ ਡੇਰਾ ਹਰਿਸਰ, ਕਿਲਾ ਰਾਏਪੁਰ ਵਿਖੇ ਸਵਾਮੀ ਦੇਵਪੁਰੀ ਕਾਲੀ ਕੰਬਲੀ ਵਾਲਿਆਂ ਦਾ 84ਵਾਂ ਨਿਰਵਾਣ ਦਿਵਸ ਸ਼ਰਧਾ ਨਾਲ ਮਨਾਇਆ। ਇਸ ਮੌਕੇ ਭਜਨ-ਕੀਰਤਨ, ਸਤਿਸੰਗ ਤੇ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ। ਵੱਖ-ਵੱਖ ਥਾਵਾਂ ਤੋਂ ਪਹੁੰਚੇ ਭਜਨ ਗਾਇਕਾਂ ਵੱਲੋਂ ਭਾਵਪੂਰਨ ਭਜਨ ਤੇ ਰੂਹਾਨੀ ਪੇਸ਼ਕਾਰੀਆਂ ਕੀਤੀਆਂ, ਜਿਸ ਨਾਲ ਸਮੁੱਚਾ ਮਾਹੌਲ ਆਤਮਿਕ ਰੰਗ ’ਚ ਰੰਗਿਆ। ਸਵਾਮੀ ਬੁੱਧ ਪੁਰੀ ਨੇ ਪ੍ਰਵਚਨ ਕਰਦਿਆਂ ਗੁਰੂ ਪਰੰਪਰਾ, ਗੁਰੂ-ਸ਼ਬਦ ਦੀ ਮਹਿਮਾ, ਅਹੰਕਾਰ ਦੇ ਸਮਰਪਣ ਅਤੇ ਆਤਮ-ਗਿਆਨ ਦੀ ਪ੍ਰਾਪਤੀ ਦੇ ਮਹੱਤਵ ’ਤੇ ਚਾਨਣਾ ਪਾਇਆ। ਅਗਿਆਨ ਮਨੁੱਖ ਦੇ ਦੁੱਖ ਦਾ ਮੂਲ ਕਾਰਨ ਹੈ। ਅਗਿਆਨ ਤੋਂ ਮੌਤ ਦਾ ਡਰ ਅਤੇ ਅਹੰਕਾਰ ਪੈਦਾ ਹੁੰਦਾ ਹੈ ਅਤੇ ਮਨੁੱਖ ਪਰਮ ਆਨੰਦ ਤੇ ਅੰਦਰੂਨੀ ਸ਼ਾਂਤੀ ਤੋਂ ਦੂਰ ਹੁੰਦਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨੀਤੀ-ਗਿਆਨੀ, ਵੇਦ-ਗਿਆਨੀ, ਸ਼ਾਸਤਰ-ਗਿਆਨੀ ਤੇ ਵਿਦਵਾਨ ਤਾਂ ਅਨੇਕ ਮਿਲ ਜਾਂਦੇ ਹਨ, ਪਰ ਆਪਣੇ ਅਗਿਆਨ ਨੂੰ ਪਛਾਣਨ ਤੇ ਉਸ ਨੂੰ ਦੂਰ ਕਰਨ ਦੀ ਸੱਚੀ ਇੱਛਾ ਰੱਖਣ ਵਾਲੇ ਮਨੁੱਖ ਬਹੁਤ ਦੁਰਲੱਭ ਹੁੰਦੇ ਹਨ। ਗਿਆਨ, ਯੋਗ, ਭਗਤੀ, ਸੇਵਾ ਤੇ ਉਪਾਸਨਾ ਵਰਗੇ ਸਾਧਨਾ ਦੇ ਵੱਖ-ਵੱਖ ਮਾਰਗ ਅੰਤ ’ਚ ਸਵਾਸ-ਸਵਾਸ ਜਾਪ ਨਾਲ ਜੁੜਦੇ ਹਨ। ਇਸ ਰਾਹੀਂ ਮਨ ਦੀਆਂ ਸੀਮਾਵਾਂ ਵਿਸ਼ਾਲ ਹੁੰਦੀਆਂ ਹਨ ਅਤੇ ਸਾਧਕ ਦੀ ਚੇਤਨਾ ਅੰਦਰ ਵੱਲ ਅੱਗੇ ਵਧਦੀ ਹੈ। ਮਨ ਅਤੇ ਪ੍ਰਾਣ ਦੇ ਅੰਤਰਮੁਖੀ ਹੋਣ ਨਾਲ ਸਾਧਕ ਨੂੰ ਪਰਮਾਤਮਿਕ ਆਨੰਦ ਅਤੇ ਅੰਦਰੂਨੀ ਸ਼ਾਂਤੀ ਦੀ ਅਨੁਭੂਤੀ ਹੋਣ ਲੱਗਦੀ ਹੈ। ਇਸ ਮੌਕੇ ਉਮਾਂ ਗੁਰੂਵੰਸ਼ੀ ਪੁਰੀ, ਸਵਾਮੀ ਗੁਰੂਚੈਤੰਨਯ ਪੁਰੀ ਅਤੇ ਉਮਾਂ ਸਤਿਸਵਰਾ ਪੁਰੀ ਨੇ ਵੀ ਪ੍ਰਵਚਨ ਕੀਤੇ। ਸਮਾਗਮ ਦੇ ਅੰਤ ਵਿੱਚ ਵਿਸ਼ਾਲ ਭੰਡਾਰਾ ਵਰਤਾਇਆ ਗਿਆ, ਜਿਸ ਵਿੱਚ ਸੰਗਤ ਨੇ ਸ਼ਰਧਾ ਨਾਲ ਪ੍ਰਸਾਦ ਛਕਿਆ।