ਦੋ ਮਹੀਨੇ ਬਾਅਦ ਵੀ ਭਾਜਪਾ ਦੀ ਜ਼ਿਲ੍ਹਾ ਟੀਮ ਦਾ ਗਠਨ ਲਟਕਿਆ 3 ਨੰਬਰ ਦੀ ਲੀਡ-ਦੋ ਮਹੀਨੇ ਬਾਅਦ ਵੀ ਭਾਜਪਾ ਦੀ ਜ਼ਿਲ੍ਹਾ ਟੀਮ ਦਾ ਗਠਨ ਲਟਕਿਆ, ਗਰੁੱਪਾਂ ਦੇ ਸੰਤੁਲਨ ’ਚ ਫਸਿਆ ਮਾਮਲਾ
Publish Date: Wed, 09 Sep 2026 06:39 PM (IST)
Updated Date: Thu, 10 Sep 2026 04:02 AM (IST)
-ਸੁਨੀਲ ਮੋਦਗਿਲ ਨੂੰ ਕਮਾਨ ਮਿਲਣ ਮਗਰੋਂ ਵੀ ਨਹੀਂ ਹੋਈ ਅਹੁਦੇਦਾਰਾਂ ਦੀ ਚੋਣ -ਭਵਿੱਖੀ ਚੋਣ ਤੋਂ ਪਹਿਲਾਂ ਸੰਗਠਨ ਨੂੰ ਇਕਜੁੱਟ ਕਰਨਾ ਬਣੀ ਚੁਣੌਤੀ ਫੋਟੋ ਨੰਬਰ-7 ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਭਾਜਪਾ ਵਿੱਚ ਨਵੀਂ ਜ਼ਿਲ੍ਹਾ ਟੀਮ ਦੇ ਗਠਨ ਨੂੰ ਲੈਕੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਚੱਲ ਰਿਹਾ ਮੰਥਨ ਅਜੇ ਵੀ ਅੰਜਾਮ ਤੱਕ ਨਹੀਂ ਪਹੁੰਚਿਆ, 18 ਜੁਲਾਈ ਨੂੰ ਸੁਨੀਲ ਮੌਦਗਿਲ ਨੂੰ ਲੁਧਿਆਣਾ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਮੀਦ ਸੀ ਕਿ ਜਲਦ ਹੀ ਨਵੀਂ ਟੀਮ ਦਾ ਐਲਾਨ ਕਰਕੇ ਸੰਗਠਨ ਨੂੰ ਵਿਧਾਨ ਸਭਾ ਚੋਣਾਂ ਵਿੱਚ ਸਰਗਰਮ ਤੇ ਊਰਜਾ ਭਰਪੂਰ ਟੀਮ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ, ਪਰ ਅਜੇ ਤੱਕ ਅਹੁਦੇਦਾਰਾਂ ਦੇ ਨਾਮਾਂ ’ਤੇ ਅੰਤਿਮ ਮੋਹਰ ਨਾ ਲੱਗਣ ਕਾਰਨ ਪਾਰਟੀ ਅੰਦਰ ਚਰਚਾਵਾਂ ਕਾਫੀ ਤੇਜ਼ ਹਨ। ਭਾਜਪਾ ਲਈ ਇਹ ਦੇਰੀ ਸਿਰਫ਼ ਸੰਗਠਨਾਤਮਕ ਮਾਮਲਾ ਨਹੀਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਨਾਲ ਸਿੱਧਾ ਜੁੜਿਆ ਮੁੱਦਾ ਬਣ ਚੁੱਕੀ ਹੈ। ਪਾਰਟੀ ਪੰਜਾਬ ਵਿੱਚ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕਰਨ ਅਤੇ ਚੋਣਾਂ ਦੀ ਤਿਆਰੀ ਕਰਕੇ ਵਿਧਾਨ ਸਭਾ ਚੋਣਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ, 8 ਅਗਸਤ ਨੂੰ ਲੁਧਿਆਣਾ ਵਿੱਚ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਵੀ ਜ਼ਿਲ੍ਹਾ ਪ੍ਰਧਾਨਾਂ ਅਤੇ ਸੂਬਾਈ ਅਹੁਦੇਦਾਰਾਂ ਨਾਲ 2027 ਵਿਧਾਨ ਸਭਾ ਚੋਣਾਂ ਲਈ ਸੰਗਠਨ ਅਤੇ ਬੂਥ ਮੈਨੇਜਮੈਂਟ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਸੀ। ਨਵੀਂ ਜਿਲ੍ਹਾ ਟੀਮ ਵਿੱਚ ਜਗ੍ਹਾ ਨੂੰ ਲੈਕੇ ਪਾਰਟੀ ਦੇ ਅੰਦਰ ਇਸ ਸਮੇਂ ਸਭ ਤੋਂ ਵੱਡੀ ਚਰਚਾ ਇਸ ਗੱਲ ਨੂੰ ਲੈਕੇ ਹੋ ਰਹੀ ਹੈ ਕਿ ਨਵੀਂ ਟੀਮ ਵਿੱਚ ਪੁਰਾਣੇ ਤਜਰਬੇਕਾਰ ਚਿਹਰਿਆਂ ’ਤੇ ਨਵੀਂ ਪੀੜ੍ਹੀ ਦੇ ਸਰਗਰਮ ਆਗੂਆਂ ਵਿਚਕਾਰ ਕਿਹੋ ਜਿਹਾ ਸੰਤੁਲਨ ਬਣਾਇਆ ਜਾਂਦਾ ਹੈ। ਰਾਜਨੀਤਕ ਹਲਕਿਆਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੂੰ ਆਪਣੀ ਟੀਮ ਬਣਾਉਂਦੇ ਸਮੇਂ ਵੱਖ-ਵੱਖ ਧੜਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਪਿਛਲੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦਾ ਲੰਮਾ ਸੰਗਠਨਾਤਮਕ ਤਜਰਬਾ ਰਿਹਾ ਹੈ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਈ ਚੋਣਾਂ ਵਿੱਚ ਪਾਰਟੀ ਨੇ ਸੰਗਠਨ ਖੜ੍ਹਾ ਕੀਤਾ। ਦੂਜੇ ਪਾਸੇ ਮੋਦਗਿਲ ਨੂੰ ਨਵੀਂ ਕਮਾਨ ਦੇ ਕੇ ਹਾਈਕਮਾਨ ਨੇ ਸਪੱਸ਼ਟ ਤੌਰ ’ਤੇ ਨਵੀਂ ਸੰਗਠਨਾਤਮਕ ਟੀਮ ਵੱਲ ਸੰਕੇਤ ਦਿੱਤਾ ਹੈ। ਸੂਤਰਾਂ ਅਨੁਸਾਰ ਨਵੀਂ ਟੀਮ ਵਿੱਚ ਸੀਨੀਅਰ ਆਗੂਆਂ, ਕੌਂਸਲਰਾਂ, ਨੌਜਵਾਨ ਚਿਹਰਿਆਂ ਅਤੇ ਵੱਖ-ਵੱਖ ਮੋਰਚਿਆਂ ਨਾਲ ਜੁੜੇ ਸਰਗਰਮ ਵਰਕਰਾਂ ਨੂੰ ਜਗ੍ਹਾ ਦੇਣ ਬਾਰੇ ਵਿਚਾਰ ਵਟਾਂਦਰਾ ਹੋ ਰਿਹਾ ਹੈ। ਹਾਲਾਂਕਿ ਕਿਸੇ ਵੀ ਸੰਭਾਵਿਤ ਅਹੁਦੇਦਾਰ ਦੇ ਨਾਮ ਨੂੰ ਅਧਿਕਾਰਤ ਐਲਾਨ ਤੋਂ ਪਹਿਲਾਂ ਪੱਕਾ ਮੰਨਣਾ ਜਲਦਬਾਜ਼ੀ ਹੋਵੇਗੀ। ਲੁਧਿਆਣਾ ਨਗਰ ਨਿਗਮ ਦੀ ਸਿਆਸਤ ਵਿੱਚ ਭਾਜਪਾ ਦੀ ਸਰਗਰਮੀ ਵੀ ਨਵੀਂ ਟੀਮ ਦੇ ਸਮੀਕਰਨਾਂ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ। ਅਗਸਤ ਵਿੱਚ ਭਾਜਪਾ ਨੇ ਕੌਂਸਲਰ ਰੁਚੀ ਗੁਲਾਟੀ ਦਾ ਨਾਮ ਐੱਫਐਂਡਸੀ ਕਮੇਟੀ ਲਈ ਸਰਬਸੰਮਤੀ ਨਾਲ ਮਨਜ਼ੂਰ ਕੀਤਾ ਸੀ। ਇਸ ਤੋਂ ਇਹ ਸੰਕੇਤ ਮਿਲਿਆ ਕਿ ਨਗਰ ਨਿਗਮ ਸਿਆਸਤ ਵਿੱਚ ਸਰਗਰਮ ਕੌਂਸਲਰਾਂ ਦੀ ਭੂਮਿਕਾ ਨੂੰ ਪਾਰਟੀ ਅਣਡਿੱਠਾ ਨਹੀਂ ਕਰ ਰਹੀ ਹੈ। ਭਾਜਪਾ ਵੱਲੋਂ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਇਕੱਲੇ ਚੋਣ ਲੜਨ ਦੀ ਦਿਸ਼ਾ ਵਿੱਚ ਤਿਆਰੀਆਂ ਚੱਲ ਰਹੀਆਂ ਹਨ, ਪੰਜਾਬ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੋ ਇਲਾਵਾ ਸਮੁੱਚੀ ਸੀਨੀਅਰ ਲੀਡਰਸ਼ਿਪ ਵਲੋਂ ਬਿਹਾਰ ਤੋਂ ਬਾਅਦ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣਾਉਣ ਦੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆ ਲੁਧਿਆਣਾ ਵਰਗੇ ਵੱਡੇ ਸ਼ਹਿਰ ਵਿੱਚ ਜ਼ਿਲ੍ਹਾ ਸੰਗਠਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਪਾਰਟੀ ਦਾ ਟੀਚਾ ਬੂਥ ਪੱਧਰ ’ਤੇ ਮਜ਼ਬੂਤ ਨੈੱਟਵਰਕ ਅਤੇ ਲਗਾਤਾਰ ਜਨਸੰਪਰਕ ਖੜ੍ਹਾ ਕਰਨਾ ਹੈ। ਜੇ ਨਵੀਂ ਟੀਮ ਵਿੱਚ ਦੇਰੀ ਹੁੰਦੀ ਹੈ ਤਾਂ ਹਾਈ ਕਮਾਂਡ ਦੇ ਪੰਜਾਬ ਵਿੱਚ ਭਾਜਪਾ ਸਰਕਾਰ ਬਣਾਉਣ ਦੇ ਸੁਪਨਿਆਂ ਨੂੰ ਕਦੇ ਵੀ ਬੂਰ ਨਹੀਂ ਪੈਂਦਾ ਨਜ਼ਰ ਆਉਂਦਾ। ਅਜਿਹੇ ਵਿੱਚ ਨਵੀਂ ਜ਼ਿਲ੍ਹਾ ਟੀਮ ਸਿਰਫ਼ ਅਹੁਦਿਆਂ ਦੀ ਵੰਡ ਨਹੀਂ ਹੋਵੇਗੀ, ਸਗੋਂ ਇਹ ਤੈਅ ਕਰੇਗੀ ਕਿ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਭਾਜਪਾ ਕਿੰਨੀ ਇਕਜੁੱਟ ਨਜ਼ਰ ਆਉਂਦੀ ਹੈ। ਜੇ ਟੀਮ ਦੇ ਗਠਨ ਵਿੱਚ ਦੇਰੀ ਹੋਰ ਵਧਦੀ ਹੈ ਤਾਂ ਵਿਰੋਧੀ ਪਾਰਟੀਆਂ ਨੂੰ ਭਾਜਪਾ ਦੀ ਅੰਦਰੂਨੀ ਖਿੱਚੋਤਾਣ ’ਤੇ ਸਿਆਸੀ ਹਮਲਾ ਕਰਨ ਦਾ ਮੌਕਾ ਮਿਲ ਸਕਦਾ ਹੈ। ਦੂਜੇ ਪਾਸੇ ਜੇ ਮੌਦਗਿਲ ਵੱਖ-ਵੱਖ ਧੜਿਆਂ ਨੂੰ ਸੰਤੁਲਿਤ ਕਰਕੇ ਮਜ਼ਬੂਤ ਟੀਮ ਖੜ੍ਹੀ ਕਰਨ ਵਿੱਚ ਸਫਲ ਰਹਿੰਦੇ ਹਨ ਤਾਂ ਇਹ ਵਿਧਾਨ ਸਭਾ ਚੋਣ 2027 ਤੋਂ ਪਹਿਲਾਂ ਉਨ੍ਹਾਂ ਦੀ ਪਹਿਲੀ ਵੱਡੀ ਸੰਗਠਨਾਤਮਕ ਜਿੱਤ ਹੋਵੇਗੀ। ਹੁਣ ਸਵਾਲ ਸਿਰਫ਼ ਇਹ ਨਹੀਂ ਕਿ ਜ਼ਿਲ੍ਹਾ ਟੀਮ ਕਦੋਂ ਬਣੇਗੀ, ਸਗੋਂ ਇਹ ਹੈ ਕਿ ਕਿਹੜੇ ਚਿਹਰੇ ਟੀਮ ਵਿੱਚ ਆਉਂਦੇ ਹਨ ਅਤੇ ਕਿਹੜੇ ਧੜੇ ਨੂੰ ਕਿੰਨੀ ਨੁਮਾਇੰਦਗੀ ਮਿਲਦੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸਦਾ ਜਵਾਬ ਲੁਧਿਆਣਾ ਭਾਜਪਾ ਦੀ ਅਗਲੀ ਸਿਆਸੀ ਦਿਸ਼ਾ ਵੀ ਤੈਅ ਕਰ ਸਕਦਾ ਹੈ। -ਕੀ ਕਹਿੰਦੇ ਨੇ ਜਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ ਨੇ ਕਿਹਾ ਕਿ ਜ਼ਿਲ੍ਹਾ ਭਾਜਪਾ ਦੀ ਨਵੀਂ ਟੀਮ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਜ਼ਿਲ੍ਹਾ ਟੀਮ ਦੇ ਐਲਾਨ ਵਿੱਚ ਹੋ ਰਹੀ ਦੇਰੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪਾਰਟੀ ਦੇ ਰੁਝੇਵਿਆਂ ਅਤੇ ਹੋਰ ਸੰਗਠਨਾਤਮਕ ਗਤੀਵਿਧੀਆਂ ਕਾਰਨ ਟੀਮ ਦੇ ਐਲਾਨ ਵਿੱਚ ਕੁਝ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਜ਼ਿਲ੍ਹਾ ਟੀਮ ਦਾ ਐਲਾਨ ਕਰ ਦਿੱਤਾ ਜਾਵੇਗਾ।