- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਸ਼ੁਰੂ ਕਰਵਾਈ ਖੇਡਾਂ ਵਤਨ ਪੰਜਾਬ ਦੀਆਂ ਦੀ ਅਥਲੈਟਿਕ ਮੀਟ

-ਮੁਕਾਬਲੇ ਦੌਰਾਨ ਪਿੰਡ ਖਾਸੀ ਕਲਾਂ ਦੀ ਟੀਮ ਰਹੀ ਓਵਰਆਲ ਚੈਂਪੀਅਨ
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਸੈਂਟਰ ਮੇਹਰਬਾਨ ਅਧੀਨ ਆਉਂਦੇ 10 ਸਕੂਲਾਂ ਦੇ ਬੱਚਿਆਂ ਦੀ ਅਥਲੈਟਿਕ ਮੀਟ ਪਿੰਡ ਖਾਸੀ ਕਲਾਂ ਦੇ ਸਕੂਲ ਦੀ ਖੇਡ ਗਰਾਊਂਡ ਵਿੱਚ ਕਰਵਾਈ ਗਈ। ਜਿਸ ਦਾ ਰਸਮੀ ਉਦਘਾਟਨ ਪਿੰਡ ਦੇ ਸਰਪੰਚ ਅਤੇ ਉੱਘੇ ਸਮਾਜ ਸੇਵੀ ਕਰਮਜੀਤ ਸਿੰਘ ਗਰੇਵਾਲ ਨੇ ਕੀਤਾ।
ਇਸ ਮੌਕੇ 11 ਸਾਲ ਤੱਕ ਦੇ ਲੜਕੇ, ਲੜਕੀਆਂ ਦੇ 100, 200, 400, 600 ਮੀਟਰ, ਰਿਲੇਅ ਰੇਸ, ਲੰਬੀ ਛਾਲ, ਖੋ-ਖੋ, ਕਬੱਡੀ ਆਦਿ ਦੇ ਮੁਕਾਬਲੇ ਵੀ ਕਰਵਾਏ। ਜਿਸ ਦੌਰਾਨ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਆਪਣੇ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਬੀਬੀ ਗਿਆਨਪ੍ਰੀਤ ਕੌਰ ਗਰੇਵਾਲ ਵੱਲੋਂ ਨਕਦ ਇਨਾਮ ਦੇ ਕੇ ਮੁਕਾਬਲੇ ਜਿੱਤਣ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਵੀ ਕੀਤੀ। ਇਸ ਮੌਕੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜਿੱਥੇ ਪਿੰਡਾਂ ਦੀਆਂ ਵੱਖ ਵੱਖ ਸਪੋਰਟਸ ਕਲੱਬਾਂ, ਗ੍ਰਾਮ ਪੰਚਾਇਤਾਂ ਤੇ ਐੱਨਆਰਆਈ ਭਰਾਵਾਂ ਵੱਲੋਂ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਖੇਡ ਮੇਲੇ ਕਰਵਾ ਕੇ ਨੌਜਵਾਨ ਪੀੜ੍ਹੀ ਦਾ ਭਵਿੱਖ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ, ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਅਜਿਹੇ ਛੋਟੇ-ਛੋਟੇ ਬੱਚਿਆਂ ਦੇ ਵੀ ਮੁਕਾਬਲੇ ਕਰਵਾ ਕੇ ਬਿਹਤਰ ਪੰਜਾਬ ਦੀ ਸਿਰਜਣਾ ਵੱਲ ਕਦਮ ਵਧਾਏ ਜਾ ਰਹੇ ਹਨ।
ਇੱਥੇ ਦੱਸ ਦੇਈਏ ਕਿ ਕਰਵਾਏ ਇਸ ਮੁਕਾਬਲੇ ਦੌਰਾਨ ਪਿੰਡ ਖਾਸੀ ਕਲਾਂ ਦੀ ਟੀਮ ਓਵਰਆਲ ਚੈਂਪੀਅਨ ਰਹੀ। ਇਸ ਮੌਕੇ ਪਿੰਡ ਖਾਸੀ ਕਲਾਂ ਦੀ ਗ੍ਰਾਮ ਪੰਚਾਇਤ, ਸਮੁੱਚਾ ਸਕੂਲ ਸਟਾਫ, ਸਮੁੱਚੀ ਸਕੂਲ ਕਮੇਟੀ, ਖਾਸੀ ਕਲਾਂ ਸਪੋਰਟਸ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।