ਪੀਏਯੂ ਦੇ ਕੈਮਿਸਟਰੀ ਵਿਭਾਗ ’ਚ ‘ਸਫ਼ਰਨਾਮਾ’ ਯਾਦਾਂ ਛੱਡਦਾ ਸਮਾਪਤ ਯਾਦਗਾਰੀ ਰਿਹਾ ਪੀਏਯੂ ਦੇ ਕੈਮਿਸਟਰੀ ਵਿਭਾਗ ’ਚ ਕਰਵਾਇਆ ‘ਸਫ਼ਰਨਾਮਾ’ ਸਮਾਗਮ
Publish Date: Tue, 08 Sep 2026 08:22 PM (IST)
Updated Date: Wed, 09 Sep 2026 04:10 AM (IST)
ਫੋਟੋ ਨੰਬਰ-10 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵੱਲੋਂ ਫਰੈਸ਼ਰਜ਼-ਕਮ-ਫੇਅਰਵੈਲ ਸਮਾਗਮ ‘ਸਫ਼ਰਨਾਮਾ’ ਕਰਵਾਇਆ ਗਿਆ। ਇਸ ਮੌਕੇ ਅਧਿਆਪਕ ਦਿਵਸ ਵੀ ਮਨਾਇਆ ਗਿਆ। ਸਮਾਗਮ ਦੌਰਾਨ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਨ ਦੇ ਨਾਲ-ਨਾਲ ਵਿਭਾਗ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਜਾ ਰਹੇ ਵਿਦਿਆਰਥੀਆਂ ਨੂੰ ਪਿਆਰ ਭਰੀ ਵਿਦਾਇਗੀ ਦਿੱਤੀ ਗਈ। ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਿਟੀਜ਼ ਦੀ ਡੀਨ ਡਾ. ਕਿਰਨ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਮਿਸਟਰੀ ਵਿਭਾਗ ਦੀ ਮੁਖੀ ਡਾ. ਮਨਪ੍ਰੀਤ ਕੌਰ ਨੇ ਵਿਭਾਗ ਦੇ ਅਧਿਆਪਕਾਂ, ਗੈਰ-ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ‘ਸਫ਼ਰਨਾਮਾ’ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਅਤੇ ਮਨੋਰੰਜਕ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਭੰਗੜੇ ਦੀਆਂ ਜੋਸ਼ੀਲੀਆਂ ਪੇਸ਼ਕਾਰੀਆਂ, ਸੋਲੋ ਗਾਇਕੀ, ਸੀਨੀਅਰ-ਜੂਨੀਅਰ ਡਾਂਸ, ਵੱਖ-ਵੱਖ ਖੇਡਾਂ ਤੇ ਰੈਂਪ ਵਾਕ ਨੇ ਸਮਾਗਮ ਨੂੰ ਰੌਣਕਮਈ ਬਣਾ ਦਿੱਤਾ। ਵਿਦਿਆਰਥੀਆਂ ਨੇ ਸਰਗਰਮੀਆਂ ਰਾਹੀਂ ਆਪਣੇ ਆਤਮ-ਵਿਸ਼ਵਾਸ ਅਤੇ ਸ਼ਖ਼ਸੀਅਤ ਦੇ ਗੁਣਾਂ ਦਾ ਪ੍ਰਦਰਸ਼ਨ ਕੀਤਾ। ਵੱਖ-ਵੱਖ ਪੜਾਵਾਂ ਅਤੇ ਪ੍ਰਸ਼ਨਾਵਲੀ ਦੌਰ ਵਿੱਚ ਵਿਦਿਆਰਥੀਆਂ ਦੇ ਸਮੁੱਚੇ ਪ੍ਰਦਰਸ਼ਨ ਦੇ ਆਧਾਰ ’ਤੇ ਖ਼ਿਤਾਬਾਂ ਦਾ ਐਲਾਨ ਕੀਤਾ। ਮਿਸਟਰ ਫਰੈਸ਼ਰ ਦਾ ਖ਼ਿਤਾਬ ਤਸਵਰਵੀਰ ਸਿੰਘ ਨੇ ਹਾਸਲ ਕੀਤਾ, ਜਦਕਿ ਮਿਸ ਫਰੈਸ਼ਰ (ਬੀਐੱਸਸੀ. ਪਹਿਲਾ ਸਾਲ) ਦਾ ਖ਼ਿਤਾਬ ਸਮਿਆ ਨੂੰ ਮਿਲਿਆ। ਮਿਸ ਫਰੈਸ਼ਰ (ਐੱਮਐੱਸਸੀ. ਪਹਿਲਾ ਸਾਲ) ਦਾ ਖ਼ਿਤਾਬ ਸਿਮਰਪ੍ਰੀਤ ਕੌਰ ਅਤੇ ਫੇਅਰਵੈਲ ਸਟਾਰ ਦਾ ਖ਼ਿਤਾਬ ਨਵਨੂਰ ਕੌਰ ਨੇ ਜਿੱਤਿਆ। ਖ਼ਿਤਾਬ ਜੇਤੂਆਂ ਨੂੰ ਹਾਜ਼ਰੀਨ ਦੀਆਂ ਤਾੜੀਆਂ ਅਤੇ ਹੌਸਲਾ-ਅਫ਼ਜ਼ਾਈ ਦਰਮਿਆਨ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਹੋਰ ਵਿਲੱਖਣ ਬਣਾਉਂਦੇ ਹੋਏ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਤੋਹਫ਼ੇ ਕੈਮਿਸਟਰੀ ਵਿਭਾਗ ਦੀ ਉਭਰਦੀ ਉੱਦਮੀ ਸਮਰਪਿਤਾ ਵੱਲੋਂ ਹੱਥ ਨਾਲ ਤਿਆਰ ਕੀਤੇ ਗਏ ਸਨ। ਇਸ ਪਹਿਲਕਦਮੀ ਨੇ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਅਤੇ ਉੱਦਮਸ਼ੀਲਤਾ ਦੀ ਭਾਵਨਾ ਨੂੰ ਉਜਾਗਰ ਕੀਤਾ। ਮੁੱਖ ਮਹਿਮਾਨ ਡਾ. ਕਿਰਨ ਬੈਂਸ ਨੇ ਸਮਾਗਮ ਦੇ ਸਫ਼ਲ ਪ੍ਰਬੰਧ ਲਈ ਵਿਭਾਗ ਦੀ ਸੋਸ਼ਲ ਵੈਲਫੇਅਰ ਕਮੇਟੀ, ਜਿਸ ਦੀ ਚੇਅਰਪਰਸਨ ਡਾ. ਸੋਨੀਆ ਕੌਸ਼ਲ ਹਨ, ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਯੂਨੀਵਰਸਿਟੀ ਜੀਵਨ-ਯਾਤਰਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਜਿਗਿਆਸੂ ਰਹਿਣ, ਉੱਤਮਤਾ ਹਾਸਲ ਕਰਨ ਅਤੇ ਅਕਾਦਮਿਕ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਡਾ. ਬੈਂਸ ਨੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਭਵਿੱਖ ਨੂੰ ਆਕਾਰ ਦੇਣ ਅਤੇ ਸਮਾਜ ਦੀ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਨਵੇਂ ਮੌਕਿਆਂ ਨੂੰ ਅਪਣਾਉਣ, ਤਜਰਬਿਆਂ ਤੋਂ ਸਿੱਖਣ ਅਤੇ ਯੂਨੀਵਰਸਿਟੀ ਤੋਂ ਪ੍ਰਾਪਤ ਮੁੱਲਾਂ ਨੂੰ ਅੱਗੇ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ। ਵਿਭਾਗ ਮੁਖੀ ਡਾ. ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਉੱਚੇ ਹੌਸਲੇ ਨਾਲ ਅੱਗੇ ਵਧਣ, ਉਤਸ਼ਾਹੀ ਸਿੱਖਿਆਰਥੀ ਬਣਨ ਅਤੇ ਜ਼ਿੰਦਗੀ ਨੂੰ ਸਕਾਰਾਤਮਕਤਾ ਤੇ ਦ੍ਰਿੜ੍ਹਤਾ ਨਾਲ ਜਿਊਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕੈਮਿਸਟਰੀ ਨਾਲ ਜੋੜਦਿਆਂ ਸੰਦੇਸ਼ ਦਿੱਤਾ ਕਿ ਜ਼ਿੰਦਗੀ ਅਤੇ ਕੈਮਿਸਟਰੀ ਦੋਵਾਂ ਵਿੱਚ ਸਥਿਰ ਰਹਿਣ ਵਾਲਾ ਹੀ ਅੱਗੇ ਵਧਦਾ ਹੈ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਿਲ ਕੇ ਖੁਸ਼ੀ, ਹਾਸੇ ਅਤੇ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ। ਇਸ ਤਰ੍ਹਾਂ ‘ਸਫ਼ਰਨਾਮਾ’ ਨਵੀਆਂ ਸ਼ੁਰੂਆਤਾਂ, ਯਾਦਗਾਰ ਵਿਦਾਇਗੀ ਅਤੇ ਅਧਿਆਪਕ ਦਿਵਸ ਦੀ ਭਾਵਨਾ ਨੂੰ ਸਮਰਪਿਤ ਇਕ ਯਾਦਗਾਰ ਸਮਾਗਮ ਬਣ ਗਿਆ। ਡਾ. ਉਰਵਸ਼ੀ ਨੇ ਧੰਨਵਾਦੀ ਮਤਾ ਪੇਸ਼ ਕੀਤਾ।