- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਦੀ ਲੀਡ-ਲੁਧਿਆਣਾ ਦੀ ਹਵਾ ਹੀ ਨਹੀਂ, ਪਾਣੀ ਦਾ ਸੰਕਟ ਵੀ ਗੰਭੀਰ

-ਐੱਸਐੱਸਜੀ ਮਿਸ਼ਨ ਤਹਿਤ ਡੀਸੀ ਦਫ਼ਤਰ ’ਚ ਹੋਇਆ ਫੋਕਸ ਗਰੁੱਪ ਵਿਚਾਰ-ਵਟਾਂਦਰਾ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਇੱਥੋਂ ਦੀਆਂ ਵਾਤਾਵਰਣਕ ਸਮੱਸਿਆਵਾਂ ਨੂੰ ਹਵਾ ਪ੍ਰਦੂਸ਼ਣ ਤਕ ਸੀਮਤ ਰੱਖਣ ਦੀ ਬਜਾਏ ਪਾਣੀ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਦੀ ਘਟਦੀ ਸਥਿਤੀ, ਕੂੜਾ ਪ੍ਰਬੰਧਨ ਤੇ ਟ੍ਰੈਫਿਕ ਸਮੱਸਿਆਵਾਂ ਨੂੰ ਇਕੱਠੇ ਜੋੜ ਕੇ ਹੱਲ ਕਰਨ ਦੀ ਲੋੜ ਹੈ। ਇਹ ਗੱਲ ਐੱਸਐੱਸਜੀ ਮਿਸ਼ਨ ਤਹਿਤ ਡੀਸੀ ਦਫ਼ਤਰ ਲੁਧਿਆਣਾ ’ਚ ਹੋਈ ਫੋਕਸ ਗਰੁੱਪ ਮੀਟਿੰਗ ਦੌਰਾਨ ਉਭਰ ਕੇ ਸਾਹਮਣੇ ਆਈ। ਟੀਮ ਐੱਸਐੱਸਜੀ ਵੱਲੋਂ ਸਮਤਾ ਟਾਇਡੇ ਨੇ ਲੁਧਿਆਣਾ ਤੇ ਬਰਮਿੰਘਮ ਦੀਆਂ ਸ਼ਹਿਰੀ ਵਾਤਾਵਰਣਕ ਚੁਣੌਤੀਆਂ ਤੇ ਪ੍ਰਬੰਧਨ ਪ੍ਰਣਾਲੀਆਂ ਦੀ ਤੁਲਨਾ ਕਰਦਿਆਂ ਪੇਸ਼ਕਾਰੀ ਦਿੱਤੀ। ਚਰਚਾ ਵਿੱਚ ਹਵਾ ਪ੍ਰਦੂਸ਼ਣ, ਟ੍ਰੈਫਿਕ ਪ੍ਰਬੰਧਨ ਤੇ ਕੁੱਝ ਹੱਦ ਤੱਕ ਠੋਸ ਕੂੜਾ ਪ੍ਰਬੰਧਨ ’ਤੇ ਧਿਆਨ ਕੇਂਦਰਿਤ ਰਿਹਾ।
ਪਬਲਿਕ ਐਕਸ਼ਨ ਕਮੇਟੀ (ਪੀਏਸੀ) ਨੇ ਪਾਣੀ ਪ੍ਰਦੂਸ਼ਣ ਅਤੇ ਲੁਧਿਆਣਾ ਵਿੱਚ ਵਧ ਰਹੇ ਪਾਣੀ ਦੇ ਸੰਕਟ ਨੂੰ ਵੀ ਬਰਾਬਰ ਮਹੱਤਵ ਦੇਣ ਦੀ ਲੋੜ ਉਜਾਗਰ ਕੀਤੀ। ਕਮੇਟੀ ਅਨੁਸਾਰ ਹਵਾ, ਪਾਣੀ, ਕੂੜਾ ਤੇ ਟ੍ਰੈਫਿਕ ਦੀਆਂ ਸਮੱਸਿਆਵਾਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਨੂੰ ਵੱਖ-ਵੱਖ ਕਰਕੇ ਹੱਲ ਨਹੀਂ ਕੀਤਾ ਜਾ ਸਕਦਾ।
-ਬਾਕਸ-
-ਮੁੱਖ ਬੱਸ ਅੱਡਾ ਸ਼ਹਿਰ ਤੋਂ ਬਾਹਰ ਕਰਨ ਦਾ ਸੁਝਾਅ
ਮੀਟਿੰਗ ਵਿੱਚ ਲੁਧਿਆਣਾ ਦੇ ਮੌਜੂਦਾ ਮੁੱਖ ਬੱਸ ਅੱਡੇ ਨੂੰ ਸ਼ਹਿਰ ਦੇ ਕੇਂਦਰ ਤੋਂ ਬਾਹਰ ਲੈ ਕੇ ਜਾਣ ਦਾ ਸੁਝਾਅ ਦਿੱਤਾ। ਮਤੇ ਅਨੁਸਾਰ ਪ੍ਰਸਤਾਵਿਤ ਆਊਟਰ ਸਰਕੁਲਰ ਰੋਡ ਦੇ ਨੇੜੇ ਘੱਟੋ-ਘੱਟ ਦੋ ਆਧੁਨਿਕ ਅਤੇ ਸੁਵਿਧਾਜਨਕ ਇੰਟਰਸਿਟੀ ਬੱਸ ਟਰਮੀਨਲ ਵਿਕਸਿਤ ਕੀਤੇ ਜਾ ਸਕਦੇ ਹਨ। ਇਨ੍ਹਾਂ ਟਰਮੀਨਲਾਂ ਨੂੰ ਵੱਖ-ਵੱਖ ਖੇਤਰੀ ਰੂਟਾਂ ਨਾਲ ਜੋੜਿਆ ਜਾਵੇ ਤੇ ਸ਼ਹਿਰ ਵਿੱਚ ਦਾਖਲ ਹੋਣ ਵਾਲੀ ਅੰਤਰ-ਸ਼ਹਿਰੀ ਬੱਸ ਆਵਾਜਾਈ ਨੂੰ ਬਾਹਰੀ ਖੇਤਰਾਂ ਵਿੱਚ ਹੀ ਰੋਕਿਆ ਜਾਵੇ। ਇੱਥੇ ਪਾਰਕਿੰਗ, ਯਾਤਰੀ ਸੁਵਿਧਾਵਾਂ, ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ, ਸਥਾਨਕ ਜਨਤਕ ਆਵਾਜਾਈ ਅਤੇ ਆਖਰੀ ਮੀਲ ਦੀ ਕਨੈਕਟੀਵਿਟੀ ਮੁਹੱਈਆ ਕਰਵਾਉਣ ਦੀ ਸਿਫ਼ਾਰਸ਼ ਕੀਤੀ ਗਈ। ਬੱਸ ਅੱਡਿਆਂ ਦੀ ਤਬਦੀਲੀ ਦੇ ਨਾਲ ਲੁਧਿਆਣਾ ਲਈ ਪੜਾਅਵਾਰ ਅਰਬਨ ਮੋਬਿਲਿਟੀ ਪਲਾਨ ਤਿਆਰ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਇਸ ਵਿੱਚ ਤੇਜ਼ ਅਤੇ ਕਿਫ਼ਾਇਤੀ ਇਲੈਕਟ੍ਰਿਕ ਬੱਸ ਸੇਵਾ, ਫੀਡਰ ਰੂਟ, ਆਖਰੀ ਮੀਲ ਕਨੈਕਟੀਵਿਟੀ, ਇਕਸਾਰ ਟਿਕਟਿੰਗ ਪ੍ਰਣਾਲੀ, ਯਾਤਰੀ ਜਾਣਕਾਰੀ ਸਿਸਟਮ ਤੇ ਲੋੜ ਅਨੁਸਾਰ ਸਮਰਪਿਤ ਜਾਂ ਪ੍ਰਾਥਮਿਕਤਾ ਵਾਲੀਆਂ ਬੱਸਾਂ ਲੈਣੀਆਂ ਸ਼ਾਮਲ ਹੋਣ। ਪ੍ਰਸਤਾਵਿਤ ਰਿੰਗ ਰੋਡ ਨਾਲ ਮੈਟਰੋ ਅਤੇ ਸਥਾਨਕ ਜਨਤਕ ਆਵਾਜਾਈ ਨੂੰ ਜੋੜਨ ’ਤੇ ਵੀ ਜ਼ੋਰ ਦਿੱਤਾ ਗਿਆ।
-ਬਾਕਸ-
-ਸਮਰਾਲਾ ਚੌਕ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਨਿਯਮਤ ਕਰਨ ਦੀ ਮੰਗ
ਸਮਰਾਲਾ ਚੌਕ ’ਤੇ ਭਾਰੀ ਵਪਾਰਕ ਵਾਹਨਾਂ ਤੇ ਜ਼ਿਆਦਾ ਆਵਾਜਾਈ ਵਾਲੇ ਸਮੇਂ ਵਿੱਚ ਟ੍ਰੈਫਿਕ ਦੇ ਟਕਰਾਅ ਨੂੰ ਘਟਾਉਣ ਲਈ ਨਿਰਧਾਰਤ ਸਮੇਂ ਦੌਰਾਨ ਭਾਰੀ ਵਾਹਨਾਂ ਦੀ ਆਵਾਜਾਈ ਸੀਮਤ ਕਰਨ ਦਾ ਸੁਝਾਅ ਦਿੱਤਾ ਗਿਆ। ਇਸ ਲਈ ਵੱਖਰੇ ਟਰੱਕ ਰੂਟ ਅਤੇ ਹੋਲਡਿੰਗ ਏਰੀਆ ਬਣਾਉਣ, ਸੰਭਵ ਹੋਣ ’ਤੇ ਮਾਲਵਾਹਕ ਆਵਾਜਾਈ ਨੂੰ ਬਾਈਪਾਸ ਅਤੇ ਆਊਟਰ ਸਰਕੁਲਰ ਰੋਡ ਵੱਲ ਮੋੜਨ, ਟ੍ਰੈਫਿਕ ਸਿਗਨਲਾਂ ਦੀ ਵਿਗਿਆਨਕ ਤਾਲਮੇਲ ਨਾਲ ਸੈਟਿੰਗ ਤੇ ਕੈਮਰਿਆਂ ਰਾਹੀਂ ਨਿਗਰਾਨੀ ਦੀ ਸਿਫ਼ਾਰਸ਼ ਕੀਤੀ ਗਈ। ਇਸ ਸਬੰਧੀ ਟਰਾਂਸਪੋਰਟਰਾਂ, ਉਦਯੋਗ, ਟ੍ਰੈਫਿਕ ਪੁਲਿਸ ਅਤੇ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਗੱਲ ਵੀ ਕਹੀ ਗਈ।
-ਬਾਕਸ-
-ਖ਼ਾਲੀ ਜ਼ਮੀਨਾਂ ਨੂੰ ਬਣਾਇਆ ਜਾਵੇ ਹਰੇ-ਭਰੇ ਜਨਤਕ ਸਥਾਨ
ਸ਼ਹਿਰ ਦੀਆਂ ਸੜਕਾਂ ਤੇ ਮਹੱਤਵਪੂਰਨ ਮਾਰਗਾਂ ਦੇ ਨਾਲ ਪਈਆਂ ਖਾਲੀ, ਬੇਕਾਰ ਜਾਂ ਖ਼ਰਾਬ ਜ਼ਮੀਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਅਰਬਨ ਫੋਰੈਸਟ, ਗ੍ਰੀਨ ਬਫ਼ਰ, ਪਾਰਕ, ਸਾਈਕਲਿੰਗ ਤੇ ਵਾਕਿੰਗ ਸਪੇਸ, ਰੇਨ ਗਾਰਡਨ ਅਤੇ ਭੂ-ਜਲ ਰੀਚਾਰਜ ਖੇਤਰਾਂ ਵਜੋਂ ਵਿਕਸਿਤ ਕਰਨ ਦਾ ਸੁਝਾਅ ਦਿੱਤਾ ਗਿਆ। ਜਿੱਥੇ ਲੋੜ ਹੋਵੇ ਉੱਥੇ ਸੰਗਠਿਤ ਵੈਂਡਿੰਗ ਜ਼ੋਨ ਤੇ ਕਮਿਊਨਿਟੀ ਰਿਕ੍ਰੀਏਸ਼ਨ ਸਪੇਸ ਵੀ ਬਣਾਏ ਜਾ ਸਕਦੇ ਹਨ। ਹਾਲਾਂਕਿ ਦੂਸ਼ਿਤ ਜ਼ਮੀਨਾਂ ਦੀ ਵਰਤੋਂ ਤੋਂ ਪਹਿਲਾਂ ਵਾਤਾਵਰਣਕ ਜਾਂਚ ਅਤੇ ਲੋੜ ਅਨੁਸਾਰ ਵਿਗਿਆਨਕ ਤਰੀਕੇ ਨਾਲ ਰਿਮੀਡੀਏਸ਼ਨ ਕਰਨ ’ਤੇ ਜ਼ੋਰ ਦਿੱਤਾ।
-ਬਾਕਸ-
-ਕੂੜਾ ਪ੍ਰਬੰਧਨ ’ਚ ਸੰਸਥਾਗਤ ਜਵਾਬਦੇਹੀ ਦੀ ਲੋੜ
ਮੀਟਿੰਗ ਵਿੱਚ ਲੁਧਿਆਣਾ ਦੇ ਠੋਸ ਕੂੜਾ ਪ੍ਰਬੰਧਨ ਨੂੰ ਗੰਭੀਰ ਚੁਣੌਤੀ ਦੱਸਦਿਆਂ ਸਿਰਫ਼ ਅਸਥਾਈ ਸਫ਼ਾਈ ਮੁਹਿੰਮਾਂ ਦੀ ਬਜਾਏ ਸਥਾਈ ਸੰਸਥਾਗਤ ਪ੍ਰਬੰਧ ਦੀ ਲੋੜ ਦੱਸੀ ਗਈ। ਕੂੜੇ ਦੀ ਸਰੋਤ ’ਤੇ ਹੀ ਵੱਖ-ਵੱਖ ਸ੍ਰੇਣੀਆਂ ਵਿੱਚ ਛਾਂਟੀ, ਗਿੱਲੇ ਤੇ ਸੁੱਕੇ ਕੂੜੇ ਦੀ ਵੱਖਰੀ ਇਕੱਤਰਤਾ, ਬਾਇਓਡੀਗ੍ਰੇਡੇਬਲ ਕੂੜੇ ਦੀ ਕੰਪੋਸਟਿੰਗ ਅਤੇ ਬਾਇਓਮਿਥੇਨੇਸ਼ਨ, ਰੀਸਾਈਕਲ ਹੋਣ ਵਾਲੇ ਕੂੜੇ ਲਈ ਮਟੀਰੀਅਲ ਰਿਕਵਰੀ ਫੈਸਿਲਿਟੀ ਅਤੇ ਪੁਰਾਣੇ ਕੂੜੇ ਦੀ ਵਿਗਿਆਨਕ ਪ੍ਰੋਸੈਸਿੰਗ ਦੀ ਸਿਫ਼ਾਰਸ਼ ਕੀਤੀ ਗਈ। ਬੁੱਢਾ ਦਰਿਆ, ਡਰੇਨਾਂ, ਖਾਲੀ ਪਲਾਟਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਕੂੜਾ ਸੁੱਟਣ ਤੋਂ ਰੋਕਣ ਦੇ ਨਾਲ ਨਿਰਮਾਣ ਅਤੇ ਢਾਹੁਣ ਵਾਲੇ ਮਲਬੇ ਲਈ ਵੱਖਰਾ ਪ੍ਰਬੰਧ ਕਰਨ ਦੀ ਲੋੜ ਦੱਸੀ ਗਈ। ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਦੀ ਜੀਪੀਐਸ ਆਧਾਰਿਤ ਨਿਗਰਾਨੀ ਅਤੇ ਰੋਜ਼ਾਨਾ ਕੂੜਾ ਇਕੱਠਾ ਕਰਨ, ਪ੍ਰੋਸੈਸਿੰਗ ਅਤੇ ਨਿਪਟਾਰੇ ਦਾ ਡਾਟਾ ਜਨਤਕ ਕਰਨ ਦੀ ਵੀ ਮੰਗ ਕੀਤੀ ਗਈ।
-ਬਾਕਸ-
-ਹਵਾ ਪ੍ਰਦੂਸ਼ਣ ਲਈ ਸਰੋਤ-ਵਾਰ ਕਾਰਵਾਈ
ਲੁਧਿਆਣਾ ਲਈ ਸਰੋਤ ਤੇ ਖੇਤਰ ਵਿਸ਼ੇਸ਼ ਹਵਾ ਗੁਣਵੱਤਾ ਕਾਰਵਾਈ ਯੋਜਨਾ ਦੀ ਲੋੜ ਦੱਸੀ ਗਈ। ਉਦਯੋਗਿਕ ਧੂੰਏਂ ਅਤੇ ਫਿਊਜਿਟਿਵ ਐਮਿਸ਼ਨ, ਵਾਹਨਾਂ ਦਾ ਧੂੰਆ, ਟ੍ਰੈਫਿਕ ਜਾਮ, ਸੜਕਾਂ ਅਤੇ ਨਿਰਮਾਣ ਕਾਰਜਾਂ ਦੀ ਧੂੜ, ਕੂੜਾ ਸਾੜਨ, ਡੀਜ਼ਲ ਜਨਰੇਟਰ ਅਤੇ ਲੈਂਡਫਿਲ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਇਸ ਯੋਜਨਾ ਵਿੱਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਹਵਾ ਗੁਣਵੱਤਾ ਦੀ ਨਿਗਰਾਨੀ ਕੁੱਝ ਸਟੇਸ਼ਨਾਂ ਤੱਕ ਸੀਮਤ ਨਾ ਰਹੇ, ਸਗੋਂ ਉਦਯੋਗਿਕ ਇਲਾਕਿਆਂ, ਵੱਡੇ ਚੌਰਾਹਿਆਂ, ਸਕੂਲਾਂ, ਹਸਪਤਾਲਾਂ ਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਤੱਕ ਵਧਾਈ ਜਾਵੇ। ਨਿਗਰਾਨੀ ਦਾ ਡਾਟਾ ਜਨਤਕ ਕਰਨ ਅਤੇ ਇਸ ਨੂੰ ਸਮੇਂਬੱਧ ਕਾਰਵਾਈ ਨਾਲ ਜੋੜਨ ’ਤੇ ਜ਼ੋਰ ਦਿੱਤਾ।
-ਬਾਕਸ-
-ਬੁੱਢਾ ਦਰਿਆ, ਸਤਲੁਜ ਤੇ ਧਰਤੀ ਹੇਠਲੇ ਪਾਣੀ ’ਤੇ ਦਿੱਤਾ ਜਾਵੇ ਵਿਸ਼ੇਸ਼ ਧਿਆਨ
ਪੀਏਸੀ ਨੇ ਪਾਣੀ ਪ੍ਰਦੂਸ਼ਣ ਤੇ ਪਾਣੀ ਦੀ ਸੁਰੱਖਿਆ ਨੂੰ ਐੱਸਐੱਸਜੀ ਮਿਸ਼ਨ ਦਾ ਮੁੱਖ ਹਿੱਸਾ ਬਣਾਉਣ ਦੀ ਮੰਗ ਕੀਤੀ। ਬੁੱਢਾ ਦਰਿਆ ਦਾ ਪ੍ਰਦੂਸ਼ਣ, ਉਦਯੋਗਿਕ ਗੰਦੇ ਪਾਣੀ ਦਾ ਸੀਵਰੇਜ ਤੇ ਸਟੌਰਮ ਵਾਟਰ ਸਿਸਟਮ ਵਿੱਚ ਦਾਖਲ ਹੋਣਾ, ਸੀਈਟੀਪੀ ਤੇ ਐੱਸਟੀਪੀ ਦੀ ਕਾਰਗੁਜ਼ਾਰੀ, ਡੇਅਰੀ ਐਫਲੂਐਂਟ, ਗੈਰ-ਕਾਨੂੰਨੀ ਡਿਸਚਾਰਜ ਪੁਆਇੰਟ ਤੇ ਧਰਤੀ ਹੇਠਲੇ ਪਾਣੀ ਦੀ ਵਧ ਰਹੀ ਖਪਤ ਨੂੰ ਗੰਭੀਰ ਮੁੱਦੇ ਦੱਸਿਆ ਗਿਆ। ਪਾਣੀ, ਸੀਵਰੇਜ, ਉਦਯੋਗਿਕ ਐਫਲੂਐਂਟ ਤੇ ਸਟੌਰਮ ਵਾਟਰ ਦੇ ਪ੍ਰਵਾਹ ਦੀ ਵਿਗਿਆਨਕ ਮੈਪਿੰਗ, ਸੀਈਟੀਪੀ, ਐੱਸਟੀਪੀ ਅਤੇ ਡੇਅਰੀ ਈਟੀਪੀ ਦੇ ਇਨਲੈਟ-ਆਊਟਲੈਟ ਦੀ ਰੀਅਲ-ਟਾਈਮ ਨਿਗਰਾਨੀ ਤੇ ਟ੍ਰੀਟਮੈਂਟ ਪਲਾਂਟਾਂ ਦੀ ਸੁਤੰਤਰ ਕਾਰਗੁਜ਼ਾਰੀ ਜਾਂਚ ਦੀ ਸਿਫ਼ਾਰਸ਼ ਕੀਤੀ ਗਈ। ਇਸ ਦੇ ਨਾਲ ਗੈਰ-ਕਾਨੂੰਨੀ ਡਿਸਚਾਰਜ ਪੁਆਇੰਟ ਬੰਦ ਕਰਨ, ਡਰੇਨਾਂ, ਵੈਟਲੈਂਡ ਤੇ ਕੁਦਰਤੀ ਰੀਚਾਰਜ ਖੇਤਰਾਂ ਦੀ ਬਹਾਲੀ, ਟ੍ਰੀਟ ਕੀਤਾ ਪਾਣੀ ਉਦਯੋਗ, ਨਿਰਮਾਣ ਅਤੇ ਬਾਗਬਾਨੀ ਵਿੱਚ ਮੁੜ ਵਰਤਣ ਅਤੇ ਐਕੁਆਫਰ ਰੀਚਾਰਜ ਲਈ ਵਾਟਰ ਬਜਟ ਤਿਆਰ ਕਰਨ ਦੀ ਗੱਲ ਕਹੀ ਗਈ।
-ਬਾਕਸ-
-ਪੰਜ ਵੱਖਰੇ ਪੇਪਰ ਬਣਾਉਣ ਦੀ ਕੀਤੀ ਸਿਫ਼ਾਰਸ਼
ਮੀਟਿੰਗ ਤੋਂ ਬਾਅਦ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਤੇ ਜਲ ਸੁਰੱਖਿਆ, ਠੋਸ ਕੂੜਾ ਪ੍ਰਬੰਧਨ, ਟ੍ਰੈਫਿਕ ਅਤੇ ਟਿਕਾਊ ਜਨਤਕ ਆਵਾਜਾਈ ਅਤੇ ਸ਼ਹਿਰੀ ਹਰੇ-ਭਰੇ ਖੇਤਰਾਂ ਸਬੰਧੀ ਵੱਖ-ਵੱਖ ਵਿਸ਼ੇਸ਼ ਪੇਪਰ ਤਿਆਰ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਹਰੇਕ ਪੇਪਰ ਵਿੱਚ ਮੌਜੂਦਾ ਸਥਿਤੀ ਤੇ ਬੇਸਲਾਈਨ ਡਾਟਾ, ਪ੍ਰਦੂਸ਼ਣ ਦੇ ਸਰੋਤ, ਸੰਸਥਾਗਤ ਕਮੀਆਂ, ਬਰਮਿੰਘਮ ਦੀਆਂ ਲਾਗੂ ਕੀਤੀਆਂ ਜਾ ਸਕਣ ਵਾਲੀਆਂ ਪ੍ਰਥਾਵਾਂ, ਲੁਧਿਆਣਾ ਲਈ ਸਥਾਨਕ ਹੱਲ, ਵਿੱਤੀ ਲੋੜਾਂ, ਜ਼ਿੰਮੇਵਾਰ ਵਿਭਾਗ, ਸਮਾਂ-ਸੀਮਾ, ਕਾਰਗੁਜ਼ਾਰੀ ਸੂਚਕ ਤੇ ਸੁਤੰਤਰ ਨਿਗਰਾਨੀ ਦੀ ਵਿਵਸਥਾ ਸ਼ਾਮਲ ਹੋਵੇ।
-ਬਾਕਸ-
-ਸਿਰਫ਼ ਮੀਟਿੰਗਾਂ ਨਹੀਂ, ਨਤੀਜੇ ਵੀ ਦਿਖਾਈ ਦੇਣ
ਪੀਏਸੀ ਨੇ ਕਿਹਾ ਕਿ ਐਸਐਸਜੀ ਮਿਸ਼ਨ ਨੂੰ ਪੇਸ਼ਕਾਰੀਆਂ ਅਤੇ ਆਮ ਵਿਚਾਰ-ਵਟਾਂਦਰੇ ਤੱਕ ਸੀਮਤ ਨਾ ਰੱਖਿਆ ਜਾਵੇ। ਇਸ ਨੂੰ ਠੋਸ ਯੋਜਨਾਬੰਦੀ, ਲਾਗੂਕਰਨ, ਨਿਗਰਾਨੀ ਤੇ ਮਾਪਣਯੋਗ ਨਤੀਜਿਆਂ ਵੱਲ ਲਿਜਾਣਾ ਜ਼ਰੂਰੀ ਹੈ। ਇਸ ਲਈ ਵਿਸ਼ਾ-ਵਾਰ ਵਰਕਿੰਗ ਗਰੁੱਪ ਬਣਾਉਣ, ਨੋਡਲ ਅਫ਼ਸਰ ਤੇ ਸੰਸਥਾਗਤ ਜ਼ਿੰਮੇਵਾਰੀਆਂ ਨਿਰਧਾਰਤ ਕਰਨ, ਸਮੇਂਬੱਧ ਐਕਸ਼ਨ ਪਲਾਨ ਤਿਆਰ ਕਰਨ ਤੇ ਹਰ ਤਿੰਨ ਮਹੀਨੇ ਬਾਅਦ ਪ੍ਰਗਤੀ ਦੀ ਸਮੀਖਿਆ ਕਰਨ ਦੀ ਸਿਫ਼ਾਰਸ਼ ਕੀਤੀ। ਪ੍ਰਗਤੀ ਨਾਲ ਸਬੰਧਤ ਕਾਰਗੁਜ਼ਾਰੀ ਸੂਚਕ ਜਨਤਕ ਕਰਨ ਅਤੇ ਕਮਿਊਨਿਟੀ ਪ੍ਰਤੀਨਿਧੀਆਂ ਨੂੰ ਨਿਗਰਾਨੀ ਅਤੇ ਮੁਲਾਂਕਣ ਵਿੱਚ ਸ਼ਾਮਲ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਪੀਏਸੀ ਮੈਂਬਰ ਕਰਨਲ ਸੀਐਮ ਲਖਨਪਾਲ ਨੇ ਕਿਹਾ ਕਿ ਲੁਧਿਆਣਾ ਦੀਆਂ ਵਾਤਾਵਰਣਕ ਸਮੱਸਿਆਵਾਂ ਕਿਸੇ ਇੱਕ ਵਿਭਾਗ ਜਾਂ ਸੰਸਥਾ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹਨ। ਸਰਕਾਰ, ਨਗਰ ਨਿਗਮ, ਅਕਾਦਮਿਕ ਸੰਸਥਾਵਾਂ, ਉਦਯੋਗ, ਤਕਨੀਕੀ ਮਾਹਿਰਾਂ, ਸਿਵਲ ਸੁਸਾਇਟੀ ਤੇ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਐੱਸਐੱਸਜੀ ਮਿਸ਼ਨ ਅੰਤਰਰਾਸ਼ਟਰੀ ਤਜਰਬੇ, ਅਕਾਦਮਿਕ ਮਾਹਿਰਤਾ ਅਤੇ ਸਥਾਨਕ ਤਜਰਬੇ ਨੂੰ ਲੁਧਿਆਣਾ ਦੀਆਂ ਅਸਲ ਸਮੱਸਿਆਵਾਂ ਦੇ ਹੱਲ ’ਚ ਬਦਲਣ ਦਾ ਮਹੱਤਵਪੂਰਨ ਮੌਕਾ ਹੈ। ਮਿਸ਼ਨ ਦੀ ਸਫ਼ਲਤਾ ਮੀਟਿੰਗਾਂ ਜਾਂ ਰਿਪੋਰਟਾਂ ਦੀ ਗਿਣਤੀ ਨਾਲ ਨਹੀਂ, ਸਗੋਂ ਲੁਧਿਆਣਾ ਦੀ ਹਵਾ, ਪਾਣੀ, ਆਵਾਜਾਈ, ਕੂੜਾ ਪ੍ਰਬੰਧਨ ਤੇ ਲੋਕਾਂ ਦੇ ਜੀਵਨ ਪੱਧਰ ’ਚ ਆਉਣ ਵਾਲੇ ਤੇ ਲਗਾਤਾਰ ਸੁਧਾਰ ਨਾਲ ਮਾਪੀ ਜਾਣੀ ਚਾਹੀਦੀ ਹੈ। ਪੀਏਸੀ ਨੇ ਐੱਸਐੱਸਜੀ ਮਿਸ਼ਨ ਨੂੰ ਅੱਗੇ ਵੀ ਜਾਰੀ ਰੱਖਣ ਤੇ ਇਸ ਦੇ ਵਿਸਥਾਰ ਦੀ ਜ਼ੋਰਦਾਰ ਸਿਫ਼ਾਰਸ਼ ਕੀਤੀ।