ਏਟਕ ਲੁਧਿਆਣਾ ਨੇ ਪ੍ਰਗਟਾਈ ਗੰਭੀਰ ਚਿੰਤਾ
ਏਟਕ ਲੁਧਿਆਣਾ ਵੱਲੋਂ ਗੰਭੀਰ ਚਿੰਤਾ ਦਾ ਪ੍ਰਗਟਾਵਾ
Publish Date: Tue, 08 Sep 2026 08:11 PM (IST)
Updated Date: Wed, 09 Sep 2026 04:10 AM (IST)
ਡੀਪੀ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ), ਲੁਧਿਆਣਾ ਜ਼ਿਲ੍ਹਾ ਕਮੇਟੀ ਵੱਲੋਂ ਭਾਰਤੀ ਅੰਤਰਿਕਸ਼ ਖੋਜ ਸੰਸਥਾ (ਇਸਰੋ) ਦੇ ਨੌਂ ਪ੍ਰਮੁੱਖ ਕਰਮਚਾਰੀ ਸੰਗਠਨਾਂ ਵੱਲੋਂ ਕੇਂਦਰ ਸਰਕਾਰ ਅਤੇ ਸਪੇਸ ਕਮਿਸ਼ਨ ਨੂੰ ਲਿਖੇ ਗਏ ਸਾਂਝੇ ਪੱਤਰ ਦਾ ਪੂਰਨ ਸਮਰਥਨ ਕੀਤਾ ਹੈ। ਏਟਕ ਲੁਧਿਆਣਾ ਨੇ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਤੇ ਗੰਭੀਰ ਚਿੰਤਾ ਪ੍ਰਗਟਾਈ ਹੈ ਜੋ ਦੇਸ਼ ਦੇ ਇਸ ਵੱਕਾਰੀ ਰਾਸ਼ਟਰੀ ਅਦਾਰੇ ਨੂੰ ਹੌਲੀ-ਹੌਲੀ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਦਿਸ਼ਾ ਵੱਲ ਲੈ ਕੇ ਜਾ ਰਹੀਆਂ ਹਨ। ਇਸ ਸਬੰਧੀ ਏਟਕ ਲੁਧਿਆਣਾ ਦੇ ਪ੍ਰਧਾਨ ਵਿਜੇ ਕੁਮਾਰ ਅਤੇ ਜਨਰਲ ਸਕੱਤਰ ਐਮਐਸ ਭਾਟੀਆ ਨੇ ਕਿਹਾ ਕਿ ਇਸਰੋ ਨੇ ਦਹਾਕਿਆਂ ਦੀ ਮਿਹਨਤ, ਭਾਰਤੀ ਵਿਗਿਆਨੀਆਂ ਅਤੇ ਕਰਮਚਾਰੀਆਂ ਦੇ ਸਮਰਪਣ ਨਾਲ ਦੁਨੀਆ ਭਰ ਵਿੱਚ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਲਾਂਚ ਵਾਹਨਾਂ ਦੇ ਨਿਰਮਾਣ ਅਤੇ ਆਪ੍ਰੇਸ਼ਨਲ ਢਾਂਚੇ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੀ ਯੋਜਨਾ ਨਾਲ ਇਸਰੋ ਨੂੰ ਸਿਰਫ਼ ਇੱਕ ਸੀਮਤ ਖੋਜ ਸੰਸਥਾ ਬਣਾ ਕੇ ਰੱਖ ਦਿੱਤਾ ਜਾਵੇਗਾ, ਜੋ ਕਿ ਬਹੁਤ ਹੀ ਚਿੰਤਾਜਨਕ ਹੈ। ਏਟਕ ਆਗੂਆਂ ਨੇ ਬਿਆਨ ’ਚ ਮੰਗ ਕੀਤੀ ਹੈ ਕਿ ਇਸਰੋ ਦੇ ਹਜ਼ਾਰਾਂ ਕਰਮਚਾਰੀਆਂ ਦੇ ਰੋਜ਼ਗਾਰ, ਭਵਿੱਖੀ ਭਰਤੀਆਂ ਅਤੇ ਕੈਰੀਅਰ ਵਾਧੇ ਤੇ ਮੰਡਰਾ ਰਹੇ ਖਤਰੇ ਨੂੰ ਤੁਰੰਤ ਖਤਮ ਕੀਤਾ ਜਾਵੇ।