- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ.ਅੰਬੇਡਕਰ ਸਾਹਿਬ ਦੀ ਮੂਰਤੀ ਦੇ ਅਪਮਾਨ ਦੀ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਵੱਲੋਂ ਨਿਖੇਧੀ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਲੁਧਿਆਣਾ ਵਿੱਚ ਭਾਰਤ ਰਤਨ ਡਾ. ਬੀਆਰ. ਅੰਬੇਡਕਰ ਦੀ ਮੂਰਤੀ ਨਾਲ ਕੀਤੀ ਗਈ ਬੇਅਦਬੀ ਅਤੇ ਅਪਮਾਨ ਦੀ ਘਟਨਾ ਬੇਹੱਦ ਗੰਭੀਰ ਅਤੇ ਚਿੰਤਾਜਨਕ ਹੈ। ਇਸ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਡਾ. ਬੀਆਰ. ਅੰਬੇਡਕਰ ਸਾਹਿਬ ਦੀ ਮੂਰਤੀ ਦਾ ਅਪਮਾਨ ਸਿਰਫ਼ ਇਕ ਮੂਰਤੀ ਦਾ ਅਪਮਾਨ ਨਹੀਂ ਹੈ, ਸਗੋਂ ਇਹ ਦੇਸ਼ ਦੇ ਸੰਵਿਧਾਨ ਅਤੇ ਸਮਾਜਿਕ ਨਿਆਂ ਦੀ ਭਾਵਨਾ ਦਾ ਅਪਮਾਨ ਹੈ। ਇਸ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਸਾਬਕਾ ਵਿਧਾਇਕ ਵੈਦ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਾਡੇ ਰਹਿਬਰ, ਸੰਵਿਧਾਨ ਨਿਰਮਾਤਾ ਤੇ ਗਰੀਬ ਤੇ ਦਲਿਤ ਪਰਿਵਾਰਾਂ ਦੇ ਮਸੀਹਾ ਦੇ ਬੁੱਤ ਨਾਲ ਅਜਿਹੀ ਘਟੀਆ ਕਰਤੂਤ ਕੀਤੀ ਹੋਵੇ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਪਿਛਲੇ ਕੁਝ ਮਹੀਨਿਆਂ ’ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਵਾਰ-ਵਾਰ ਡਾ. ਅੰਬੇਡਕਰ ਸਾਹਿਬ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਅਜਿਹੇ ਮਾੜੇ ਅਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਕਾਨੂੰਨ ਦਾ ਕੋਈ ਡਰ ਪੈਦਾ ਨਹੀਂ ਕੀਤਾ ਜਾ ਸਕਿਆ। ਅਜਿਹੇ ਅੰਸਰਾਂ 'ਤੇ ਨਕੇਲ ਕੱਸਣਾ ਸਰਕਾਰ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਹੈ, ਜਿਸ ਵਿੱਚ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਇਸ ਮੌਕੇ ਹਲਕਾ ਮੁਖੀ ਵੈਦ ਅਤੇ ਜਿਲ੍ਹਾ ਪ੍ਰਧਾਨ ਮੁੱਲਾਂਪੁਰ ਨੇ ਜ਼ੋਰ ਦੇ ਕੇ ਕਿਹਾ ਕਿ ਡਾ. ਅੰਬੇਡਕਰ ਜੀ ਕੇਵਲ ਸਮਾਜ ਸੁਧਾਰਕ ਹੀ ਨਹੀਂ ਸਨ, ਸਗੋਂ ਉਹ ਭਾਰਤੀ ਸੰਵਿਧਾਨ ਦੇ ਪ੍ਰਮੁੱਖ ਸ਼ਿਲਪਕਾਰ ਤੇ ਕਰੋੜਾਂ ਵੰਚਿਤ ਤੇ ਸ਼ੋਸ਼ਿਤ ਲੋਕਾਂ ਦੇ ਅਧਿਕਾਰਾਂ ਦੇ ਪ੍ਰਤੀਕ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਲੁਧਿਆਣਾ ਦੀ ਇਸ ਘਟਨਾ ਦੇ ਦੋਸ਼ੀਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।