ਖੇਤੀਬਾੜੀ ਬਾਇਓਟੈਕਨਾਲੋਜੀ ਦੇ 63 ਵਿਦਿਆਰਥੀਆਂ ਵੱਲੋਂ ਐੱਸਬੀਐੱਸ ਦਾ ਦੌਰਾ ਖੇਤੀਬਾੜੀ ਬਾਇਓਟੈਕਨਾਲੋਜੀ ਦੇ 63 ਵਿਦਿਆਰਥੀਆਂ ਵੱਲੋਂ ਐੱਸਬੀਐੱਸ ਦਾ ਦੌਰਾ
Publish Date: Tue, 08 Sep 2026 06:39 PM (IST)
Updated Date: Wed, 09 Sep 2026 04:05 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਮਹਾਤਮਾ ਫੂਲੇ ਕ੍ਰਿਸ਼ੀ ਵਿਦਿਆਪੀਠ, ਰਾਹੁਰੀ, ਮਹਾਰਾਸ਼ਟਰ ਨਾਲ ਸਬੰਧਤ ਵਿਦਿਆ ਪ੍ਰਤਿਸ਼ਠਾਨ ਦੇ ਕਾਲਜ ਆਫ਼ ਐਗਰੀਕਲਚਰਲ ਬਾਇਓਟੈਕਨਾਲੋਜੀ, ਬਾਰਾਮਤੀ ਦੇ ਖੇਤੀਬਾੜੀ ਬਾਇਓਟੈਕਨਾਲੋਜੀ ਦੇ ਪਹਿਲੇ, ਦੂਜੇ ਅਤੇ ਤੀਜੇ ਸਾਲ ਦੇ 63 ਵਿਦਿਆਰਥੀਆਂ ਦੇ ਇਕ ਸਮੂਹ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਐੱਸਬੀਐੱਸ ਦਾ ਦੌਰਾ ਕੀਤਾ। ਵਿਦਿਆਰਥੀਆਂ ਦੇ ਨਾਲ ਡਾ. ਸ਼ੈਲੀਜਾ ਹਰੁਗੜੇ, ਸਹਾਇਕ ਪ੍ਰੋਫੈਸਰ, ਡਾ. ਅਨੰਤ ਸ਼ੇਰਖਾਨੇ, ਸਹਾਇਕ ਪ੍ਰੋਫੈਸਰ, ਪ੍ਰੋ. ਰਵਿੰਦਰ ਬਾਂਸੋਡੇ, ਪ੍ਰੋ. ਸੀਮਾ ਪਾਟਿਲ, ਪ੍ਰੋ. ਅਕਸ਼ੈ ਸਾਪਕਲ ਅਤੇ ਡਾ. ਪ੍ਰਸਾਦ ਵੀ ਮੌਜੂਦ ਸਨ। ਐੱਸਬੀਐੱਸ ਪੀਏਯੂ ਦੇ ਡਾਇਰੈਕਟਰ ਡਾ. ਰਾਮਦੀਪ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਖੇਤੀਬਾੜੀ ਸਿੱਖਿਆ, ਖੋਜ, ਉੱਦਮਤਾ ਤੇ ਨਵੀਨਤਾ ਨਾਲ ਜੁੜੇ ਵਾਤਾਵਰਨ ਬਾਰੇ ਜਾਣਕਾਰੀ ਹਾਸਲ ਕਰਨ ਲਈ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਖੇਤੀਬਾੜੀ ਖੇਤਰ ਵਿੱਚ ਵਿਗਿਆਨਕ ਗਿਆਨ ਨੂੰ ਕਾਰੋਬਾਰੀ ਸੋਚ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ, ਤਾਂ ਜੋ ਖੋਜ ਅਤੇ ਨਵੀਨਤਾਵਾਂ ਨੂੰ ਵਪਾਰਕ ਤੌਰ ’ਤੇ ਸਫ਼ਲ ਹੱਲਾਂ ਅਤੇ ਉਤਪਾਦਾਂ ਵਿੱਚ ਤਬਦੀਲ ਕੀਤਾ ਜਾ ਸਕੇ। ਡਾ. ਰਾਮਦੀਪ ਸਿੰਘ ਨੇ ਐਗਰੀਬਿਜ਼ਨਸ, ਐਗਰੀਬਿਜ਼ਨਸ ਮੈਨੇਜਮੈਂਟ ਅਤੇ ਖੇਤੀਬਾੜੀ ਬਾਇਓਟੈਕਨਾਲੋਜੀ ਬਾਰੇ ਸੰਖੇਪ ਲੈਕਚਰ ਵੀ ਦਿੱਤਾ। ਉਨ੍ਹਾਂ ਦੱਸਿਆ ਕਿ ਬਾਇਓਟੈਕਨਾਲੋਜੀ ਆਧਾਰਿਤ ਨਵੀਨਤਾਵਾਂ ਨੂੰ ਢੁੱਕਵੀਂ ਕਾਰੋਬਾਰੀ ਯੋਜਨਾਬੰਦੀ, ਬਾਜ਼ਾਰ ਦੀ ਸਮਝ ਤੇ ਵਪਾਰੀਕਰਨ ਦੀਆਂ ਰਣਨੀਤੀਆਂ ਰਾਹੀਂ ਸਫ਼ਲ ਉਤਪਾਦਾਂ ਤੇ ਉੱਦਮਾਂ ਵਿੱਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਨੇ ਖੇਤੀਬਾੜੀ ਤੇ ਬਾਇਓਟੈਕਨਾਲੋਜੀ ਨਾਲ ਸਬੰਧਤ ਉਤਪਾਦਾਂ ਦੀ ਬਾਜ਼ਾਰ ਸਮਰੱਥਾ ਤੈਅ ਕਰਨ ਵਿੱਚ ਖਪਤਕਾਰਾਂ ਦੀਆਂ ਪਸੰਦਾਂ, ਉਤਪਾਦ ਦੀ ਪੇਸ਼ਕਾਰੀ, ਬ੍ਰਾਂਡਿੰਗ ਅਤੇ ਵੈਲਿਊ ਐਡੀਸ਼ਨ ਦੀ ਵਧ ਰਹੀ ਭੂਮਿਕਾ ’ਤੇ ਵੀ ਚਾਨਣਾ ਪਾਇਆ। ਐੱਸਬੀਐੱਸ ਦੇ ਸਹਾਇਕ ਪ੍ਰੋਫੈਸਰ ਡਾ. ਰਾਕੇਸ਼ ਰਾਠੌੜ ਨੇ ਵਿਦਿਆਰਥੀਆਂ ਨਾਲ ਖੇਤੀਬਾੜੀ ਨਵੀਨਤਾਵਾਂ ਦੇ ਵਪਾਰੀਕਰਨ ਅਤੇ ਉਨ੍ਹਾਂ ਦੀ ਬਾਜ਼ਾਰ ਸਮਰੱਥਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਸਮਝਾਇਆ ਕਿ ਖਪਤਕਾਰਾਂ ਦੀਆਂ ਲੋੜਾਂ ਨੂੰ ਸਮਝਣ ਅਤੇ ਸਹੀ ਟਾਰਗੇਟ ਮਾਰਕੀਟ ਦੀ ਪਛਾਣ ਕਰਨ ਨਾਲ ਬਾਇਓਟੈਕਨਾਲੋਜੀ ਆਧਾਰਿਤ ਨਵੀਨਤਾਵਾਂ ਨੂੰ ਸਫ਼ਲ ਕਾਰੋਬਾਰੀ ਮੌਕਿਆਂ ਵਿੱਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਨੇ ਮਾਰਕੀਟ ਸੈਗਮੈਂਟੇਸ਼ਨ, ਉਤਪਾਦ ਵਿੱਚ ਵਿਲੱਖਣਤਾ ਅਤੇ ਬ੍ਰਾਂਡਿੰਗ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਐਸਬੀਐਸ ਦੀ ਟੀਚਿੰਗ ਅਸਿਸਟੈਂਟ ਡਾ. ਰੂਹੀ ਨੇ ਵਿਦਿਆਰਥੀਆਂ ਨਾਲ ਐਗਰੀ-ਬਾਇਓਟੈਕਨਾਲੋਜੀ ਉਤਪਾਦਾਂ ਦੇ ਖਪਤਕਾਰ ਅਤੇ ਮਾਰਕੀਟਿੰਗ ਪੱਖਾਂ ਬਾਰੇ ਵਿਚਾਰ ਸਾਂਝੇ ਕੀਤੇ। ਉਤਪਾਦ ਦੀ ਗੁਣਵੱਤਾ, ਸਹੂਲਤ, ਪੈਕੇਜਿੰਗ, ਸੰਚਾਰ ਅਤੇ ਖਪਤਕਾਰਾਂ ਦੀ ਧਾਰਨਾ ਵਰਗੇ ਕਾਰਕ ਖਰੀਦਦਾਰੀ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾ ਤੱਕ ਸੀਮਿਤ ਰਹਿਣ ਦੀ ਬਜਾਏ ਉਤਪਾਦ ਦੇ ਅੰਤਿਮ ਖਪਤਕਾਰ ਦੀਆਂ ਲੋੜਾਂ ਤੇ ਪਸੰਦਾਂ ਨੂੰ ਵੀ ਧਿਆਨ ਵਿੱਚ ਰੱਖਣ ਲਈ ਪ੍ਰੇਰਿਤ ਕੀਤਾ। ਇਸ ਦੌਰੇ ਰਾਹੀਂ ਵਿਦਿਆਰਥੀਆਂ ਨੂੰ ਖੇਤੀਬਾੜੀ ਬਾਇਓਟੈਕਨਾਲੋਜੀ ਦੇ ਕਾਰੋਬਾਰੀ ਅਤੇ ਉੱਦਮੀ ਪੱਖਾਂ ਨੂੰ ਸਮਝਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਇਹ ਵੀ ਜਾਣਿਆ ਕਿ ਵਿਗਿਆਨਕ ਖੋਜ ਅਤੇ ਨਵੀਨਤਾਵਾਂ ਨੂੰ ਬਾਜ਼ਾਰ ਦੀ ਮੰਗ ਅਨੁਸਾਰ ਉਤਪਾਦਾਂ ਵਿੱਚ ਤਬਦੀਲ ਕਰਕੇ ਟਿਕਾਊ ਕਾਰੋਬਾਰੀ ਉੱਦਮ ਸਥਾਪਿਤ ਕੀਤੇ ਜਾ ਸਕਦੇ ਹਨ।