- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਪਪੀਤਾ ਮਾਰਕੀਟ ’ਚ ਗਲੇ-ਸੜੇ ਪਪੀਤਿਆਂ ਦਾ ਖੇਡ!

-ਪਪੀਤਾ ਮਾਰਕੀਟ ’ਚ ਗਲੇ-ਸੜੇ ਪਪੀਤਿਆਂ ਦੀ ਚੱਲ ਰਹੀ ਖੇਡ, ਜੂਸ ਵਾਲਿਆਂ ਨੇ ਖੜ੍ਹੇ ਕੀਤੇ ਸਵਾਲ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਦੀ ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ ਦੀ ਪਪੀਤਾ ਮਾਰਕੀਟ ਵਿੱਚ ਲੋਕਾਂ ਦੀ ਸਿਹਤ ਨਾਲ ਕਥਿਤ ਤੌਰ ’ਤੇ ਖਿਲਵਾੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਰਕੀਟ ਵਿੱਚ ਗਲੇ-ਸੜੇ ਅਤੇ ਖਰਾਬ ਪਪੀਤਿਆਂ ਨੂੰ ਇਕੱਠਾ ਕਰਕੇ ਵੇਚੇ ਜਾਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਦੋਂ ਪਪੀਤਾ ਵਪਾਰੀ ਦੇ ਕਾਰਿੰਦੇ ਤੋਂ ਪੁੱਛਿਆ ਗਿਆ ਕਿ ਇਨ੍ਹਾਂ ਖਰਾਬ ਪਪੀਤਿਆਂ ਦਾ ਕੀ ਕੀਤਾ ਜਾਂਦਾ ਹੈ ਤਾਂ ਕਥਿਤ ਤੌਰ ’ਤੇ ਦੱਸਿਆ ਗਿਆ ਕਿ ਇਹ ਜੂਸ ਵੇਚਣ ਵਾਲੇ ਖਰੀਦ ਲੈਂਦੇ ਹਨ।
ਜਾਣਕਾਰੀ ਅਨੁਸਾਰ ਖਰਾਬ ਪਪੀਤੇ ਟੋਕਰੇ ਦੇ ਹਿਸਾਬ ਨਾਲ 20 ਤੋਂ 50 ਰੁਪਏ ਤੱਕ ਵੇਚੇ ਜਾਣ ਦੀ ਗੱਲ ਸਾਹਮਣੇ ਆਈ ਹੈ। ਸਵਾਲ ਇਹ ਹੈ ਕਿ ਜਿਹੜਾ ਫਲ ਆਮ ਲੋਕ ਖਾਣ ਦੇ ਯੋਗ ਨਹੀਂ ਸਮਝਦੇ, ਉਹੀ ਫਲ ਜੇਕਰ ਜੂਸ ਬਣਾਉਣ ਲਈ ਵਰਤਿਆ ਜਾ ਰਿਹਾ ਹੈ ਤਾਂ ਗਾਹਕਾਂ ਦੀ ਸਿਹਤ ਦੀ ਜ਼ਿੰਮੇਵਾਰੀ ਕਿਸ ਦੀ ਹੈ।
ਖਰਾਬ ਪਪੀਤਿਆਂ ਵਿੱਚ ਕੀੜੇ ਜਾਂ ਹੋਰ ਹਾਨੀਕਾਰਕ ਤੱਤ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇਕਰ ਅਜਿਹੇ ਪਪੀਤੇ ਜੂਸ ਵਿੱਚ ਪਾ ਕੇ ਪੀਸ ਦਿੱਤੇ ਜਾਣ, ਤਾਂ ਗਾਹਕ ਨੂੰ ਇਸ ਗੱਲ ਦਾ ਪਤਾ ਲੱਗਣਾ ਵੀ ਮੁਸ਼ਕਲ ਹੈ ਕਿ ਉਸ ਨੂੰ ਤਾਜ਼ਾ ਫਲ ਦਾ ਜੂਸ ਮਿਲ ਰਿਹਾ ਹੈ ਜਾਂ ਮੰਡੀ ਵਿੱਚੋਂ ਨਿਕਲਿਆ ਖਰਾਬ ਮਾਲ।
ਮੰਡੀ ਵਿੱਚ ਗਲੇ-ਸੜੇ ਫਲਾਂ ਦੀ ਕਥਿਤ ਵਿਕਰੀ ਨੇ ਮਾਰਕੀਟ ਕਮੇਟੀ ਦੀ ਕਾਰਗੁਜ਼ਾਰੀ ਅਤੇ ਨਿਗਰਾਨੀ ਪ੍ਰਬੰਧ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਅਜਿਹਾ ਮਾਲ ਖੁੱਲ੍ਹੇਆਮ ਵਿਕ ਰਿਹਾ ਹੈ ਤਾਂ ਮੰਡੀ ਦੇ ਅਧਿਕਾਰੀਆਂ ਦੀ ਨਜ਼ਰ ਇਸ ’ਤੇ ਕਿਉਂ ਨਹੀਂ ਪੈ ਰਹੀ?
ਉਧਰ, ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵਾਰ-ਵਾਰ ਖੁੱਲ੍ਹੇ ਅਤੇ ਖਰਾਬ ਖਾਣ-ਪੀਣ ਵਾਲੇ ਪਦਾਰਥਾਂ ਤੋਂ ਬਚਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਪਰ ਜੇਕਰ ਮੰਡੀ ਵਿੱਚੋਂ ਹੀ ਖਰਾਬ ਫਲ ਸਸਤੇ ਭਾਅ ’ਤੇ ਖਰੀਦ ਕੇ ਜੂਸ ਤਿਆਰ ਕਰਨ ਲਈ ਵਰਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ, ਤਾਂ ਵਿਭਾਗ ਵੱਲੋਂ ਅਜਿਹੀਆਂ ਥਾਵਾਂ ’ਤੇ ਜਾਂਚ ਕਦੋਂ ਕੀਤੀ ਜਾਵੇਗੀ।