- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਸਮੀ ਬਦਲਾਅ ਤੋਂ ਖੇਤੀ ਨੂੰ ਬਚਾਉਣਾ ਵੱਡੀ ਚੁਣੌਤੀ-ਡਾ.ਰੇਣੂ ਮੁੰਜਾਲ

ਫੋਟੋ ਨੰਬਰ-3
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਐਗਰੀਕਲਚਰਲ ’ਵਰਸਿਟੀ ਦੇ ਕਾਲਜ ਆਫ਼ ਬੇਸਿਕ ਸਾਇੰਸਿਜ਼ ਐਂਡ ਹਿਊਮੈਨਿਟੀਜ਼ ਦੇ ਬੋਟਨੀ ਵਿਭਾਗ ਵੱਲੋਂ ਜਲਵਾਯੂ ਤਬਦੀਲੀ ਅਤੇ ਇਸ ਦੇ ਪ੍ਰਭਾਵ ਅਤੇ ਜਲਵਾਯੂ-ਸਹਿਣਸ਼ੀਲ ਖੇਤੀਬਾੜੀ ਲਈ ਅਨੁਕੂਲਨ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਸੀਸੀਐੱਸ ਹਰਿਆਣਾ ਐਗਰੀਕਲਚਰਲ ’ਵਰਸਿਟੀ, ਹਿਸਾਰ ਦੇ ਬੋਟਨੀ ਅਤੇ ਪਲਾਂਟ ਫਿਜ਼ੀਓਲੋਜੀ ਵਿਭਾਗ ਦੀ ਆਈਸੀਏਆਰ-ਐਮਰੀਟਸ ਪ੍ਰੋਫੈਸਰ ਡਾ.ਰੇਣੂ ਮੁੰਜਾਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਰੇਣੂ ਮੁੰਜਾਲ ਨੇ ਜਲਵਾਯੂ ਤਬਦੀਲੀ ਦੇ ਮੌਜੂਦਾ ਰੁਝਾਨਾਂ, ਇਸ ਦੇ ਪ੍ਰਭਾਵਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਕਮਜ਼ੋਰੀਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਮੌਜੂਦਾ ਅਤੇ ਭਵਿੱਖੀ ਕਾਰਜ ਯੋਜਨਾਵਾਂ ਦੇ ਨਾਲ-ਨਾਲ ‘ਨੈੱਟ ਜ਼ੀਰੋ’ ਦੀ ਚੁਣੌਤੀ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਜਲਵਾਯੂ ਤਬਦੀਲੀ ਦੇ ਮੁੱਖ ਕਾਰਨਾਂ ਅਤੇ ਇਸ ਦੇ ਦੂਰਗਾਮੀ ਨਤੀਜਿਆਂ ਬਾਰੇ ਦੱਸਦਿਆਂ ਬੂਟਿਆਂ, ਖੇਤੀਬਾੜੀ, ਵਾਤਾਵਰਣ ਪ੍ਰਣਾਲੀਆਂ ਤੇ ਵਾਤਾਵਰਣਕ ਸਥਿਰਤਾ ’ਤੇ ਪੈ ਰਹੇ ਪ੍ਰਭਾਵਾਂ ਨੂੰ ਵਿਸ਼ੇਸ਼ ਤੌਰ ’ਤੇ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਬਦਲ ਰਹੀਆਂ ਮੌਸਮੀ ਸਥਿੱਤੀਆਂ ਕਾਰਨ ਖੇਤੀਬਾੜੀ ਸਾਹਮਣੇ ਨਵੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਢੁੱਕਵੀਆਂ ਅਨੁਕੂਲਨ ਤੇ ਪ੍ਰਭਾਵ ਘਟਾਉਣ ਵਾਲੀਆਂ ਰਣਨੀਤੀਆਂ ਅਪਣਾਉਣਾ ਸਮੇਂ ਦੀ ਲੋੜ ਹੈ। ਬੋਟਨੀ ਵਿਭਾਗ ਦੀ ਮੁਖੀ ਡਾ. ਨਮਰਤਾ ਗੁਪਤਾ ਨੇ ਕਿਹਾ ਕਿ ਮਾਹਿਰਾਂ ਨਾਲ ਅਜਿਹੇ ਸੰਵਾਦ ਵਿਦਿਆਰਥੀਆਂ ਦੀ ਅਕਾਦਮਿਕ ਸਿੱਖਿਆ ਨੂੰ ਅਸਲ ਜੀਵਨ ਤੇ ਪੇਸ਼ੇਵਰ ਖੇਤਰ ਨਾਲ ਜੋੜਨ ’ਚ ਅਹਿਮ ਰੋਲ ਨਿਭਾਉਂਦੇ ਹਨ। ਲੈਕਚਰ ਵਿੱਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਮੁੱਖ ਬੁਲਾਰਾ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। ਅੰਤ ’ਚ ਧੰਨਵਾਦ ਦੇ ਮਤੇ ਨਾਲ ਡਾ. ਰੇਣੂ ਮੁੰਜਾਲ ਦਾ ਸਨਮਾਨ-ਚਿੰਨ੍ਹ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਗਰਮੀ ਤੇ ਸੋਕੇ ਨੂੰ ਸਹਿਣ ਵਾਲੀਆਂ ਕਣਕ ਦੀਆਂ ਕਿਸਮਾਂ ਦੇ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਨ੍ਹਾਂ ’ਚ ਡਬਲਯੂਐੱਚ 1021, 1025, 1080, 1105, 1124, 1270 ਤੇ ਡਬਲਯੂਐੱਚ 1402 ਸ਼ਾਮਲ ਹਨ। ਉਨ੍ਹਾਂ ਨੇ ਗਰਮੀ-ਸਹਿਣਸ਼ੀਲ ਜੈਨੇਟਿਕ ਸਟਾਕ ਡਬਲਯੂਐੱਚ 730 ਦੀ ਰਜਿਸਟ੍ਰੇਸ਼ਨ ’ਚ ਵੀ ਅਹਿਮ ਰੋਲ ਨਿਭਾਇਆ। ਉਨ੍ਹਾਂ ਨੇ ਆਈਸੀਏਆਰ, ਸਿਮਿਟ, ਯੂਐੱਸਏਆਈਡੀ, ਆਰਕੇਵੀਵਾਈ ਅਤੇ ਸਪਾਰਕ ਪ੍ਰੋਗਰਾਮ ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਫੰਡ ਕੀਤੇ ਖੋਜ ਪ੍ਰਾਜੈਕਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਡਾ. ਮੁੰਜਾਲ ਨੂੰ ਡੀਬੀਟੀ ਨੈਸ਼ਨਲ ਬਾਇਓਟੈਕਨਾਲੋਜੀ ਐਸੋਸੀਏਟਸ਼ਿਪ, ਏਐੱਸਈਐੱਮ ਡੂਓ ਇੰਡੀਆ ਪ੍ਰੋਫੈਸਰ ਫੈਲੋਸ਼ਿਪ (ਕੋਰੀਆ) ਸਮੇਤ ਕਈ ਵੱਕਾਰੀ ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਹ ‘ਵ੍ਹੀਟ ਇਨੀਸ਼ੀਏਟਿਵ’ ਅਧੀਨ ਐਕਸਪਰਟ ਵਰਕਿੰਗ ਗਰੁੱਪ ਆਨ ਅਡੈਪਟੇਸ਼ਨ ਆਫ਼ ਵ੍ਹੀਟ ਟੂ ਐਬਾਇਓਟਿਕ ਸਟ੍ਰੈੱਸ ਦੀ ਮੈਂਬਰ ਵੀ ਰਹਿ ਚੁੱਕੇ ਹਨ।