- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਲਾ ਭੰਡਾਰ ਹੋਣ ਦੇ ਬਾਵਜੂਦ 8 ਘੰਟਿਆਂ ਦੇ ਬਿਜਲੀ ਕੱਟ-ਸਰੀਨ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਵਿੱਚ ਲੰਬੇ ਸਮੇਂ ਤੋਂ ਜਾਰੀ ਬਿਜਲੀ ਕੱਟਾਂ ਨੂੰ ਲੈ ਕੇ ਭਾਜਪਾ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਸਿੱਧਾ ਹਮਲਾ ਬੋਲਿਆ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਜਦੋਂ ਸੂਬੇ ਕੋਲ ਲੋੜ ਤੋਂ ਵੱਧ ਕੋਲਾ ਮੌਜੂਦ ਹੈ ਤਾਂ ਫਿਰ ਲੋਕਾਂ ਨੂੰ ਰੋਜ਼ਾਨਾ 6 ਤੋਂ 8 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ। ਉਨ੍ਹਾਂ ਇਸਨੂੰ ਕੋਲੇ ਦੀ ਕਮੀ ਨਹੀਂ, ਸਗੋਂ ਸਰਕਾਰ ਦੀ ਬਿਜਲੀ ਉਤਪਾਦਨ ਅਤੇ ਪ੍ਰਬੰਧਨ ਵਿੱਚ ਨਾਕਾਮੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 4 ਸਤੰਬਰ ਨੂੰ ਬਿਜਲੀ ਮੰਤਰੀ ਵੱਲੋਂ ਪੇਸ਼ ਕੀਤੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਕੋਲੇ ਦਾ ਭੰਡਾਰ ਆਮ ਲੋੜ ਦਾ ਕਰੀਬ 117 ਫੀਸਦੀ ਹੈ। ਇਸ ਦੇ ਬਾਵਜੂਦ ਬਿਜਲੀ ਕੱਟਾਂ ਦਾ ਜਾਰੀ ਰਹਿਣਾ ਸਰਕਾਰ ਦੇ ਬਿਜਲੀ ਪ੍ਰਬੰਧਾਂ ’ਤੇ ਵੱਡਾ ਸਵਾਲ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਲੋੜੀਂਦਾ ਕੋਲਾ ਉਪਲਬਧ ਹੋਣ ਦੇ ਬਾਵਜੂਦ ਪੰਜ ਬਿਜਲੀ ਉਤਪਾਦਨ ਯੂਨਿਟ ਕਰੀਬ 20 ਦਿਨਾਂ ਤੋਂ ਬੰਦ ਪਏ ਹਨ। ਦੂਜੇ ਪਾਸੇ ਸਰਕਾਰੀ ਬਿਜਲੀ ਪਲਾਂਟ ਵੀ ਆਪਣੀ ਪੂਰੀ ਸਮਰੱਥਾ ਅਨੁਸਾਰ ਉਤਪਾਦਨ ਨਹੀਂ ਕਰ ਰਹੇ। ਉਨ੍ਹਾਂ ਅਨੁਸਾਰ ਰੋਪੜ ਥਰਮਲ ਪਲਾਂਟ ਸਿਰਫ਼ 36.4 ਫੀਸਦੀ, ਲਹਿਰਾ ਮੁਹੱਬਤ 28.7 ਫੀਸਦੀ ਅਤੇ ਨਾਭਾ ਪਾਵਰ ਕਰੀਬ 50 ਫੀਸਦੀ ਸਮਰੱਥਾ ’ਤੇ ਚੱਲ ਰਹੇ ਸਨ। ਇਸ ਦੇ ਉਲਟ ਨਾਭਾ ਪਾਵਰ ਦਾ ਨਿੱਜੀ ਪਲਾਂਟ ਕਰੀਬ 93 ਫੀਸਦੀ ਸਮਰੱਥਾ ਨਾਲ ਚੱਲ ਰਿਹਾ ਸੀ। ਅਨਿਲ ਸਰੀਨ ਨੇ ਸਵਾਲ ਕੀਤਾ ਕਿ ਜਦੋਂ ਕੋਲੇ ਦਾ ਭੰਡਾਰ 117 ਫੀਸਦੀ ਹੈ ਤਾਂ ਪੰਜ ਬਿਜਲੀ ਯੂਨਿਟ ਲੰਬੇ ਸਮੇਂ ਤੋਂ ਬੰਦ ਕਿਉਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹਰੇਕ ਪਲਾਂਟ ਦੀ ਉਤਪਾਦਨ ਸਮਰੱਥਾ, ਕੋਲੇ ਦੀ ਉਪਲਬਧਤਾ, ਯੂਨਿਟਾਂ ਦੇ ਬੰਦ ਰਹਿਣ ਦੇ ਕਾਰਨਾਂ ਅਤੇ ਮੌਜੂਦਾ ਸੰਚਾਲਨ ਸਥਿਤੀ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਵੇ। ਭਾਜਪਾ ਆਗੂ ਨੇ ‘ਆਪ’ ਸਰਕਾਰ ’ਤੇ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਕੇਂਦਰ ਸਰਕਾਰ ਨੂੰ ਢਾਲ ਬਣਾਉਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਬਿਜਲੀ ਪਲਾਂਟਾਂ ਦਾ ਸੰਚਾਲਨ, ਰੱਖ-ਰਖਾਅ ਅਤੇ ਉਨ੍ਹਾਂ ਦੀ ਸਮਰੱਥਾ ਦੀ ਪੂਰੀ ਵਰਤੋਂ ਕਰਵਾਉਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਦਾ ਆਪਣਾ ਸਿਸਟਮ ਫੇਲ੍ਹ ਹੋਵੇ ਤਾਂ ਹਰ ਵਾਰ ਬਹਾਨੇ ਨਹੀਂ ਬਣਾਏ ਜਾ ਸਕਦੇ। ਸਰੀਨ ਨੇ ਕਿਹਾ ਕਿ ਬਿਜਲੀ ਕੱਟਾਂ ਕਾਰਨ ਉਦਯੋਗ, ਵਪਾਰੀ, ਦੁਕਾਨਦਾਰ, ਕਿਸਾਨ ਅਤੇ ਆਮ ਲੋਕ ਪ੍ਰਭਾਵਿਤ ਹੋ ਰਹੇ ਹਨ। ‘ਆਪ’ ਸਰਕਾਰ 24 ਘੰਟੇ ਨਿਰਵਿਘਨ ਅਤੇ ਸਸਤੀ ਬਿਜਲੀ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ, ਪਰ ਅੱਜ ਲੋਕਾਂ ਨੂੰ ਘੰਟਿਆਂਬੱਧੀ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਦੀ ਕੋਲੇ ਦੀ ਸਮੱਸਿਆ ਹੱਲ ਹੋਣ ਦੇ ਪੁਰਾਣੇ ਦਾਅਵਿਆਂ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਸਰਕਾਰ ਦੀ ਕਾਰਗੁਜ਼ਾਰੀ ਦਾ ਹਿਸਾਬ ਲੈਣਗੇ। ਸਰੀਨ ਨੇ ਕਿਹਾ, “ਪੰਜਾਬ ਨੂੰ ਬਿਜਲੀ ਚਾਹੀਦੀ ਹੈ, ਬਹਾਨੇ ਨਹੀਂ; ਕੰਮ ਚਾਹੀਦਾ ਹੈ, ਪ੍ਰਚਾਰ ਨਹੀਂ।” ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ, ਜਨਰਲ ਸਕੱਤਰ ਨਰੇਂਦਰ ਸਿੰਘ ਮੱਲ੍ਹੀ, ਯਸ਼ਪਾਲ ਜਨੋਟਰਾ, ਬੌਬੀ ਜਿੰਦਲ ਅਤੇ ਪ੍ਰੈੱਸ ਸਕੱਤਰ ਡਾ. ਸਤੀਸ਼ ਕੁਮਾਰ ਹਾਜ਼ਰ ਸਨ।