- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਨ ਲੀਡ-ਭਾਰਤ ਰਤਨ ਡਾ.ਅੰਬੇਦਕਰ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਲੁਧਿਆਣਾ ਬੰਦ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ

-ਪੁਰਾਣੇ ਸ਼ਹਿਰ ਦੇ ਬਾਜ਼ਾਰ ਤੇ ਧਰਨੇ ਨੇੜੇ ਰਿਹਾ ਮੁਕੰਮਲ ਬੰਦ, ਸੜਕਾਂ ’ਤੇ ਬੈਰੀਕੇਡ ਲਾਉਣ ਨਾਲ ਵਾਹਨ ਚਾਲਕ ਹੋਏ ਖੁੱਜਲ-ਖੁਆਰ
ਫ਼ੋਟੋ ਨੰਬਰ-31,32,36,38,41, 42
ਪੁਨੀਤ ਬਾਵਾ/ਸੁਸ਼ੀਲ ਕੁਮਾਰ ਸ਼ਸ਼ੀ/ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ
ਇੱਥੋਂ ਦੇ ਜਲੰਧਰ ਬਾਈਪਾਸ ’ਤੇ ਸਥਿਤ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਉੱਪਰ ਸ਼ਰਾਰਤੀ ਅਨਸਰਾਂ ਵੱਲੋਂ ਜੁੱਤੀਆਂ ਦਾ ਹਾਰ ਪਾ ਕੇ ਘਿਨੌਣੀ ਹਰਕਤ ਕੀਤੀ ਸੀ, ਜਿਸ ਦੇ ਵਿਰੋਧ ’ਚ ਬੁੱਧਵਾਰ ਨੂੰ ਲੁਧਿਆਣਾ ਬੰਦ ਰੱਖਣ ਦਾ ਸੱਦਾ ਦਿੱਤਾ ਸੀ। ਲੁਧਿਆਣਾ ਬੰਦ ਨੂੰ ਅੱਜ ਰਲਿਆ ਮਿਲਿਆ ਹੁੰਗਾਰਾ ਮਿਲਿਆ।
ਸੈਂਕੜੇ ਮੁਜ਼ਾਹਰਾਕਾਰੀਆਂ ਨੇ ਜਲੰਧਰ ਬਾਈਪਾਸ ਚੌਕ ’ਚ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ, ਜਦਕਿ ਕੌਮੀ ਮਾਰਗ-44 ’ਤੇ ਵੀ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਜਗਰਾਉਂ ਪੁਲ ਦੀ ਐਂਟਰੀ ’ਤੇ ਵੀ ਮੁਜ਼ਾਹਰਾਕੀਆਂ ਦੇ ਬੈਠ ਜਾਣ ਕਾਰਨ ਵਾਹਨਾਂ ਦੀ ਆਵਾਜਾਈ ਰੁਕ ਗਈ। ਹਾਲਾਂਕਿ ਐਂਬੂਲੈਂਸਾਂ, ਸਕੂਲੀ ਵੈਨਾਂ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਲੰਘਣ ਦਿੱਤਾ ਗਿਆ। ਮੁਜ਼ਾਹਰਾਕਾਰੀਆਂ ਦੇ ਧਰਨੇ ਕਾਰਨ ਸ਼ਹਿਰ ਦੇ ਕਈ ਹਿੱਸਿਆਂ ’ਚ ਆਵਾਜਾਈ ਦਾ ਜਾਮ ਲੱਗ ਗਿਆ ਤੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਵੱਲੋਂ ਆਵਾਜਾਈ ਨੂੰ ਚਾਲੂ ਰੱਖਣ ਲਈ ਕਈ ਥਾਵਾਂ ’ਤੇ ਬਦਲਵੇਂ ਰਸਤੇ ਬਣਾਏ ਗਏ ਪਰ ਵੱਡੀ ਗਿਣਤੀ ’ਚ ਵਾਹਨਾਂ ਕਾਰਨ ਸੜਕਾਂ ’ਤੇ ਲੰਬੇ ਜਾਮ ਦੀ ਸਥਿਤੀ ਬਣੀ ਰਹੀ।
ਸ਼ਹਿਰ ਦੇ ਕਈ ਇਲਾਕਿਆਂ ’ਚ ਦੁਕਾਨਾਂ, ਕਾਰਖ਼ਾਨੇ ਤੇ ਹੋਰ ਵਪਾਰਕ ਅਦਾਰੇ ਆਮ ਵਾਂਗ ਖੁੱਲ੍ਹੇ ਨਜ਼ਰ ਆਏ, ਜਦਕਿ ਧਰਨੇ ਵਾਲੀ ਥਾਂ ਦੇ ਆਲੇ ਦੁਆਲੇ ਦੇ ਕੁੱਝ ਇਲਾਕਿਆਂ ਵਿੱਚ ਬੰਦ ਨੂੰ ਭਰਵਾਂ ਸਮਰਥਨ ਮਿਲਿਆ। ਕਈ ਬਾਜ਼ਾਰ ਮੁਕੰਮਲ ਬੰਦ ਨਜ਼ਰ ਆਏ। ਹਾਲਾਂਕਿ ਬੰਦ ਦੇ ਸੱਦੇ ਨਾਲੋਂ ਵੱਧ ਅਸਰ ਧਰਨੇ ਤੇ ਸੜਕਾਂ ’ਤੇ ਕੀਤੇ ਰੋਸ ਮੁਜ਼ਾਹਰਿਆਂ ਦਾ ਆਵਾਜਾਈ ’ਤੇ ਪਿਆ। ਖਾਸ ਕਰਕੇ ਲੁਧਿਆਣਾ-ਦਿੱਲੀ ਸੜਕ ’ਤੇ ਕਈ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ। ਸੜਕ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਕਈ ਕਿਲੋਮੀਟਰ ਤੱਕ ਟ੍ਰੈਫਿਕ ਜਾਮ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ।
ਅੰਬੇਡਕਰ ਦੇ ਬੁੱਤ ਨਾਲ ਵਾਪਰੀ ਬੇਅਦਬੀ ਦੀ ਘਟਨਾ ਦੇ ਵਿਰੋਧ ਵਿੱਚ ਵੱਖ-ਵੱਖ ਭਾਈਚਾਰਿਆਂ ਤੇ ਜਥੇਬੰਦੀਆਂ ਦੇ ਆਗੂ ਤੇ ਵਰਕਰ ਧਰਨੇ ਵਿੱਚ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਧਰਨੇ ਕਾਰਨ ਆਵਾਜਾਈ ਦੀ ਰਫ਼ਤਾਰ ਥਮ ਗਈ। ਦਿੱਲੀ ਰੋਡ ’ਤੇ ਵਾਹਨਾਂ ਦੀ ਗਿਣਤੀ ਵਧਣ ਨਾਲ ਸਥਿਤੀ ਹੋਰ ਗੰਭੀਰ ਹੋ ਗਈ। ਜਾਮ ਵਿੱਚ ਫਸੇ ਲੋਕਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਲੰਮਾ ਸਮਾਂ ਉਡੀਕ ਕਰਨੀ ਪਈ। ਕਈ ਲੋਕਾਂ ਨੇ ਬਦਲਵੇਂ ਰਸਤਿਆਂ ਦਾ ਸਹਾਰਾ ਲਿਆ, ਪਰ ਉੱਥੇ ਵੀ ਆਵਾਜਾਈ ਦਾ ਦਬਾਅ ਵਧਣ ਕਾਰਨ ਸਮੱਸਿਆ ਬਣੀ ਰਹੀ। ਲੁਧਿਆਣਾ ਬੰਦ ਦੇ ਸੱਦੇ ਦੇ ਬਾਵਜੂਦ ਸ਼ਹਿਰ ਦੇ ਬਹੁਤੇ ਬਾਜ਼ਾਰਾਂ ਵਿੱਚ ਰੋਜ਼ਾਨਾ ਵਾਂਗ ਕਾਰੋਬਾਰ ਹੁੰਦਾ ਦਿਖਾਈ ਦਿੱਤਾ। ਬਹੁਤੀਆਂ ਦੁਕਾਨਾਂ, ਕਾਰਖਾਨਿਆਂ ਅਤੇ ਹੋਰ ਵਪਾਰਕ ਅਦਾਰਿਆਂ ਦੇ ਸ਼ਟਰ ਖੁੱਲ੍ਹੇ ਰਹੇ। ਇਸ ਕਾਰਨ ਬੰਦ ਨੂੰ ਪੂਰਨ ਬੰਦ ਦੀ ਬਜਾਏ ਰਲਿਆ-ਮਿਲਿਆ ਹੁੰਗਾਰਾ ਮਿਲਿਆ। ਦੂਜੇ ਪਾਸੇ ਜਿਨ੍ਹਾਂ ਇਲਾਕਿਆਂ ਵਿੱਚ ਜਥੇਬੰਦੀਆਂ ਅਤੇ ਪ੍ਰਦਰਸ਼ਨਕਾਰੀਆਂ ਦਾ ਪ੍ਰਭਾਵ ਰਿਹਾ, ਉੱਥੇ ਕਾਰੋਬਾਰੀ ਅਦਾਰਿਆਂ ਨੇ ਬੰਦ ਨੂੰ ਸਮਰਥਨ ਦਿੰਦਿਆਂ ਆਪਣੇ ਅਦਾਰੇ ਬੰਦ ਰੱਖੇ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਵਿੱਚ ਤਣਾਅ ਪੈਦਾ ਕਰਦੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲੰਧਰ ਬਾਈਪਾਸ ਸਥਿਤ ਅੰਬੇਦਕਰ ਦੇ ਬੁੱਤ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ, ਇਸ ਲਈ ਨਿਗਰਾਨੀ ਵਧਾਈ ਜਾਵੇ। ਰੋਸ ਮੁਜ਼ਾਹਰੇ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਬੇਅਦਬੀ ਦੀ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਾਨੂੰਨੀ ਤਰੀਕੇ ਨਾਲ ਹੋਣੀ ਚਾਹੀਦੀ ਹੈ।ਡਾ.ਅੰਬੇਦਕਰ ਦੇ ਬੁੱਤ ਦੀ ਬੇਅਦਬੀ ਦੇ ਵਿਰੋਧ ਵਿੱਚ ਦਿੱਤੇ ਗਏ ਲੁਧਿਆਣਾ ਬੰਦ ਦੇ ਸੱਦੇ ਦਾ ਸ਼ਹਿਰ ਵਿੱਚ ਮਿਲਿਆ-ਜੁਲਿਆ ਅਸਰ ਰਿਹਾ, ਪਰ ਰੋਸ ਪ੍ਰਦਰਸ਼ਨ ਅਤੇ ਧਰਨਿਆਂ ਕਾਰਨ ਸ਼ਹਿਰ ਦੀ ਆਵਾਜਾਈ ’ਤੇ ਵੱਡਾ ਪ੍ਰਭਾਵ ਪਿਆ। ਹੁਣ ਸਾਰੀਆਂ ਨਜ਼ਰਾਂ ਪੁਲਿਸ ਅਤੇ ਪ੍ਰਸ਼ਾਸਨ ਵੱਲ ਹਨ ਕਿ ਘਟਨਾ ਦੇ ਦੋਸ਼ੀਆਂ ਨੂੰ ਕਦੋਂ ਤੱਕ ਕਾਬੂ ਕਰਕੇ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਇਆ ਜਾਂਦਾ ਹੈ।
ਚੇਅਰਮੈਨ ਦਲਿਤ ਵਿਕਾਸ ਬੋਰਡ ਪੰਜਾਬ ਸਰਕਾਰ ਵਿਜੈ ਦਾਨਵ ਵਲੋਂ ਜਲੰਧਰ ਬਾਈਪਾਸ ਚੌਂਕ ਵਿਖੇ ਡਾ. ਅੰਬੇਡਕਰ ਜੀ ਦੇ ਬੁੱਤ ਵਾਲੀ ਥਾਂ ਦਾ ਦੌਰੇ ਕਰਨ ਸਮੇਂ ਕੀਤਾ ਗਿਆ। ਇਸ ਦੌਰਾਨ ਵਿਜੈ ਦਾਨਵ ਵਲੋਂ ਆਪਣੇ ਸਾਥੀਆਂ ਸਮੇਤ ਐਸਸੀ ਭਾਈਚਾਰੇ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਲਾਏ ਗਏ ਰੋਸ ਪ੍ਰਦਰਸ਼ਨ ਵਿਚ ਵੀ ਹਾਜ਼ਰੀ ਲਵਾਈ ਗਈ। ਉਨ੍ਹਾਂ ਕਿਹਾ ਕਿ ਅਜ਼ਾਦ ਭਾਰਤ ਵਿਚ ਡਾ. ਅੰਬੇਡਕਰ ਜੀ ਦੇ ਬੁੱਤ ਦਾ ਅਪਮਾਨ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ।
ਇਸ ਮੌਕੇ ਸੰਜੇ ਦਿਸ਼ਾਵਰ, ਗੇਜਾ ਰਾਮ ਵਾਲਮੀਕਿ, ਦੀਪੂ ਘਈ, ਵਿਮਲ ਭੱਟੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਨੀਤਿਕ ਆਗੂ ਤੇ ਸੰਘਰਸ਼ ਕਮੇਟੀ ਦੇ ਮੈਂਬਰ ਹਾਜ਼ਰ ਸਨ। ਮੁਜ਼ਾਹਰਾਕਾਰੀਆਂ ਅਨੁਸਾਰ ਦੋਵੇਂ ਮਾਮਲਿਆਂ ਦੇ ਦੋਸ਼ੀਆਂ ਨੂੰ ਘੱਟ ਤੋਂ ਘੱਟ ਸਮੇਂ ’ਚ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਨੇਤਾ ਜੀ ਸੌਂਧੀ, ਸੰਜੀਵ ਗਿੱਲ, ਡੀਪੀ ਖੋਸਲਾ, ਵਿਪਨ ਕਲਿਆਣ, ਵਿੱਕੀ ਸਹੋਤਾ, ਅਜੇਪਾਲ ਦਿਸ਼ਾਵਰ, ਕਾਲਾ ਸਵਾਮੀ, ਬੰਸੀ ਲਾਲ ਪ੍ਰੇਮੀ, ਐਡਵੋਕੇਟ ਰਾਹੁਲ ਪੁਹਾਲ, ਮਿੰਕਲ ਬਿਰਲਾ, ਸੋਹਣਵੀਰ ਰਣੀਆ ਆਦਿ ਹਾਜ਼ਰ ਸਨ।
-ਬਾਕਸ-
-ਚਾਰ ਘੰਟਿਆਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ
33) ਏਡੀਸੀਪੀ ਸਮੀਰ ਵਰਮਾ ਨੂੰ ਮੰਗ ਪੱਤਰ ਸੌਂਪਦੇ ਸੰਘਰਸ਼ ਕਮੇਟੀ ਦੇ ਆਗੂ।
ਲਗਭਗ ਚਾਰ ਘੰਟਿਆਂ ਤੱਕ ਚੱਲੇ ਪ੍ਰਦਰਸ਼ਨ ਤੋਂ ਬਾਅਦ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ। ਇਸ ਤੋਂ ਬਾਅਦ ਵਫ਼ਦ ਦੀ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਤੈਅ ਕੀਤੀ ਗਈ, ਜਿਸ ਦੌਰਾਨ ਮੂਰਤੀ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਸਬੰਧੀ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਣੀ ਹੈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਜਲਦ ਦੋਸ਼ੀਆਂ ਨੂੰ ਕਾਬੂ ਨਾ ਕੀਤਾ, ਤਾਂ ਮੁੜ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੁੱਝ ਮਹੀਨੇ ਪਹਿਲਾਂ ਮੂਰਤੀ ਦੇ ਬਾਹਰੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਾਮਲੇ ਨੂੰ ਵੀ ਤੁਰੰਤ ਸੁਲਝਾਇਆ ਜਾਵੇ।
-ਬਾਕਸ-
-ਅਣਪਛਾਤਿਆਂ ਖਿਲਾਫ਼ ਮੁਕੱਦਮਾ ਦਰਜ
ਸਲੇਮ ਟਾਬਰੀ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਹਿਰ ਵਾਸੀ ਐਡਵੋਕੇਟ ਨਰਿੰਦਰ ਆਦੀਆ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 298 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਅਨੁਸਾਰ ਚੌਕ ਦੀ ਦੇਖਭਾਲ ਕਰਨ ਵਾਲੇ ਮਾਲੀ ਨੇ ਉਨ੍ਹਾਂ ਨੂੰ ਮੂਰਤੀ ਨਾਲ ਹੋਈ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ।
-ਬਾਕਸ-
-ਵੀਰਵਾਰ ਨੂੰ ਸੰਘਰਸ਼ ਕਮੇਟੀ ਦੀ ਡੀਸੀ ਨਾਲ ਹੋਵੇਗੀ ਮੀਟਿੰਗ
ਸੰਘਰਸ਼ ਕਮੇਟੀ ਦੇ ਆਗੂ ਨਰੇਸ਼ ਧੀਂਗਾਨ ਨੇ ਦੱਸਿਆ ਕਿ ਸੰਘਰਸ਼ ਕਮੇਟੀ ਦੀ ਜਿਲ੍ਹਾ ਪ੍ਰਸ਼ਾਸ਼ਨ ਨਾਲ ਵੀਰਵਾਰ ਨੂੰ 11 ਵਜੇ ਮੀਟਿੰਗ ਹੋਵੇਗੀ ਅਤੇ ਜੇਕਰ ਸੰਘਰਸ਼ ਕਮੇਟੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਾਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਸੰਘਰਸ਼ ਕਮੇਟੀ ਵਲੋਂ ਲੁਧਿਆਣਾ ਸ਼ਹਿਰ ਦੇ ਵਿੱਚ 2 ਵਜੇ ਤੋਂ ਬਾਅਦ ਚੌਂਕਾਂ ਵਿਚ ਲੱਗਿਆ ਜਾਮ ਨੂੰ ਖੋਲ੍ਹ ਦਿੱਤਾ ਗਿਆ।
-ਬਾਕਸ
-ਦੋ ਮੰਗਾਂ ਮੰਨੀਆਂ, ਤੀਜੀ 'ਤੇ ਅੱਜ ਕੀਤਾ ਜਾਵੇਗਾ ਵਿਚਾਰ
35) ਡਾ. ਅੰਬੇਡਕਰ ਦੇ ਬੁੱਤ ਨੇੜੇ ਸੀਸੀਟੀਵੀ ਕੈਮਰੇ ਲਾਉਂਦਾ ਕਾਰੀਗਰ।
ਭਾਵਦਾਸ ਤੇ ਭਾਜਪਾ ਦੇ ਸੀਨੀਅਰ ਆਗੂ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਸਰਕਾਰ ਨੇ ਦੋ ਮੰਗਾਂ ਮੰਨ ਲਈਆਂ ਹਨ। ਜਿਸ ਵਿੱਚ ਬਾਬਾ ਸਾਹਿਬ ਦੇ ਬੁੱਤ ਦੇ ਆਲੇ-ਦੁਆਲੇ ਕੈਮਰੇ ਲਾ ਦਿੱਤੇ ਹਨ ਤੇ ਬਾਬਾ ਸਾਹਿਬ ਦੀ ਵੱਡੀ ਤਸਵੀਰ ਸਥਾਪਤ ਕਰ ਦਿੱਤੀ ਗਈ ਹੈ। ਤੀਜੀ ਮੰਗ ਕੈਮਰੇ ਨਾ ਲਾਉਣ ਲਈ ਜ਼ਿੰਮੇਵਾਰ ਅਧਿਕਾਰੀ ਨੂੰ ਮੁਅੱਤਲ ਕਰਨ ਬਾਰੇ ਵੀਰਵਾਰ ਸਵੇਰੇ ਡਿਪਟੀ ਕਮਿਸ਼ਨਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਉਨ੍ਹਾਂ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰੇ ਤੇ ਜੇਲ੍ਹ ਭੇਜੇ।
-ਵਿਧਾਇਕ ਮਦਨ ਲਾਲ ਬੱਗਾ ਖ਼ਿਲਾਫ਼ ਵੀ ਕੀਤਾ ਰੋਸ ਮੁਜ਼ਾਹਰਾ
34) ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਨਾਮ ਵਾਲੇ ਬੋਰਡ ’ਤੇ ਲਾਈ ਕਾਲਖ਼।
ਇਸ ਦੌਰਾਨ ਉੱਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਨਾਂ ਵਾਲੇ ਸਾਈਨ ਬੋਰਡ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਕਾਲਖ ਮਲ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਇਲਾਕੇ ’ਚ ਨਿਗਰਾਨੀ ਕੈਮਰੇ ਲਗਵਾਉਣ ਦੀ ਮੰਗ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਵੀ ਗੰਭੀਰਤਾ ਨਾਲ ਨਹੀਂ ਸੁਣਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਲੋਕ ਉਨ੍ਹਾਂ ਨੂੰ ਆਪਣੀ ਨਾਰਾਜ਼ਗੀ ਦਾ ਜਵਾਬ ਦੇਣਗੇ।
-ਬਾਕਸ-
-ਸਿਆਸੀ ਪਾਰਟੀਆਂ ਦੇ ਆਗੂ ਵੀ ਧਰਨੇ ’ਚ ਪੁੱਜੇ
ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਵਿਰੋਧ ਵਿੱਚ ਲਗਾਏ ਗਏ ਧਰਨੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਪੁੱਜੇ। ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ,ਆਰਡੀ ਸ਼ਰਮਾ, ਭਾਜਪਾ ਦੇ ਸੂਬਾ ਆਗੂ ਜੀਵਨ ਗੁਪਤਾ, ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿੱਲ, ਪ੍ਰਵੀਨ ਬਾਂਸਲ ਸੂਬਾ ਭਾਜਪਾ ਆਗੂ, ਸੂਬਾ ਬੁਲਾਰੇ ਗੁਰਦੀਪ ਸਿੰਘ ਗੋਸ਼ਾ, ਕਾਂਗਰਸ ਪਾਰਟੀ ਵੱਲੋਂ ਸਾਬਕਾ ਮੰਤਰੀ ਰਾਕੇਸ਼ ਪਾਂਡੇ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ,
ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਘਟਨਾ ਦੀ ਨਿੰਦਾ ਕੀਤੀ। ਆਗੂਆਂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਦੇਸ਼ ਦੇ ਸੰਵਿਧਾਨ ਨਿਰਮਾਤਾ ਸਨ ਅਤੇ ਉਨ੍ਹਾਂ ਦੇ ਬੁੱਤ ਨਾਲ ਅਜਿਹੀ ਹਰਕਤ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਵਾਈ ਜਾਵੇ।
-ਆਮ ਲੋਕਾਂ ਨੂੰ ਝੱਲਣੀ ਪਈ ਭਾਰੀ ਪਰੇਸ਼ਾਨੀ
ਧਰਨੇ ਤੇ ਸੜਕ ਜਾਮ ਕਾਰਨ ਆਮ ਲੋਕਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਰੋਡ ’ਤੇ ਲੰਮੇ ਸਮੇਂ ਤੱਕ ਆਵਾਜਾਈ ਰੁਕੀ ਰਹਿਣ ਕਾਰਨ ਦਫ਼ਤਰਾਂ, ਉਦਯੋਗਿਕ ਇਕਾਈਆਂ ਅਤੇ ਹੋਰ ਕੰਮਾਂ ਲਈ ਜਾਣ ਵਾਲੇ ਲੋਕ ਰਸਤੇ ਵਿੱਚ ਫਸੇ ਰਹੇ। ਕਈ ਵਾਹਨ ਚਾਲਕਾਂ ਨੂੰ ਕਈ ਕਿਲੋਮੀਟਰ ਦਾ ਰਸਤਾ ਤੈਅ ਕਰਨ ਵਿੱਚ ਆਮ ਨਾਲੋਂ ਕਈ ਗੁਣਾ ਵੱਧ ਸਮਾਂ ਲੱਗਿਆ।
-ਬਾਕਸ-
-ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਘਟਨਾ ਅਤਿ ਨਿੰਦਣਯੋਗ
39) ਰਾਜੀਵ ਕੁਮਾਰ ਲਵਲੀ।
ਸ੍ਰੀ ਗੁਰੂ ਰਵਿਦਾਸ ਸਭਾ ਸਮਾਧ ਮਾਈ ਚੰਦੋ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਵਿੱਚ ਸਥਾਪਿਤ ਸੰਵਿਧਾਨ ਨਿਰਮਾਤਾ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਬੇਅਦਬੀ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਘਟਨਾ ਦੇ ਵਿਰੋਧ ਵਿੱਚ ਦਿੱਤੇ ਗਏ ਲੁਧਿਆਣਾ ਬੰਦ ਦੇ ਸੱਦੇ ਦਾ ਵੀ ਸਭਾ ਵੱਲੋਂ ਪੂਰਨ ਸਮਰਥਨ ਕੀਤਾ ਗਿਆ।ਲਵਲੀ ਨੇ ਕਿਹਾ ਕਿ ਲੁਧਿਆਣਾ ਦੇ ਸਭ ਤੋਂ ਭੀੜ ਵਾਲੇ ਚੌਂਕਾਂ ਵਿੱਚੋਂ ਇੱਕ ਜਲੰਧਰ ਬਾਈਪਾਸ ਚੌਂਕ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਹੋਣਾ ਨਾ ਸਿਰਫ ਨਿੰਦਣਯੋਗ ਹੈ, ਬਲਕਿ ਪੁਲਿਸ-ਪ੍ਰਸ਼ਾਸਨ ਉੱਪਰ ਵੀ ਸਵਾਲ ਖੜੇ ਕਰਦਾ ਹੈ।
-ਬਾਕਸ-
-71 ਦਿਨਾਂ ’ਚ ਤੀਜੀ ਵਾਰ ਬੰਦ ਨਾਲ ਪ੍ਰਭਾਵਿਤ ਹੋਇਆ ਮਹਾਨਗਰ
ਜਲੰਧਰ ਬਾਈਪਾਸ ’ਤੇ ਵਾਪਰੀ ਇਸ ਘਟਨਾ ਤੋਂ ਬਾਅਦ ਹੋਇਆ ਬੰਦ ਪਿਛਲੇ 71 ਦਿਨਾਂ ਦੌਰਾਨ ਲੁਧਿਆਣਾ ਵਿੱਚ ਦਿੱਤਾ ਗਿਆ ਤੀਜਾ ਬੰਦ ਦਾ ਸੱਦਾ ਰਿਹਾ। ਇਸ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਆਵਾਜਾਈ ਨੂੰ ਸੁਚਾਰੂ ਕਰਨ ਲਈ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਾਇਨਾਤ ਕੀਤੇ ਗਏ। ਵਧੀਕ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀ ਜਥੇਬੰਦੀਆਂ ਦੀ ਮੰਗ ’ਤੇ ਲੁਧਿਆਣਾ ਨਗਰ ਨਿਗਮ ਦੇ ਸਹਿਯੋਗ ਨਾਲ ਮੂਰਤੀ ਵਾਲੀ ਥਾਂ ’ਤੇ ਨਵੇਂ ਨਿਗਰਾਨੀ ਕੈਮਰੇ ਵੀ ਲਗਾ ਦਿੱਤੇ ਗਏ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨੂੰ ਰੋਕਿਆ ਜਾ ਸਕੇ ਅਤੇ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖੀ ਜਾ ਸਕੇ।
‘ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਸੰਘਰਸ਼ ਜਾਰੀ ਰਹੇਗਾ’ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਅਤੇ ਕੇਂਦਰੀ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਮੰਗਲਵਾਰ ਦੇਰ ਰਾਤ ਹੀ ਮੂਰਤੀ ਵਾਲੀ ਥਾਂ ’ਤੇ ਪਹੁੰਚੇ ਸਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਸੀ।
-ਬਾਕਸ-
-ਬਸਤੀ ਚੌਕ 'ਚ ਧਰਨਾਕਾਰੀਆਂ ਦੀ ਧੱਕੇਸ਼ਾਹੀ, ਰਾਹਗੀਰ ਦੇ ਸਕੂਟਰ ਦੀ ਚਾਬੀ ਕੱਢੀ
37) ਬੰਦ ਦੌਰਾਨ ਐਂਬੂਲੈਂਸ ਨੂੰ ਲੰਘਾਉਂਦੇ ਮੁਜ਼ਾਹਰਾਕਾਰੀ।
40) ਮਹਾਨਗਰ ’ਚ ਬੰਦ ਦੌਰਾਨ ਬਸਤੀ ਜੋਧੇਵਾਲ ਚੌਂਕ ’ਚ ਰੋਕੀ ਗਈ ਆਵਾਜਾਈ ਕਾਰਨ ਲੱਗਿਆ ਹੋਇਆ ਜਾਮ।
43) ਬੰਦ ਦੌਰਾਨ ਗੱਲਬਾਤ ਕਰਦਾ ਸਕੂਟਰ ਚਾਲਕ।
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਬੇਅਦਬੀ ਦੀ ਘਟਨਾ ਤੋਂ ਬਾਅਦ ਅੱਜ ਸ਼ਹਿਰ ਬੰਦ ਦਾ ਸੱਦਾ ਦਿੱਤਾ ਗਿਆ। ਅੱਜ ਬੰਦ ਦਾ ਅਸਰ ਮੁੱਖ ਬਾਜ਼ਾਰਾਂ ’ਚ ਸਾਫ ਦੇਖਣ ਨੂੰ ਮਿਲਿਆ। ਕਈ ਥਾਵਾਂ 'ਤੇ ਬੰਦ ਪੂਰਨ ਰਿਹਾ, ਤਾਂ ਕਈ ਥਾਵਾਂ 'ਤੇ ਮਿਲਿਆ-ਜੁਲਿਆ ਅਸਰ ਰਿਹਾ। ਬੰਦ ਕਾਰਨ ਆਮ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ। ਹਾਈਵੇਅ 'ਤੇ ਕਰਫਿਊ ਵਰਗਾ ਮਾਹੌਲ ਬਣਿਆ ਰਿਹਾ ਤੇ ਸਵੇਰੇ 10 ਵਜੇ ਤੋਂ ਬਾਅਦ ਵੱਡੀਆਂ ਗੱਡੀਆਂ ਜਾਮ ’ਚ ਖੜ੍ਹੀਆਂ ਰਹੀਆਂ। ਇਸ ਦੌਰਾਨ ਆ ਰਹੀ ਐਂਬੂਲੈਂਸ ਨੂੰ ਧਰਨਾਕਾਰੀਆਂ ਨੇ ਸਹੀ ਢੰਗ ਨਾਲ ਕਢਵਾਇਆ। ਬਸਤੀ ਚੌਕ ’ਚ ਧਰਨਾ ਲਗਾ ਕੇ ਮੁਜ਼ਾਹਰਾਕਾਰੀਆਂ ਨੇ ਚਾਰੇ ਪਾਸੇ ਰੱਸੀਆਂ ਲਾ ਕੇ ਰਾਹ ਰੋਕ ਦਿੱਤਾ। ਇਸ ਦੌਰਾਨ ਰਾਹਗੀਰਾਂ ਨਾਲ ਧਰਨਾਕਾਰੀਆਂ ਦੀ ਖਹਿ-ਬਾਜ਼ੀ ਵੀ ਹੋਈ। ਸ਼ਿਵ ਪੁਰੀ ਚੌਕ ਵਿਖੇ ਵੀ ਰੱਸੀਆਂ ਲਾ ਕੇ ਰਾਹ ਬੰਦ ਕੀਤਾ ਗਿਆ। ਸੇਖੇਵਾਲ ਸਾਹਮਣੇ ਪੁੱਲ 'ਤੇ ਪੁਲਿਸ ਵੱਲੋਂ ਟ੍ਰੈਫਿਕ ਡਾਇਵਰਟ ਕਰਦਿਆਂ ਦੇਖਿਆ ਗਿਆ। ਇਸ ਦੌਰਾਨ ਧੱਕੇਸ਼ਾਹੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ। ਬਸਤੀ ਚੌਕ ਤੋਂ ਲੰਘ ਰਹੇ ਇਕ ਨੌਜਵਾਨ ਦੇ ਸਕੂਟਰ ਦੀ ਚਾਬੀ ਧਰਨਾਕਾਰੀਆਂ ਨੇ ਕੱਢ ਲਈ। ਨੌਜਵਾਨ ਚਾਬੀ ਲਈ ਗੁਹਾਰ ਲਾਉਂਦਾ ਰਿਹਾ, ਪਰ ਕਿਸੇ ਨੇ ਇਕ ਨਾ ਸੁਣੀ। ਪੀੜਤ ਨੌਜਵਾਨ ਅਨੁਸਾਰ ਉਹ ਆਪਣੇ ਸਕੂਟਰ 'ਤੇ ਘਰ ਜਾ ਰਿਹਾ ਸੀ, ਜਦੋਂ ਉਹ ਬਸਤੀ ਚੌਕ ਪੁੱਜਾ, ਤਾਂ ਉਸ ਦੀ ਚਾਬੀ ਖੋਹ ਲਈ ਤੇ ਕਿਹਾ ਕਿ 4 ਵਜੇ ਤੋਂ ਬਾਅਦ ਆ ਕੇ ਚਾਬੀ ਲੈ ਜਾਵੀਂ। ਨੌਜਵਾਨ ਨੇ ਕਿਹਾ ਕਿ ਉਸ ਨੂੰ ਚਾਬੀ ਦੇ ਦਿੱਤੀ ਜਾਵੇ, ਤਾਂ ਉਹ ਜਿੱਥੇ ਤਾਲਾ ਲੱਗਾ ਹੈ ਉੱਥੋਂ ਸ਼ਾਮ ਨੂੰ ਆ ਕੇ ਸਕੂਟਰ ਲੈ ਜਾਵੇਗਾ, ਪਰ ਧਰਨਾਕਾਰੀਆਂ ਨੇ ਉਸ ਦੀ ਇਕ ਨਾ ਸੁਣੀ।