- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛਪਾਰ ਕਾਨਫ਼ਰੰਸ ਵਿੱਚ ਪਾਰਟੀ ਨੂੰ ਕਮਜ਼ੌਰ ਕਰਨ ਵਾਲਿਆਂ ਤੇ ਵਿਰੋਧੀਆਂ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਕਰਾਂਗੇ-ਡਾ.ਚੀਮਾ

-ਕਿਹਾ, ਗੁਰਦੁਆਰਾ ਆਲਮਗੀਰ 'ਚ ‘ਗੁੱਗਾ ਪੀਰ ਛਪਾਰ ਮੇਲੇ’ ਮੌਕੇ ਅਕਾਲੀ ਕਰਨਗੇ ਵਿਚਾਰ-ਵਟਾਂਦਰਾ
ਪੁਨੀਤ ਬਾਵਾ/ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਸ੍ਰੋਮਣੀ ਅਕਾਲੀ ਦਲ ਦੇ ਦਫ਼ਤਰ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਛਪਾਰ ਵਿਖੇ ਹੋਣ ਵਾਲੀ ਅਕਾਲੀ ਦਲ ਦੀ ਕਾਨਫ਼ਰੰਸ ਵਿੱਚ ਅਕਾਲੀ ਦਲ ਨੂੰ ਕਮਜ਼ੌਰ ਕਰਨ ਵਾਲਿਆਂ ਦੇ ਜਿੱਥੇ ਕਾਲੇ ਚਿੱਠੇ ਫਰੋਲਾਂਗੇ, ਉੱਥੇ ਹੀ ਪੰਜਾਬ ਦੀ ਆਪ ਦੀਆਂ ਨਾਕਾਮੀਆਂ ਅਤੇ ਵਿਰੋਧੀਆਂ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਕਰਾਂਗੇ। ਡਾ. ਚੀਮਾ ਨੇ ਇਹ ਪ੍ਰਗਟਾਵਾ ਦਸਮ ਪਿਤਾ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਗੁੱਗਾ ਪੀਰ ਦੇ ਮੇਲਾ ਛਪਾਰ ਵਿਖੇ 26 ਸਤੰਬਰ ਨੂੰ ਅਕਾਲੀ ਦਲ ਦੀ ਹੋਣ ਵਾਲੀ ਕਾਨਫਰੰਸ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਡਾ.ਚੀਮਾ ਨੇ ਮੌਜੂਦਾ ਹਾਲਾਤਾਂ, ਪਾਰਟੀ ਨੂੰ ਅਲਵਿਦਾ ਆਖ ਗਏ ਆਗੂਆਂ ਦੇ ਮੱਦੇ ਨਜ਼ਰ ਪਾਰਟੀ ਸਨਮੁੱਖ ਚੁਣੌਤੀਆਂ, ਹੁਕਮਰਾਨ ਧਿਰ ਸਮੇਤ ਦੂਜੀਆਂ ਸਿਆਸੀ ਧਿਰਾਂ ਵੱਲੋਂ ਅਕਾਲੀ ਦਲ ਨੂੰ ਨੀਵਾਂ ਦਿਖਾਉਣ ਵਾਲਿਆਂ ਨਾਲ ਜੂਝਣ ਆਦਿ ਵਿਸ਼ਿਆਂ ਨੂੰ ਲੈ ਕੇ ਛਪਾਰ ਮੇਲੇ ਦੀ ਕਾਨਫਰੰਸ ਦੀ ਅਹਿਮੀਅਤ ਲਈ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਆਪੋ-ਆਪਣੀਆਂ ਜਿੰਮੇਵਾਰੀਆਂ ਸਮਝਾਉਣ ਲਈ ਲਾਮਬੰਦ ਕਰਨ ਲਈ ਵੱਖ-ਵੱਖ ਆਗੂਆਂ ਨੇ ਆਪੋ ਆਪਣੇ ਸਿਆਸੀ ਤਜ਼ਰਬੇ-ਨਜ਼ਰੀਏ ਨਾਲ ਵਿਚਾਰ ਸਾਂਝੇ ਕੀਤੇ। ਪਾਰਟੀ ਵੱਲੋਂ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਅਤੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਨੂੰ ਛਪਾਰ ਮੇਲਾ ਕਾਨਫਰੰਸ ਨੂੰ ਸਫਲ ਬਣਾਉਣ ਲਈ ਲਾੜਾ ਤੇ ਸਰਬਾਲਾ ਆਦਿ ਦੀ ਤੁਲਨਾ ਕਰਦਿਆਂ ਹਰ ਇੱਕ ਨੂੰ ਗੰਭੀਰਤਾ ਨਾਲ ਪਾਰਟੀ ਕਾਨਫਰੰਸ ਨੂੰ ਸਫਲ ਬਣਾਉਣ ਦਾ ਸੰਕਲਪ ਕਰਵਾਇਆ। ਦਿਓਲ ਨੇ ਪਾਰਟੀ ਦੇ ਤਜਰਬੇਕਾਰ ਸੀਨੀਅਰ ਤੇ ਪੇਂਡੂ ਖੇਤਰ ਤੋਂ ਆਏ ਅਕਾਲੀਆਂ ਨੂੰ ਛਪਾਰ ਮੇਲੇ ਦੀ ਕਾਨਫਰੰਸ ਦੀ ਸਫਲਤਾ ਨੂੰ ਅਕਾਲੀ ਦਲ ਦੀ ਸਰਕਾਰ ਦਾ ਮੁੱਢ ਬੰਨਣ ਦਾ ਹਵਾਲਾ ਦਿੰਦਿਆਂ ਕਿਹਾ ਲੋਕ ਵੋਟ ਪਾਉਣ ਲਈ ਤਿਆਰ ਹਨ ਸਾਨੂੰ ਲੋਕ ਸੰਪਰਕ ਬਣਾਉਣ ਦੀ ਵੀ ਲੋੜ ਹੈ। ਉਹਨਾਂ ਹਲਕਾ ਦਾਖਾ ਤੋਂ 100 ਬੱਸਾਂ ਦਾ ਕਾਫਲਾ ਲਿਆਉਣ ਦਾ ਵਾਅਵਾ ਕਰਦਿਆਂ ਕਿਹਾ ਕਿ ਮੇਲਾ ਸਥਾਨ ਨੇੜੇ ਸਾਢੇ ਤਿੰਨ ਏਕੜ ਜ਼ਮੀਨ ਲੈ ਲਈ ਹੈ, ਜਿਸ ਵਿੱਚ ਪੰਡਾਲ ਲੰਗਰ ਅਤੇ ਹੋਰ ਲੋੜੀਂਦੀਆਂ ਵਿਵਸਥਾਵਾਂ ਉਪਲੱਬਧ ਹੋਣਗੀਆਂ। ਉਹਨਾਂ ਪਿਛਲੇ ਕੁੱਝ ਸਾਲਾਂ ਤੋਂ ਅਕਾਲੀ ਦਲ ਦੀ ਛਪਾਰ ਰੈਲੀ ਨਾ ਹੋਣ ਦਾ ਠੀਕਰਾ ਮੌਜੂਦਾ ਵਿਧਾਇਕ ਸਿਰ ਭੰਨਿਆ। ਸਿੰਮਕ ਨੇ ਕਿਹਾ ਕਿ ਪੰਜਾਬੀ ਕੌਮ ਮਾਰਿਆਂ ਨਹੀਂ ਮਰਦੀ। ਉਨ੍ਹਾਂ ਭਵਿੱਖੀ ਚੋਣਾਂ ’ਚ ਪਾਰਟੀ ਨੂੰ ਸਤ੍ਹਾ ਦਿਵਾਉਣ ਲਈ ਹਰ ਇਕ ਨੂੰ ਆਪੋ-ਆਪਣੀ ਜਿੰਮੇਵਾਰੀ ਸੰਭਾਲਣ ਤੇ ਫ਼ਰਜ਼ ਨਿਭਾਉਣ ਲਈ ਹਲੂਣਦਿਆਂ ਕਿਹਾ ਕਿ ਜਦੋਂ ਮਿਹਨਤ ਕਰਾਂਗੇ ਤਾਂ ਸਫਲਤਾ ਜਰੂਰ ਮਿਲੇਗੀ। ਉਨ੍ਹਾਂ ਅੰਦੋਲਨਾਂ ਵਿੱਚੋਂ ਨਿਕਲੀ ਹੁਕਮਰਾਨ ਸਿਆਸੀ ਧਿਰ ਦੀਆਂ ਝੂਠੀਆਂ ਮਸ਼ਹੂਰੀਆਂ ਦਾ ਜ਼ਿਕਰ ਕਰਦਿਆਂ ਨਸ਼ਿਆਂ ਦੇ ਅੰਕੜੇ ਦੱਸਦਿਆਂ ਪੋਲ ਖੁੱਲੀ। ਮੀਟਿੰਗ ਨੂੰ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋ ਅਤੇ ਸਾਬਕਾ ਮੰਤਰੀ ਜਥੇ: ਹੀਰਾ ਸਿੰਘ ਗਾਬੜੀਆ ਨੇ ਦਾਖਾ, ਗਿੱਲ, ਰਾਏਕੋਟ, ਜਗਰਾਉਂ ਅਤੇ ਅਮਰਗੜ੍ਹ ਆਦਿ ਹਲਕਿਆਂ ਦੀ ਸਮੂਲੀਅਤ ਤੇ ਪਿਛਲੀਆਂ ਪਰੰਪਰਾਵਾਂ ਦੀਆਂ ਯਾਦਾਂ ਨੂੰ ਚੇਤੇ ਕਰਵਾਇਆ। ਸਟੇਜ ਸੰਚਾਲਨ ਦੀ ਜਿੰਮੇਵਾਰੀ ਜਥੇ: ਚਰਨ ਸਿੰਘ ਆਲਮਗੀਰ ਨੇ ਨਿਭਾਈ। ਇਸ ਮੌਕੇ ਰਣਜੀਤ ਸਿੰਘ ਢਿੱਲੋਂ, ਐਡ: ਪ੍ਰੇਮ ਸਿੰਘ ਹਰਨਾਮਪੁਰਾ, ਐਡ: ਪਰਉਪਕਾਰ ਸਿੰਘ ਘੁੰਮਣ, ਵਿਕਰਮਜੀਤ ਸਿੰਘ ਵਿੱਕੀ ਸੋਹਲ, ਗੁਰਚਰਨ ਸਿੰਘ ਗਰੇਵਾਲ, ਹਰਪਾਲ ਸਿੰਘ ਖਾਲਸਾ, ਸਰਬਜੀਤ ਸਿੰਘ ਛਾਪਾ, ਪ੍ਰਭਜੋਤ ਸਿੰਘ ਧਾਲੀਵਾਲ, ਜਗਜੀਤ ਸਿੰਘ ਤਲਵੰਡੀ, ਜਗਬੀਰ ਸਿੰਘ ਸੋਖੀ, ਚੰਦ ਸਿੰਘ ਡੱਲਾ, ਬਾਬਾ ਅਜੀਤ ਸਿੰਘ, ਬਲਵਿੰਦਰ ਸਿੰਘ ਸੰਧੂ, ਭੁਪਿੰਦਰ ਸਿੰਘ ਭਿੰਦਾ, ਕਮਲ ਚੇਤਲੀ, ਸੁਖਮੀਤ ਸਿੰਘ ਕਾਦੀਆਂ, ਗੁਰਮੀਤ ਸਿੰਘ ਕੁਲਾਰ, ਸੁਰਜੀਤ ਸਿੰਘ ਦੁਗਰੀ ਪ੍ਰਧਾਨ, ਪ੍ਰਧਾਨ ਬੀਬੀ ਗੁਰਦੀਪ ਕੌਰ, ਪ੍ਰਧਾਨ ਕਿਰਨਦੀਪ ਕੌਰ ਕਾਦੀਆਂ, ਤੇਜੀ ਸੰਧੂ, ਗੁਰਦੀਪ ਸਿੰਘ ਲੀਲ, ਪਰਮਿੰਦਰ ਸਿੰਘ ਰੰਗੀਆ, ਪ੍ਰਧਾਨ ਪ੍ਰਧਾਨ ਹਰਸ਼ਵੀਰ ਸਿੰਘ ਝੱਮਟ, ਜਸਵੰਤ ਸਿੰਘ ਹਰਨਾਮਪੁਰਾ, ਕੁਲਜੀਤ ਸਿੰਘ ਬੁਲਾਰਾ, ਨਗਿੰਦਰ ਸਿੰਘ ਬਿੱਟੂ ਆਲਮਗੀਰ, ਗੁਰਜੀਤ ਸਿੰਘ ਲਹਿਰਾ, ਸੁਖਦਰਸ਼ਨ ਸਿੰਘ ਪੋਹੀੜ, ਹਰਦੀਪ ਸਿੰਘ ਮਨਸੂਰਾ, ਪਰਮਜੀਤ ਸਿੰਘ ਨੱਤ, ਬਲਜੀਤ ਸਿੰਘ ਗਿੱਲ, ਬਿੱਕਰ ਸਿੰਘ ਮੁਕੰਦਪੁਰ ਆਦਿ ਹਾਜ਼ਰ ਸਨ।