- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਣੂ ਦਾ ਸਤੰਬਰ ਅੰਕ ਕੀਤਾ ਲੋਕ ਅਰਪਣ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ ਵਿਖੇ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਮਿੰਨੀ ਪੱਤ੍ਰਿਕਾ ਅਣੂ ਦਾ ਸਤੰਬਰ ਅੰਕ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ ਨੇ ਪ੍ਰਿਸੀਪਲ, ਵਾਈਸ ਪ੍ਰਿੰਸੀਪਲ, ਸਟਾਫ ਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਾਲਜ ਵਿੱਚ ਆ ਕੇ ਹਮੇਸ਼ਾ ਹੀ ਨਵੀਂ ਊਰਜਾ ਮਿਲਦੀ ਹੈ। ਲੜਕੀਆਂ ਦਾ ਸਰਕਾਰੀ ਕਾਲਜ ਆਪਣੀਆਂ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਲਈ ਵਿਸ਼ੇਸ਼ ਤੌਰ ’ਤੇ ਜਾਣਿਆ ਜਾਂਦਾ ਹੈ। ਅੱਜ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿੱਚ ਜੋ ਅੰਕ ਲੋਕ ਅਰਪਣ ਕੀਤਾ ਗਿਆ ਉਸ ਨਾਲ ਕਾਲਜ ਦੀਆਂ ਸਾਹਿਤਕ ਗਤੀਵਿਧੀਆਂ ਵਿੱਚ ਇੱਕ ਹੋਰ ਵਾਧਾ ਹੋਇਆ ਹੈ। ਵਾਈਸ ਪ੍ਰਿੰਸੀਪਲ ਸਰਿਤਾ ਨੇ ਕਿਹਾ ਕਿ ਕਿਸੇ ਸਾਹਿਤਕ ਪੱਤਰ ਦਾ ਨਿਰੰਤਰ ਪਚਵੰਜਾ ਸਾਲ ਪ੍ਰਕਾਸ਼ਿਤ ਹੋਣਾ ਸੰਪਾਦਕ ਤੇ ਪ੍ਰਕਾਸ਼ਿਕ ਸੁਰਿੰਦਰ ਸਿੰਘ ਕੈਲੇ ਦੀ ਮਾਨਮੱਤੀ ਪ੍ਰਾਪਤੀ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ।ਪੰਜਾਬੀ ਵਿਭਾਗ ਦੇ ਗੁਰਵਿੰਦਰ ਕੌਰ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਅਣੂ ਦੀ ਪਾਠਕ ਹੈ। ਇਸ ਵਿਚਲੀਆਂ ਰਚਨਾਵਾਂ ਪਾਠਕਾਂ ਨੂੰ ਸਮਾਜ ਨਾਲ ਜੋੜਣ ਵਾਲੀਆਂ ਹੁੰਦੀਆਂ ਹਨ। ਡਾ. ਜਸਲੀਨ ਕੌਰ ਨੇ ਦੱਸਿਆ ਕਿ ਅਣੂ ਵਿਚਲੀਆਂ ਰਚਨਾਵਾਂ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਨੂੰ ਪ੍ਰਫੁੱਲਤ ਕਰਦੀਆਂ ਹਨ। ਲੇਖਕਾਂ ਦੇ ਲੋਕ ਪੱਖੀ ਸਾਹਿਤਕ ਸਿਰਜਣਾ ਨਾਲ ਹੀ ਸਮਾਜ ਦਾ ਭਵਿੱਖ ਉੱਜਵਲ ਹੁੰਦਾ ਹੈ ਤੇ ਅਣੂ ਦੀਆਂ ਰਚਨਾਵਾਂ ਪਾਠਕਾਂ ਲਈ ਗਿਆਨ ਦਾ ਸਾਗਰ ਹੁੰਦੀਆਂ ਹਨ। ਉੱਤਮਦੀਪ ਕੌਰ ਨੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਸਰੋਤਿਆਂ ਦੀ ਭਰਵੀਂ ਹਾਜ਼ਰੀ ਉਨ੍ਹਾ ਨੂੰ ਸਾਹਿਤ ਨਾਲ ਜੋੜਨ ਦਾ ਸੇਧਮਈ ਕਾਰਜ ਕਰੇਗੀ ਤੇ ਇੰਨਾ ਵਿੱਚੋਂ ਹੀ ਲੇਖਕ ਪੁੰਗਰਨਗੇ। ਨਿਰਮਲਜੀਤ ਕੌਰ ਤੇ ਹਰਪ੍ਰੀਤ ਕੌਰ ਨੇ ਕਿਹਾ ਕਿ ਇਸ ਕਾਲਜ ਵਿੱਚ ਅਣੂ ਦੇ ਪਚਵੰਜਵੇੰ ਸਾਲ ਦਾ ਲੋਕ ਅਰਪਣ ਕਰਨ ਨਾਲ ਸਾਡਾ ਸਿਰ ਮਾਣ ਨਾਲ ਉੱਚਾ ਹੋਇਆ ਹੈ।ਅਨੀਤਾ, ਕਮਲਦੀਪ ਕੌਰ ਤੇ ਅਮਨਦੀਪ ਕੌਰ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ।