ਗੁਰਪ੍ਰੀਤ ਨਗਰ ’ਚ ਪਾਈਪਾਂ ਬਦਲੀਆਂ ਤੇ ਸੁਪਰ ਸੱਕਸ਼ਨ ਮਸ਼ੀਨ ਨਾਲ ਕੀਤੀ ਸਫ਼ਾਈ
ਵਾਰਡ ਨੰਬਰ 35 ਦੇ ਮੁਹੱਲਾ ਗੁਰਪ੍ਰੀਤ ਨਗਰ ’ਚ ਗੰਦੇ ਪਾਣੀ ਦੀ ਸਮੱਸਿਆ ਹੱਲ
Publish Date: Mon, 07 Sep 2026 07:36 PM (IST)
Updated Date: Tue, 08 Sep 2026 04:07 AM (IST)
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ ਹਲਕਾ ਦੱਖਣੀ ਦੇ ਵਾਰਡ-35 ਅਧੀਨ ਗੁਰਪ੍ਰੀਤ ਨਗਰ ਵਿੱਚ ਪੀਣ ਵਾਲੇ ਪਾਣੀ ਵਿੱਚ ਗੰਦਗੀ ਮਿਲਣ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ। ਪਾਣੀ ਗੰਦਾ ਆਉਣ ਕਾਰਨ ਇਲਾਕਾ ਨਿਵਾਸੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੁਹੱਲਾ ਨਿਵਾਸੀਆਂ ਦੀ ਸ਼ਿਕਾਇਤ ’ਤੇ ਵਾਰਡ ਨੰਬਰ 35 ਦੇ ਕੌਂਸਲਰ ਪਤੀ ਜਗਦੇਵ ਸਿੰਘ ਧੁੰਨਾ ਨੇ ਨਗਰ ਨਿਗਮ ਜ਼ੋਨ-ਬੀ ਦੇ ਜੇਈ ਅਵਨੀਤ ਖੁਰਾਣਾ ਨਾਲ ਮੌਕੇ ਦਾ ਦੌਰਾ ਕੀਤਾ। ਜਾਂਚ ਦੌਰਾਨ ਕੁਝ ਕਨੈਕਸ਼ਨ ਪਾਈਪਾਂ ਟੁੱਟੀਆਂ ਮਿਲੀਆਂ, ਜਿਸ ਕਾਰਨ ਗੰਦਾ ਪਾਣੀ ਸਪਲਾਈ ’ਚ ਮਿਲ ਰਿਹਾ ਸੀ। ਨਗਰ ਨਿਗਮ ਵੱਲੋਂ ਟੁੱਟੀਆਂ ਪਾਈਪਾਂ ਬਦਲ ਕੇ ਨਵੀਆਂ ਪਾਈਪਾਂ ਪਾਈਆਂ ਗਈਆਂ। ਇਸ ਦੇ ਨਾਲ ਹੀ ਮੇਨ ਰੋਡ ਦੀ ਸੁਪਰ ਸੈਕਸ਼ਨ ਮਸ਼ੀਨ ਰਾਹੀਂ ਸਫ਼ਾਈ ਵੀ ਕਰਵਾਈ ਗਈ। ਕੰਮ ਮੁਕੰਮਲ ਹੋਣ ਤੋਂ ਬਾਅਦ ਪਾਣੀ ਦੀ ਸਮੱਸਿਆ ਹੱਲ ਹੋਣ ’ਤੇ ਮੁਹੱਲਾ ਨਿਵਾਸੀਆਂ ਨੇ ਰਾਹਤ ਮਹਿਸੂਸ ਕੀਤੀ। ਜਗਦੇਵ ਸਿੰਘ ਧੁੰਨਾ ਨੇ ਕਿਹਾ ਕਿ ਵਾਰਡ ਵਾਸੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਇਸ ਮੌਕੇ ਹਰਜੀਤ ਸਿੰਘ, ਜਗਤਪਾਲ, ਪ੍ਰੇਮ ਕੁਮਾਰ, ਸਤਿੰਦਰ ਕੁਮਾਰ, ਦਵਿੰਦਰ ਸੈਣੀ, ਸ਼ੰਕਰ, ਸੁਰਿੰਦਰ ਕੌਰ, ਜਸਵਿੰਦਰ ਕੌਰ, ਬਲਵਿੰਦਰ ਕੌਰ ਅਤੇ ਮਨਜਿੰਦਰ ਸਿੰਘ ਸਮੇਤ ਹੋਰਨਾਂ ਨੇ ਜਗਦੇਵ ਸਿੰਘ ਧੁੰਨਾ ਤੇ ਜੇਈ ਅਵਨੀਤ ਖੁਰਾਣਾ ਦਾ ਧੰਨਵਾਦ ਕੀਤਾ।