ਕ੍ਰਾਸ ਪਰਚਾ ਕਰਨ ਬਦਲੇ 40 ਹਜ਼ਾਰ ਦੀ ਰਿਸ਼ਵਤ ਲੈਂਦਾ ਚੌਕੀ ਇੰਚਾਰਜ ਕਾਬੂ ਜਨਰਲ ਲਈ-ਕ੍ਰੋਸ ਪਰਚਾ ਕਰਨ ਦਰਜ ਕਰਨ ਦੀ ਏਵਜ ਵਿੱਚ 40 ਹਜ਼ਾਰ ਦੀ ਰਿਸ਼ਵਤ ਲੈਂਦਾ ਚੌਂਕੀ ਇੰਚਾਰਜ ਰੰਗੇ ਹੱਥੀ ਕਾਬੂ
Publish Date: Tue, 08 Sep 2026 09:04 PM (IST)
Updated Date: Wed, 09 Sep 2026 04:11 AM (IST)
ਫ਼ੋਟੋ ਨੰਬਰ-48 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਵਿਜੀਲੈਂਸ ਬਿਊਰੋ ਨੇ ਐਲਡੇਕੋ ਅਸਟੇਟ ਪੁਲਿਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜਿੰਦਲ ਲਾਲ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਪਹਿਲਾਂ ਹੀ 50 ਹਜ਼ਾਰ ਰੁਪਏ ਲੈ ਚੁੱਕਾ ਸੀ ਤੇ ਇਸ ਤੋਂ ਬਾਅਦ ਦੂਜੀ ਧਿਰ ਖ਼ਿਲਾਫ਼ ਮਾਮਲਾ ਦਰਜ ਕਰਨ ਲਈ 40 ਹਜ਼ਾਰ ਰੁਪਏ ਹੋਰ ਮੰਗ ਰਿਹਾ ਸੀ। ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਪਿੰਡ ਭੱਟੀਆਂ ਬੇਟ ਦੇ ਵਸਨੀਕ ਵੱਲੋਂ ਕੀਤੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸਲੇਮ ਟਾਬਰੀ ਅਧੀਨ ਆਉਂਦੀ ਐਲਡੇਕੋ ਅਸਟੇਟ ਪੁਲਿਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜਿੰਦਲ ਲਾਲ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਪਤਨੀ ਦਾ ਗੁਆਂਢੀ ਨਾਲ ਝਗੜਾ ਹੋਇਆ ਸੀ। ਇਸ ਸਬੰਧੀ ਡਾਕਟਰੀ ਰਿਪੋਰਟ ਦੇ ਆਧਾਰ ’ਤੇ ਪੁਲਿਸ ਚੌਕੀ ਐਲਡੇਕੋ ਅਸਟੇਟ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸ ਦੀ ਜਾਂਚ ਸਹਾਇਕ ਥਾਣੇਦਾਰ ਜਿੰਦਲ ਲਾਲ ਕਰ ਰਿਹਾ ਸੀ। ਸ਼ਿਕਾਇਤਕਰਤਾ ਦਾ ਦੋਸ਼ ਸੀ ਕਿ ਮੁਲਜ਼ਮ ਸਹਾਇਕ ਥਾਣੇਦਾਰ ਨੇ ਗੁਆਂਢੀ ਧਿਰ ਨਾਲ ਸਮਝੌਤਾ ਕਰਵਾਉਣ ਦੇ ਨਾਂ ’ਤੇ ਉਸ ਕੋਲੋਂ ਪਹਿਲਾਂ ਹੀ 50 ਹਜ਼ਾਰ ਰੁਪਏ ਰਿਸ਼ਵਤ ਵਜੋਂ ਲੈ ਲਏ ਸਨ। ਇਸ ਦੇ ਬਾਵਜੂਦ ਉਸ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਦੂਜੀ ਧਿਰ ਖ਼ਿਲਾਫ਼ ਵੀ ਮਾਮਲਾ ਦਰਜ ਕਰਨ ਬਦਲੇ ਸ਼ਿਕਾਇਤਕਰਤਾ ਕੋਲੋਂ 40 ਹਜ਼ਾਰ ਰੁਪਏ ਹੋਰ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਹੋਈ ਪੂਰੀ ਗੱਲਬਾਤ ਵੀ ਰਿਕਾਰਡ ਕਰ ਲਈ ਤੇ ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਕਰ ਦਿੱਤੀ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ। ਯੋਜਨਾ ਤਹਿਤ ਜਦੋਂ ਸ਼ਿਕਾਇਤਕਰਤਾ ਵੱਲੋਂ ਮੁਲਜ਼ਮ ਸਹਾਇਕ ਥਾਣੇਦਾਰ ਨੂੰ 40 ਹਜ਼ਾਰ ਰੁਪਏ ਦਿੱਤੇ ਗਏ ਤਾਂ ਵਿਜੀਲੈਂਸ ਟੀਮ ਨੇ ਉਸ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਨੇ ਮੁਲਜ਼ਮ ਸਹਾਇਕ ਥਾਣੇਦਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।