ਮਿਸ ਮੰਨਤ ਤੇ ਮਿਸਟਰ ਦਿਵਜੋਤ ਸਿੰਘ ਨੂੰ ਮਿਲਿਆ ਫ੍ਰੈਸ਼ਰ ਦਾ ਖ਼ਿਤਾਬ ਮਿਸ ਮੰਨਤ ਨੂੰ ‘ਮਿਸ ਫਰੈਸ਼ਰ’ ਅਤੇ ਮਿਸਟਰ ਦਿਵਜੋਤ ਸਿੰਘ ਨੂੰ ‘ਮਿਸਟਰ ਫਰੈਸ਼ਰ’ ਦਾ ਖਿਤਾਬ
Publish Date: Mon, 07 Sep 2026 06:55 PM (IST)
Updated Date: Tue, 08 Sep 2026 04:05 AM (IST)
-ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਕਰਵਾਈ ਫਰੈਸ਼ਰਜ਼ ਮੀਟ ਕਰਵਾਈ 31 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਪੀਏਯੂ ਚੈਪਟਰ ਲੁਧਿਆਣਾ ਵੱਲੋਂ ਜੈਕਬ ਹਾਲ ਵਿਖੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰਜ਼ ਮੀਟ ‘ਨੋਵਾ ਵੀਟਾ’ ਦਾ ਉਤਸ਼ਾਹ ਅਤੇ ਜੋਸ਼ ਨਾਲ ਪ੍ਰਬੰਧ ਕੀਤਾ ਗਿਆ। ਸਮਾਗਮ ਦੌਰਾਨ ਸੀਨੀਅਰ ਵਿਦਿਆਰਥੀਆਂ ਨੇ ਨਵੇਂ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਾਲਜ ਦੇ ਅਕਾਦਮਿਕ, ਤਕਨੀਕੀ ਅਤੇ ਸੱਭਿਆਚਾਰਕ ਮਾਹੌਲ ਨਾਲ ਜਾਣੂ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਆਈਐੱਸਟੀਈ ਦੇ ਸਕੱਤਰ ਡਾ. ਮਨਪ੍ਰੀਤ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਮੁੱਖ ਮਹਿਮਾਨ ਡਾ. ਮਨਜੀਤ ਸਿੰਘ, ਡੀਨ ਅਤੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਾਲਜ ਜੀਵਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪਾਠਕ੍ਰਮ ਤੋਂ ਇਲਾਵਾ ਗਤੀਵਿਧੀਆਂ, ਟੀਮ ਵਰਕ ਅਤੇ ਚੰਗੀਆਂ ਦੋਸਤੀਆਂ ਬਣਾਉਣ ਵਿੱਚ ਸਰਗਰਮ ਰਹਿਣ ਲਈ ਪ੍ਰੇਰਿਤ ਕੀਤਾ। ਡਾ. ਮਨਜੀਤ ਸਿੰਘ, ਡੀਨ ਨੇ ਫਰੈਸ਼ਰਜ਼ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਅਕਾਦਮਿਕ, ਤਕਨੀਕੀ, ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਜੀਵਨ ਵਿਦਿਆਰਥੀਆਂ ਵਿੱਚ ਸਿਰਫ਼ ਪੇਸ਼ੇਵਰ ਯੋਗਤਾ ਹੀ ਨਹੀਂ, ਸਗੋਂ ਅਗਵਾਈ ਦੇ ਗੁਣ, ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਦਾ ਮਹੱਤਵਪੂਰਨ ਪੜਾਅ ਹੈ। ਇਸ ਮੌਕੇ ਜੈਕਬ ਹਾਲ ਵਿੱਚ ਵੱਖ-ਵੱਖ ਮਨੋਰੰਜਕ ਖੇਡਾਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਮਾਹੌਲ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਵਿਦਿਆਰਥੀਆਂ ਨੇ ਭੰਗੜਾ, ਗਰੁੱਪ ਡਾਂਸ ਅਤੇ ਸੋਲੋ ਡਾਂਸ ਸਮੇਤ ਕਈ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਵੀਂ ਦਾਦ ਮਿਲੀ। ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਵੀ ਪੂਰੇ ਆਤਮ-ਵਿਸ਼ਵਾਸ ਅਤੇ ਉਤਸ਼ਾਹ ਨਾਲ ਸਮਾਗਮ ਵਿੱਚ ਹਿੱਸਾ ਲਿਆ। ਇਸ ਦੌਰਾਨ ਮਿਸ ਮੰਨਤ ਨੂੰ ‘ਮਿਸ ਫਰੈਸ਼ਰ’ ਅਤੇ ਮਿਸਟਰ ਦਿਵਜੋਤ ਸਿੰਘ ਨੂੰ ‘ਮਿਸਟਰ ਫਰੈਸ਼ਰ’ ਦਾ ਖਿਤਾਬ ਦਿੱਤਾ ਗਿਆ। ਇਸ ਤੋਂ ਇਲਾਵਾ ਮਿਸ ਗੁਰਲੀਨ ਕੌਰ ਨੂੰ ‘ਰੈੱਡ ਕਾਰਪੇਟ ਆਈਕਨ’ ਅਤੇ ਮਨਸ਼ਾਂਤ ਕੌਰ ਨੂੰ ‘ਸ਼ੋਅਸਟਾਪਰ’ ਵਜੋਂ ਸਨਮਾਨਿਤ ਕੀਤਾ ਗਿਆ। ਸਮਾਗਮ ਦੀਆਂ ਮਨੋਰੰਜਕ ਗਤੀਵਿਧੀਆਂ, ਸ਼ਾਨਦਾਰ ਪੇਸ਼ਕਾਰੀਆਂ ਅਤੇ ਵਿਦਿਆਰਥੀਆਂ ਦੀ ਉਤਸ਼ਾਹਪੂਰਣ ਸ਼ਮੂਲੀਅਤ ਨੇ ‘ਨੋਵਾ ਵੀਟਾ’ ਨੂੰ ਦੋਸਤੀ, ਆਤਮ-ਵਿਸ਼ਵਾਸ ਅਤੇ ਨਵੀਂ ਸ਼ੁਰੂਆਤ ਦਾ ਯਾਦਗਾਰ ਦਿਨ ਬਣਾ ਦਿੱਤਾ। ਆਈਐੱਸਟੀਈ ਦੀ ਚੇਅਰਪਰਸਨ ਡਾ. ਸੰਧਿਆ ਨੇ ਕਿਹਾ ਕਿ ਫਰੈਸ਼ਰਜ਼ ਮੀਟ ਨੇ ਨਵੇਂ ਵਿਦਿਆਰਥੀਆਂ ਨੂੰ ਕਾਲਜ ਜੀਵਨ ਦੀ ਯਾਦਗਾਰ ਸ਼ੁਰੂਆਤ ਪ੍ਰਦਾਨ ਕਰਨ ਦੇ ਨਾਲ ਸੀਨੀਅਰ ਅਤੇ ਜੂਨੀਅਰ ਵਿਦਿਆਰਥੀਆਂ ਵਿਚਕਾਰ ਆਪਸੀ ਸਾਂਝ ਵਧਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਸਮਾਗਮ ਦੀ ਸਫਲਤਾ ਲਈ ਆਈਐੱਸਟੀਈ ਚੈਪਟਰ ਪੀਏਯੂ, ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਅਤੇ ਵਿਦਿਆਰਥੀ ਆਯੋਜਨ ਕਮੇਟੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ---