ਤਿੰਨ ਸੜਕ ਹਾਦਸਿਆਂ ’ਚ ਦੋ ਦੀ ਮੌਤ, ਇਕ ਔਰਤ ਗੰਭੀਰ ਜ਼ਖ਼ਮੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਾਪਰੇ ਸੜਕ ਹਾਦਸੇ, ਦੋ ਦੀ ਮੌਤ ਤੇ ਇੱਕ ਔਰਤ ਗੰਭੀਰ ਜ਼ਖਮੀ
Publish Date: Mon, 07 Sep 2026 07:39 PM (IST)
Updated Date: Tue, 08 Sep 2026 04:08 AM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ ਤੇਜ਼ ਰਫਤਾਰੀਏ ਤੇ ਲਾਪਰਵਾਹੀ ਦੇ ਚਲਦੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤਿੰਨ ਸੜਕ ਹਾਦਸੇ ਵਾਪਰੇ। ਇਹਨਾਂ ਹਾਦਸਿਆਂ ’ਚ ਜਿੱਥੇ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਉੱਥੇ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਤਿੰਨੋਂ ਮਾਮਲਿਆਂ ਵਿੱਚ ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 72 ਸਾਲਾ ਬਜ਼ੁਰਗ ਨੂੰ ਤੇਜ਼ ਰਫ਼ਤਾਰ ਵਾਹਨ ਨੇ ਦਰੜਿਆ ਦੁਗਰੀ ਦੇ ਮਹਾਰਾਜਾ ਪਲਾਜੋ ਹੋਟਲ ਨੇੜੇ ਇੱਕ ਅਣਪਛਾਤੇ ਵਾਹਨ ਦੀ ਟੱਕਰ ਨਾਲ 72 ਸਾਲਾ ਤਜਿੰਦਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਤਰਲੋਚਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵੱਡਾ ਭਰਾ ਤੇਜਿੰਦਰ ਸਿੰਘ ਖਰੀਦਾਰੀ ਕਰਕੇ ਪੈਦਲ ਹੀ ਘਰ ਵੱਲ ਆ ਰਿਹਾ ਸੀ। ਜਿਵੇਂ ਹੀ ਉਹ ਦੁਗਰੀ ਦੇ ਮਹਾਰਾਜਾ ਪਲਾਜੋ ਹੋਟਲ ਫੇਸ 2 ਦੇ ਲਾਗੇ ਪਹੁੰਚਿਆ ਤਾਂ ਤੇਜ਼ ਰਫਤਾਰ ਅਣਪਛਾਤੇ ਵਾਹਨ ਦੇ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਵਾਹਨ ਦੀ ਗਤੀ ਬਹੁਤ ਤੇਜ਼ ਸੀ ਅਤੇ ਚਾਲਕ ਵਾਹਨ ਚਲਾਉਣ ਵਿੱਚ ਬੇਹੱਦ ਲਾਪਰਵਾਹੀ ਵਰਤ ਰਿਹਾ ਸੀ। ਹਾਦਸੇ ਵਿੱਚ ਤਜਿੰਦਰ ਸਿੰਘ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਚਾਲਕ ਵਾਹਨ ਸਮੇਤ ਫਰਾਰ ਹੋ ਗਿਆ। ਪੁਲਿਸ ਵੱਲੋਂ ਅਣਪਛਾਤੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। -ਤੇਜ਼ ਰਫ਼ਤਾਰ ਵਾਹਨ ਦੀ ਲਪੇਟ ’ਚ ਆਏ ਹਰਿਆਣਾ ਦੇ ਨੌਜਵਾਨ ਦੀ ਮੌਤ ਇਕ ਹੋਰ ਮਾਮਲੇ ’ਚ ਵਰਧਮਾਨ ਲਾਈਟਾਂ, ਚੰਡੀਗੜ੍ਹ ਰੋਡ ’ਤੇ ਟਰੱਕ ਦੀ ਟੱਕਰ ਕਾਰਨ 29 ਸਾਲਾ ਸੰਦੀਪ ਢੀਂਗਰਾ ਦੀ ਜਾਨ ਚਲੀ ਗਈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਹਰਿਆਣਾ ਦੇ ਜੀਂਦ ਇਲਾਕੇ ਦੇ ਵਾਸੀ ਵਿਸ਼ਾਲ ਅਨੁਸਾਰ ਉਸਦਾ ਭਰਾ ਸੰਦੀਪ ਵਰਧਮਾਨ ਲਾਈਟਾਂ ਦੇ ਕੋਲੋਂ ਲੰਘ ਰਿਹਾ ਸੀ। ਟਰੱਕ ਚਾਲਕ ਬੌਬੀ ਕੁਮਾਰ ਵੱਲੋਂ ਕਥਿਤ ਤੌਰ ’ਤੇ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਹਾਦਸਾ ਵਾਪਰਿਆ। ਸ਼ਿਕਾਇਤ ਕਰਤਾ ਦੇ ਮੁਤਾਬਕ ਵਾਹਨ ਦੀ ਗਤੀ ਇੰਨੀ ਜ਼ਿਆਦਾ ਤੇਜ਼ ਸੀ ਕਿ ਟੱਕਰ ਵੱਜਦੇ ਸਾਰ ਹੀ ਸੰਦੀਪ ਦੀ ਥਾਂ ਤੇ ਹੀ ਮੌਤ ਹੋ ਗਈ। ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਕਾਰਨ ਬਜ਼ੁਰਗ ਔਰਤ ਗੰਭੀਰ ਰੂਪ ਵਿੱਚ ਫੱਟੜ ਇੱਕ ਹੋਰ ਮਾਮਲੇ ਵਿੱਚ ਝਾਬੇਵਾਲ ਇਲਾਕੇ ਵਿੱਚ ਡੀਸੀ ਸਟੀਲ ਫੈਕਟਰੀ ਨੇੜੇ ਇੱਕ ਮੋਟਰਸਾਈਕਲ ਸਵਾਰ ਨੇ ਪੈਦਲ ਜਾ ਰਹੀ 55 ਸਾਲਾ ਔਰਤ ਵੀਨਾ ਦੇਵੀ ਨੂੰ ਟੱਕਰ ਮਾਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਵੀਨਾ ਦੇਵੀ ਪੈਦਲ ਜਾ ਰਹੀ ਸੀ। ਇਸ ਦੌਰਾਨ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਆ ਰਹੇ ਕਾਲੇ ਰੰਗ ਦੇ ਮੋਟਰਸਾਈਕਲ ਸਵਾਰ ਹਰਿੰਦਰ ਸਿੰਘ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਔਰਤ ਦੇ ਸਰੀਰ ’ਤੇ ਕਈ ਗੰਭੀਰ ਸੱਟਾਂ ਲੱਗੀਆਂ। ਟੱਕਰ ਮਾਰਨ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਹੋਈ ਮਹਿਲਾ ਨੂੰ ਲਾਗੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਜਮਾਲਪੁਰ ਦੀ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।