- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਂਪਾਂ ਦੌਰਾਨ ਕੀਤੀ ਗਈ ਦੁੱਧ ਦੇ ਸੈਂਪਲਾਂ ਦੀ ਜਾਂਚ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਵਰਿਆਮ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਦੁੱਧ ਖਪਤਕਾਰਾਂ ਨੂੰ ਸ਼ੁੱਧ, ਮਿਆਰੀ ਅਤੇ ਸਾਫ਼ ਦੁੱਧ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਦੁੱਧ ਦੀ ਗੁਣਵੱਤਾ ਜਾਂਚ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਬੁੱਧਵਾਰ ਨੂੰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਲੁਧਿਆਣਾ ਵੱਲੋਂ ਮਾਛੀਵਾੜਾ ਸ਼ਹਿਰ ਵਿਖੇ ਦੋ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਏ ਗਏ। ਪਹਿਲਾ ਕੈਂਪ ਮਹਾਂਵੀਰ ਕਾਲੋਨੀ, ਮਾਛੀਵਾੜਾ ਵਿਖੇ ਲਾਇਆ ਗਿਆ, ਜਿਸ ਦੌਰਾਨ ਕੁੱਲ 35 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 11 ਦੁੱਧ ਦੇ ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਵੱਧ ਪਾਈ ਗਈ। ਇਸੇ ਤਰ੍ਹਾਂ ਦੂਜਾ ਕੈਂਪ ਇੰਦਰਾ ਕਾਲੋਨੀ, ਮਾਛੀਵਾੜਾ ਵਿਖੇ ਲਗਾਇਆ ਗਿਆ, ਜਿਸ ਦੌਰਾਨ ਕੁੱਲ 34 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ। ਇਨ੍ਹਾਂ ਵਿੱਚੋਂ 16 ਦੁੱਧ ਦੇ ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਵੱਧ ਪਾਈ ਗਈ। ਦੋਵਾਂ ਕੈਂਪਾਂ ਦੌਰਾਨ ਕੁੱਲ 69 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਕਿਸੇ ਵੀ ਦੁੱਧ ਦੇ ਸੈਂਪਲ ਵਿੱਚ ਕੋਈ ਹਾਨੀਕਾਰਕ ਰਸਾਇਣ ਨਹੀਂ ਪਾਇਆ ਗਿਆ। ਇਸ ਮੌਕੇ ਵਿਭਾਗ ਵੱਲੋਂ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਸ਼ੁੱਧਤਾ ਤੇ ਗੁਣਵੱਤਾ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਸ਼ੁੱਧ, ਮਿਆਰੀ ਤੇ ਸਾਫ਼ ਦੁੱਧ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਵਿਭਾਗ ਵੱਲੋਂ ਦੁੱਧ ਦੀ ਗੁਣਵੱਤਾ ਦੀ ਜਾਂਚ ਅਤੇ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਕੈਂਪ ਭਵਿੱਖ ’ਚ ਵੀ ਲਗਾਤਾਰ ਲਾਏ ਜਾਣਗੇ।