- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਕੇ ਮੋਰਚੇ ਦੇ 10ਵੇਂ ਦਿਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਧਰਨੇ ਦੀ ਕੀਤੀ ਹਮਾਇਤ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਲਾਇਆ ਗਿਆ ਪੱਕਾ ਮੋਰਚਾ ਮੰਗਲਵਾਰ ਨੂੰ 10ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਇਸ ਦੌਰਾਨ ਜਥੇਬੰਦੀ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਸਰਕਾਰ ਵੱਲੋਂ ਪੱਕੇ ਮੋਰਚਿਆਂ ’ਤੇ ਪਹੁੰਚ ਕੇ ਲੋਕਾਂ ਦੀਆਂ ਸਥਾਨਕ ਮੰਗਾਂ ਬਾਰੇ ਗੱਲਬਾਤ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਵਾਅਦੇ ਕਰਨ ਅਤੇ ਲਿਖਤੀ ਰੂਪ ਵਿੱਚ ਭਰੋਸੇ ਦੇਣ ਦੇ ਬਾਵਜੂਦ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਨਾਲ-ਨਾਲ ਕਿਸਾਨਾਂ ਨਾਲ ਸਬੰਧਤ ਹੋਰ ਮੁੱਦਿਆਂ ਦਾ ਵੀ ਹੱਲ ਕੀਤਾ ਜਾਣਾ ਚਾਹੀਦਾ ਹੈ। ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ, ਬੀਜ ਬਿੱਲ ਅਤੇ ਬਿਜਲੀ ਬਿੱਲ ਸਮੇਤ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ। ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ, ਲੈਂਡ ਪੂਲਿੰਗ ਨੀਤੀ ਰੱਦ ਕਰਨ, ਕਾਰਪੋਰੇਟਾਂ ’ਤੇ ਟੈਕਸ ਲਾਉਣ, ਕਿਸਾਨਾਂ ’ਤੇ ਦਰਜ ਕੇਸ ਅਤੇ ਪਰਾਲੀ ਸਬੰਧੀ ਕੇਸ ਵਾਪਸ ਲੈਣ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਦੀਆਂ ਮੰਗਾਂ ਨੂੰ ਵੀ ਉਠਾਇਆ ਗਿਆ। ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ 9 ਸਤੰਬਰ ਨੂੰ ਤਲਵੰਡੀ ਸਲੇਮ ਵਿਖੇ ਅਵਤਾਰ ਪਾਸ ਹੰਸਰਾਜ ਦੀ ਯਾਦਗਾਰ ’ਤੇ ਉਨ੍ਹਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਲੋਕਾਂ ਨੂੰ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਫ਼ਦ ਨੇ ਡੀਸੀ ਲੁਧਿਆਣਾ ਨਾਲ ਮੁਲਾਕਾਤ ਕੀਤੀ। ਵਫ਼ਦ ਵੱਲੋਂ ਹੜ੍ਹਾਂ ਦੇ ਮੁਆਵਜ਼ੇ ਅਤੇ ਕਲੋਨੀਆਂ ਨਾਲ ਸਬੰਧਤ ਕਾਰਪੋਰੇਟਾਂ ਵੱਲੋਂ ਜ਼ਮੀਨਾਂ ਨੂੰ ਜਾਂਦੇ ਰਸਤੇ ਰੋਕੇ ਜਾਣ ਦਾ ਮਾਮਲਾ ਵੀ ਚੁੱਕਿਆ ਗਿਆ। ਇਸ ’ਤੇ ਅਧਿਕਾਰੀਆਂ ਵੱਲੋਂ ਦੋਵਾਂ ਮਾਮਲਿਆਂ ਦਾ 15 ਦਿਨਾਂ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਧਰਨੇ ਵਿੱਚ ਜਗਮੀਤ ਸਿੰਘ ਕਲਾੜ, ਬਲਵੰਤ ਸਿੰਘ ਘੁਡਾਣੀ, ਚਰਨਜੀਤ ਸਿੰਘ ਫੱਲੇਵਾਲ, ਮਨੋਹਰ ਸਿੰਘ ਕਲਾਹੜ, ਨਾਜਰ ਸਿੰਘ ਸਿਆੜ, ਦਵਿੰਦਰ ਸਿੰਘ ਸਿਰਥਲਾ, ਦਰਸ਼ਨ ਸਿੰਘ ਫੱਲੇਵਾਲ, ਤੀਰਥ ਸਿੰਘ ਤਲਵੰਡੀ, ਜਸਵੰਤ ਸਿੰਘ ਭੱਟੀਆਂ, ਜਸਦੀਪ ਸਿੰਘ ਜਸੋਵਾਲ, ਜਸਵੀਰ ਸਿੰਘ ਅਸ਼ਕਰੀਪੁਰ ਅਤੇ ਮਨਜੀਤ ਸਿੰਘ ਬੁਢੇਲ ਸਮੇਤ ਹੋਰ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।