- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਨਾਤਨ ਧਰਮ ਮੰਦਿਰ ਵਿਖੇ ਪੰਜ ਦਿਨਾਂ ਸ੍ਰੀ ਕ੍ਰਿਸ਼ਨ ਕਥਾ ਦੀ ਸਮਾਪਤੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਤੇ ਸਨਾਤਨ ਧਰਮ ਮੰਦਿਰ ਕਮੇਟੀ ਵੱਲੋਂ ਜਨਮ ਅਸ਼ਟਮੀ ਨੂੰ ਸਮਰਪਿਤ ਸਨਾਤਨ ਧਰਮ ਮੰਦਿਰ ਵਿਸ਼ਾਲ ਨਗਰ ਪੱਖੋਵਾਲ ਰੋਡ ਵਿਖੇ ਪੰਜ ਦਿਨਾ ਸ਼੍ਰੀ ਕ੍ਰਿਸ਼ਨ ਕਥਾ ਦੇ ਪੰਜਵੇਂ ਆਖਰੀ ਦਿਨ ਵਿਚਾਰ ਸਾਂਝੇ ਕਰਦੇ ਹੋਏ ਸਾਧਵੀ ਜਯੰਤੀ ਭਾਰਤੀ ਨੇ ਦੱਸਿਆ ਕਿ ਪ੍ਰਭੂ ਸ੍ਰੀ ਕ੍ਰਿਸ਼ਨ ਜੀ ਦਾ ਜੀਵਨ ਚਰਿੱਤਰ ਸਾਡੇ ਜੀਵਨ ਲਈ ਇੱਕ ਪ੍ਰੇਰਨਾਸਰੋਤ ਹੈ। ਪ੍ਰਭੂ ਸ੍ਰੀ ਕ੍ਰਿਸ਼ਨ ਜੀ ਦੀ ਕਥਾ ਇੱਕ ਪਰਿਵਰਤਨ ਹੈ, ਇੱਕ ਕ੍ਰਾਂਤੀ ਹੈ ਅਤੇ ਇਹ ਕ੍ਰਾਂਤੀ, ਇਹ ਪਰਿਵਰਤਨ ਕਦੋਂ ਵਾਪਰਦਾ ਹੈ? ਜਦੋਂ ਸਾਡੇ ਸਰੀਰ ਰੂਪੀ ਨਗਰੀ ਵਿੱਚ ਪ੍ਰਭੂ ਦਾ ਪ੍ਰਗਟਾਵਾ ਹੁੰਦਾ ਹੈ। ਕਿਉਂਕਿ ਮਨੁੱਖੀ ਜੀਵਨ ਦਾ ਮਨੋਰਥ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ। ਸਾਧਵੀ ਨੇ ਦੱਸਿਆ ਕਿ ਸਾਡੇ ਸਮੁੱਚੇ ਸ਼ਾਸਤਰਾਂ ਦਾ ਇਹੋ ਹੋਕਾ ਹੈ ਕਿ ਆਤਮ-ਦਰਸ਼ਨ, ਪ੍ਰਭੂ ਦਰਸ਼ਨ, ਬ੍ਰਹਮ ਸਾਖਿਆਤਕਾਰ ਸਾਡੇ ਜੀਵਨ ਦਾ ਉਦੇਸ਼ ਹੈ। ਜਿਸ ਸਮੇਂ ਸਾਡੇ ਜੀਵਨ ਵਿੱਚ ਸੰਤ ਸਮਾਜ ਦਾ ਆਗਮਨ ਹੁੰਦਾ ਹੈ, ਤਾਂ ਉਹ ਕੇਵਲ ਪਰਮਾਤਮਾ ਦੀਆਂ ਗੱਲਾਂ ਹੀ ਨਹੀਂ ਕਰਦਾ, ਸਗੋਂ ਪਰਮਾਤਮਾ ਨਾਲ ਮਿਲਾ ਦਿੰਦਾ ਹੈ।
ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਸਰਵ ਸ੍ਰੀ ਆਸ਼ੂਤੋਸ਼ ਮਹਾਰਾਜ ਪਰਮਾਤਮਾ ਦੀਆਂ ਕੇਵਲ ਗੱਲਾਂ ਹੀ ਨਹੀਂ ਕਰਦੇ, ਸਗੋਂ ਹਰੇਕ ਮਨੁੱਖ ਦੇ ਅੰਦਰ ਪਰਮਾਤਮਾ ਦੇ ਦਰਸ਼ਨ ਵੀ ਕਰਵਾਉਂਦੇ ਹਨ। ਉਨ੍ਹਾਂ ਦਾ ਹੋਕਾ ਹੈ ਕਿ 'ਬ੍ਰਹਮ ਗਿਆਨ' ਮਨੁੱਖੀ ਦੇਹ ਵਿੱਚ ਈਸ਼ਵਰ ਦੀ ਪ੍ਰਤੱਖ ਅਨੁਭੂਤੀ ਹੈ ਅਤੇ ਇਹ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਬ੍ਰਹਮ ਗਿਆਨ ਰਾਹੀਂ ਹੀ ਪੂਰੇ ਵਿਸ਼ਵ ਵਿੱਚ ਭਾਈਚਾਰੇ ਅਤੇ ਸ਼ਾਂਤੀ ਦੀ ਸਥਾਪਨਾ ਹੋ ਸਕਦੀ ਹੈ। ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਅਧਿਆਤਮਿਕ ਕ੍ਰਾਂਤੀ ਦੇ ਨਾਲ-ਨਾਲ ਸਮਾਜਿਕ ਪੱਧਰ 'ਤੇ ਵੀ ਕਾਰਜਸ਼ੀਲ ਹੈ।
ਸਾਧਵੀ ਜੈਅੰਤੀ ਭਾਰਤੀ ਨੇ ਦੱਸਿਆ ਕਿ ਜੇਕਰ ਤੁਸੀਂ ਇਸ ਭੜਕਦੇ ਹੋਏ ਸਮਾਜ ਨੂੰ ਬਚਾਉਣਾ ਚਾਹੁੰਦੇ ਹੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਵਿਸ਼ਵ ਵਿੱਚ ਮੁੜ ਸ਼ਾਂਤੀ ਦਾ ਬਿਗੁਲ ਵੱਜੇ, ਤਾਂ ਬ੍ਰਹਮ ਗਿਆਨ ਦੀ ਲੋੜ ਹੈ। ਅੰਤਿਮ ਦਿਨ ਦੀ ਕਥਾ ਵਿੱਚ ਰਾਹੁਲ ਕੌਸ਼ਲ, ਦੇਵੇਂਦਰ ਐਬਟ, ਬੀਕੇ. ਤਿਵਾੜੀ, ਅਰਜੁਨ ਬੱਤਰਾ, ਮੇਹਰਚੰਦ ਚੁੱਘ, ਹਰਮੇਸ਼ ਮੋਦਗਿਲ, ਵੀਰੇਂਦਰ ਸ਼ਰਮਾ, ਵਿਸ਼ਾਲ ਮਾਹੇਸ਼ਵਰੀ, ਵਰੁਣ ਜੈਨ, ਆਕਾਸ਼ ਬਾਂਸਲ, ਓਮ ਪ੍ਰਕਾਸ਼ ਵਾਲੀਆ, ਅਰਜੁਨ ਕਪੂਰ, ਹਰਦੀਪ ਪੁੰਨੀ, ਰਾਜੇਸ਼ ਐਬਟ, ਵਿਨੋਦ ਕੁਮਾਰ ਪਲਟਾ, ਲਖਨਪਾਲ ਸ਼ਰਮਾ, ਸੁਧੀਰ ਸ਼ਰਮਾ ਅਤੇ ਸਨਾਤਨ ਧਰਮ ਮਹਿਲਾ ਸੰਕੀਰਤਨ ਮੰਡਲ ਦੇ ਸਾਰੇ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਕਥਾ ਦੇ ਅੰਤਿਮ ਪੜਾਅ ਵਿੱਚ ਮੰਦਿਰ ਕਮੇਟੀ ਨੇ ਕਥਾ ਵਿਆਸ ਸਾਧਵੀ ਜਯੰਤੀ ਭਾਰਤੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸੰਸਥਾਨ ਦਾ ਧੰਨਵਾਦ ਪ੍ਰਗਟ ਕੀਤਾ। ਕਥਾ ਦੀ ਸਮਾਪਤੀ ਨੇਮ ਅਨੁਸਾਰ ਪ੍ਰਭੂ ਦੀ ਪਵਿੱਤਰ ਆਰਤੀ ਨਾਲ ਕੀਤੀ ਗਈ।