- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢੰਡਾਰੀ ਕਲਾਂ ਰੇਲਵੇ ਸਟੇਸ਼ਨ ਬਾਹਰ ਫੜ੍ਹੀ ਮਾਫੀਆ ਮੁੜ ਤੋਂ ਸਰਗਰਮ

-ਨਿਗਮ ਦੀ ਕਾਰਵਾਈ ਮਗਰੋਂ ਮੁੜ ਲੱਗੀਆਂ ਦੁਕਾਨਾਂ, ਖ਼ਬਰ ਲਾਉਣ 'ਤੇ ਮਿਲੀ ਪੱਤਰਕਾਰ ਨੂੰ ਧਮਕੀ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਬਾਹਰ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਦੇ ਤਹਿ-ਬਾਜ਼ਾਰੀ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਤੋਂ ਕੁੱਝ ਸਮੇਂ ਬਾਅਦ ਹੀ ਸਟੇਸ਼ਨ ਦੇ ਬਾਹਰ ਸੜਕ ਕਿਨਾਰੇ ਮੁੜ ਫੜ੍ਹੀਆਂ ਅਤੇ ਦੁਕਾਨਾਂ ਲਾ ਦਿੱਤੀਆਂ ਗਈਆਂ। ਇਸ ਦੌਰਾਨ ਫੜ੍ਹੀ ਮਾਫੀਆ ਵੱਲੋਂ ਪੱਤਰਕਾਰ ਨੂੰ ਕਥਿਤ ਤੌਰ ’ਤੇ ਦੇਖ ਲੈਣ ਦੀ ਧਮਕੀਆਂ ਵੀ ਦਿੱਤੀਆਂ ਗਈਆਂ।
ਜਾਣਕਾਰੀ ਅਨੁਸਾਰ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਬਾਹਰ ਲੰਮੇ ਸਮੇਂ ਤੋਂ ਸੜਕ ਕਿਨਾਰੇ ਅਤੇ ਲੋਕਾਂ ਦੇ ਆਉਣ-ਜਾਣ ਵਾਲੇ ਰਸਤੇ ’ਤੇ ਰੇਹੜੀ-ਫੜ੍ਹੀ ਵਾਲਿਆਂ ਅਤੇ ਹੋਰ ਦੁਕਾਨਦਾਰਾਂ ਵੱਲੋਂ ਸਾਮਾਨ ਰੱਖ ਕੇ ਜਗ੍ਹਾ ਘੇਰਨ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ। ਇਸ ਕਾਰਨ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਤੋਂ ਇਲਾਵਾ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਈ ਥਾਵਾਂ ’ਤੇ ਰਸਤਾ ਤੰਗ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੀ ਸਥਿਤੀ ਬਣੀ ਹੋਈ ਸੀ। ਪੰਜਾਬੀ ਜਾਗਰਣ ਵੱਲੋਂ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਬਾਹਰ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਪ੍ਰਮੁੱਖਤਾ ਨਾਲ ਉਠਾਉਂਦਿਆਂ ਸਬੰਧਤ ਵਿਭਾਗ ਦਾ ਧਿਆਨ ਇਸ ਸਮੱਸਿਆ ਵੱਲ ਦਿਵਾਇਆ ਗਿਆ ਸੀ।
ਇਸ ਤੋਂ ਬਾਅਦ ਨਗਰ ਨਿਗਮ ਦੇ ਤਹਿ-ਬਾਜ਼ਾਰੀ ਵਿਭਾਗ ਦੇ ਇੰਸਪੈਕਟਰ ਲੱਕੀ ਦੀ ਅਗਵਾਈ ਹੇਠ ਨਗਰ ਨਿਗਮ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਨਤਕ ਥਾਂ ’ਤੇ ਰੱਖਿਆ ਸਾਮਾਨ ਹਟਵਾਇਆ ਅਤੇ ਕਬਜ਼ੇ ਖਾਲੀ ਕਰਵਾਏ ਸਨ। ਕਾਰਵਾਈ ਦੌਰਾਨ ਕਬਜ਼ਾਧਾਰੀਆਂ ਨੂੰ ਭਵਿੱਖ ਵਿੱਚ ਜਨਤਕ ਥਾਂ ’ਤੇ ਮੁੜ ਕਬਜ਼ਾ ਨਾ ਕਰਨ ਦੀ ਹਦਾਇਤ ਵੀ ਦਿੱਤੀ ਗਈ ਸੀ, ਪਰ ਨਿਗਮ ਦੀ ਕਾਰਵਾਈ ਦੇ ਬਾਵਜੂਦ ਮੁੜ ਫੜ੍ਹੀਆਂ ਲੱਗਣ ਨਾਲ ਤਹਿ-ਬਾਜ਼ਾਰੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਲਾਕਾ ਵਾਸੀਆਂ ਨੇ ਕਿਹਾ ਕਿ ਜੇਕਰ ਕਾਰਵਾਈ ਤੋਂ ਬਾਅਦ ਲਗਾਤਾਰ ਨਿਗਰਾਨੀ ਕੀਤੀ ਜਾਵੇ ਤਾਂ ਜਨਤਕ ਰਸਤੇ ’ਤੇ ਮੁੜ ਕਬਜ਼ੇ ਹੋਣ ਤੋਂ ਰੋਕੇ ਜਾ ਸਕਦੇ ਹਨ। ਲੋਕਾਂ ਨੇ ਨਗਰ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਟੇਸ਼ਨ ਦੇ ਬਾਹਰ ਮੁੜ ਲੱਗੀਆਂ ਫੜ੍ਹੀਆਂ ਨੂੰ ਹਟਾਉਣ ਦੇ ਨਾਲ-ਨਾਲ ਕਬਜ਼ੇ ਮੁੜ ਨਾ ਹੋਣ ਲਈ ਪੱਕੇ ਪ੍ਰਬੰਧ ਕੀਤੇ ਜਾਣ।