- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਰਕਿੰਗ ਤੋਂ ਕੰਡੇ ਤੱਕ ਕਥਿੱਤ ਵਾਧੂ ਚਾਰਜਿੰਗ ਦੇ ਦੋਸ਼

-ਆੜ੍ਹਤੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅਰੋੜਾ ਨੇ ਮਾਰਕੀਟ ਕਮੇਟੀ ਸਕੱਤਰ ਅੱਗੇ ਰੱਖੀਆਂ ਸ਼ਿਕਾਇਤਾਂ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਬਹਾਦਰ ਕੇ ਰੋਡ ਸਥਿੱਤ ਸਬਜ਼ੀ ਮੰਡੀ ਅੰਦਰ ਪਾਰਕਿੰਗ ਤੋਂ ਲੈ ਕੇ ਕੰਡੇ ਦੀ ਪਰਚੀ, ਫੜਾਂ ਦੀ ਅਲਾਟਮੈਂਟ ਅਤੇ ਸਰਕਾਰੀ ਜ਼ਮੀਨਾਂ ’ਤੇ ਕਥਿਤ ਕਬਜ਼ਿਆਂ ਤੱਕ ਦੇ ਮਾਮਲੇ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਆ ਰਹੇ ਹਨ। ਇਸੇ ਤਹਿਤ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਨਿਊ ਸਬਜ਼ੀ ਮੰਡੀ ਦੇ ਵਾਈਸ ਪ੍ਰਧਾਨ ਰਿਸ਼ੂ ਅਰੋੜਾ ਵੱਲੋਂ ਆਪਣੇ ਸਾਥੀਆਂ ਸਮੇਤ ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨ ਉਪਰੰਤ ਹੋਈ ਗੱਲਬਾਤ ਦੌਰਾਨ ਰਿਸ਼ੂ ਅਰੋੜਾ ਨੇ ਮੰਡੀ ਅੰਦਰ ਆੜ੍ਹਤੀਆਂ, ਵਪਾਰੀਆਂ ਅਤੇ ਵਾਹਨ ਚਾਲਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ ਅਤੇ ਕਈ ਗੰਭੀਰ ਮੁੱਦੇ ਮਾਰਕੀਟ ਕਮੇਟੀ ਸਕੱਤਰ ਦੇ ਧਿਆਨ ਵਿੱਚ ਲਿਆਂਦੇ। ਰਿਸ਼ੂ ਅਰੋੜਾ ਨੇ ਦੋਸ਼ ਲਗਾਇਆ ਕਿ ਮੰਡੀ ਅੰਦਰ ਪਾਰਕਿੰਗ ਦੇ ਨਾਂ ’ਤੇ ਕਥਿਤ ਤੌਰ ’ਤੇ ਵਾਧੂ ਪੈਸੇ ਵਸੂਲਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਲਟੀਪਲ ਪਾਰਕਿੰਗ ਦੀ ਆੜ ਵਿੱਚ ਵਾਹਨ ਚਾਲਕਾਂ ਤੋਂ ਵਾਧੂ ਚਾਰਜਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਮੌਜੂਦਾ ਸਮੇਂ ਦੌਰਾਨ ਪਾਰਕਿੰਗ ਦੀ ਵਸੂਲੀ ਦਾ ਕੰਮ ਮਾਰਕੀਟ ਕਮੇਟੀ ਦੇ ਅਧੀਨ ਹੈ ਤਾਂ ਫਿਰ ਵਾਹਨ ਚਾਲਕਾਂ ਤੋਂ ਕਥਿਤ ਤੌਰ ’ਤੇ ਵਾਧੂ ਰਕਮ ਵਸੂਲਣ ਦੀ ਇਜਾਜ਼ਤ ਕਿਸ ਪੱਧਰ ’ਤੇ ਦਿੱਤੀ ਗਈ ਹੈ? ਉਨ੍ਹਾਂ ਮੰਗ ਕੀਤੀ ਕਿ ਪਾਰਕਿੰਗ ਦੀਆਂ ਦਰਾਂ ਅਤੇ ਵਸੂਲੀ ਦੀ ਪੂਰੀ ਵਿਵਸਥਾ ਸਪੱਸ਼ਟ ਕੀਤੀ ਜਾਵੇ ਤਾਂ ਜੋ ਵਪਾਰੀਆਂ ਅਤੇ ਵਾਹਨ ਚਾਲਕਾਂ ਵਿੱਚ ਬਣੀ ਦੁਵਿਧਾ ਦੂਰ ਹੋ ਸਕੇ।
ਮੰਡੀ ਵਿੱਚ ਕੰਡੇ ਦੀ ਪਰਚੀ ਨੂੰ ਲੈ ਕੇ ਵੀ ਰਿਸ਼ੂ ਅਰੋੜਾ ਨੇ ਗੰਭੀਰ ਸਵਾਲ ਚੁੱਕੇ। ਉਨ੍ਹਾਂ ਦੋਸ਼ ਲਗਾਇਆ ਕਿ ਜਿਹੜੀਆਂ ਗੱਡੀਆਂ ਬਾਹਰੋਂ ਕੰਡਾ ਕਰਵਾ ਕੇ ਮੰਡੀ ਵਿੱਚ ਆਉਂਦੀਆਂ ਹਨ, ਉਨ੍ਹਾਂ ਤੋਂ ਵੀ ਕਥਿਤ ਤੌਰ ’ਤੇ ਮੁੜ ਕੰਡਾ ਕਰਵਾ ਕੇ ਪਰਚੀ ਦੇ ਨਾਂ ’ਤੇ ਵਸੂਲੀ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਗੱਡੀ ਦਾ ਵਜ਼ਨ ਪਹਿਲਾਂ ਹੀ ਬਾਹਰੋਂ ਹੋ ਚੁੱਕਾ ਹੈ ਤਾਂ ਉਸ ਦੀ ਪਰਚੀ ਮੰਡੀ ਵਿੱਚ ਮੰਨਣਯੋਗ ਕਿਉਂ ਨਹੀਂ? ਕੀ ਸਿਰਫ਼ ਮੰਡੀ ਅੰਦਰੋਂ ਕੱਟੀ ਗਈ ਪਰਚੀ ਨੂੰ ਹੀ ਮਾਨਤਾ ਪ੍ਰਾਪਤ ਹੈ? ਉਨ੍ਹਾਂ ਇਸ ਮਾਮਲੇ ਵਿੱਚ ਸਪੱਸ਼ਟ ਨਿਯਮ ਜਨਤਕ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਵਾਹਨ ਚਾਲਕਾਂ ਅਤੇ ਵਪਾਰੀਆਂ ਵਿੱਚ ਕਿਸੇ ਕਿਸਮ ਦੀ ਅਸਮੰਜਸ ਦੀ ਸਥਿਤੀ ਨਾ ਰਹੇ। ਮੰਡੀ ਅੰਦਰ ਫੜਾਂ ਦੀ ਅਲਾਟਮੈਂਟ ਅਤੇ ਵਰਤੋਂ ਨੂੰ ਲੈ ਕੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ। ਰਿਸ਼ੂ ਅਰੋੜਾ ਨੇ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਵੱਲੋਂ ਜਿਨ੍ਹਾਂ ਵਿਅਕਤੀਆਂ ਨੂੰ ਫੜਾਂ ਅਲਾਟ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਕੁਝ ਵੱਲੋਂ ਕਥਿਤ ਤੌਰ ’ਤੇ ਆਪਣੀਆਂ ਫੜਾਂ ਅੱਗੇ ਹੋਰਨਾਂ ਨੂੰ ਕਿਰਾਏ ’ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਬਦਲੇ ਕਿਰਾਇਆ ਵਸੂਲਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੋਸ਼ ਲਾਇਆ ਕਿ ਕੁਝ ਅਲਾਟੀਆਂ ਵੱਲੋਂ ਆਪਣੀਆਂ ਅਲਾਟ ਕੀਤੀਆਂ ਫੜਾਂ ਅੱਗੇ ਕਿਰਾਏ ’ਤੇ ਦੇਣ ਤੋਂ ਬਾਅਦ ਅਣਅਲਾਟ ਸਰਕਾਰੀ ਜ਼ਮੀਨਾਂ ’ਤੇ ਕਥਿਤ ਤੌਰ ’ਤੇ ਕਬਜ਼ੇ ਕਰਕੇ ਉੱਥੇ ਵੀ ਫੜ੍ਹਾਂ ਲਗਵਾਈਆਂ ਹਨ। ਰਿਸ਼ੂ ਅਰੋੜਾ ਨੇ ਕਿਹਾ ਕਿ ਜੇਕਰ ਮੰਡੀ ਅੰਦਰ ਫੜਾਂ ਦੀ ਅਲਾਟਮੈਂਟ, ਉਨ੍ਹਾਂ ਦੀ ਅਸਲ ਵਰਤੋਂ, ਅੱਗੇ ਕਿਰਾਏ ’ਤੇ ਦੇਣ ਅਤੇ ਅਣਅਲਾਟ ਸਰਕਾਰੀ ਜ਼ਮੀਨਾਂ ’ਤੇ ਹੋਏ ਕਥਿਤ ਕਬਜ਼ਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਕਈ ਅਹਿਮ ਤੱਥ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨਿਯਮਾਂ ਮੁਤਾਬਕ ਅਲਾਟੀ ਨੂੰ ਆਪਣੀ ਫੜ ਅੱਗੇ ਕਿਰਾਏ ’ਤੇ ਦੇਣ ਦੀ ਇਜਾਜ਼ਤ ਨਹੀਂ ਹੈ ਤਾਂ ਅਜਿਹੇ ਮਾਮਲਿਆਂ ਵਿੱਚ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀਆਂ ਗਤੀਵਿਧੀਆਂ ਕਾਰਨ ਸਰਕਾਰੀ ਜ਼ਮੀਨ ਦੀ ਕਥਿਤ ਦੁਰਵਰਤੋਂ ਦੇ ਨਾਲ-ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਰਿਸ਼ੂ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਸਬੰਧੀ ਪਹਿਲਾਂ ਵੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਮਾਰਕੀਟ ਕਮੇਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਰਕਿੰਗ ਦੀ ਵਸੂਲੀ, ਕੰਡੇ ਦੀਆਂ ਪਰਚੀਆਂ, ਫੜਾਂ ਦੀ ਅਲਾਟਮੈਂਟ, ਉਨ੍ਹਾਂ ਨੂੰ ਅੱਗੇ ਕਿਰਾਏ ’ਤੇ ਦੇਣ ਅਤੇ ਸਰਕਾਰੀ ਜ਼ਮੀਨਾਂ ’ਤੇ ਕਥਿਤ ਕਬਜ਼ਿਆਂ ਦੀ ਪੂਰੀ ਜਾਂਚ ਕਰਵਾਈ ਜਾਵੇ।
-ਮਾਰਕੀਟ ਕਮੇਟੀ ਦੇ ਸਕੱਤਰ ਖੰਗੂੜਾ ਵੱਲੋਂ ਜਾਂਚ ਦਾ ਭੋਰਸਾ
ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੇ ਰਿਸ਼ੂ ਅਰੋੜਾ ਵੱਲੋਂ ਉਠਾਏ ਗਏ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਭਰੋਸਾ ਦਿੱਤਾ ਕਿ ਇਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਵਿਅਕਤੀ ਵੱਲੋਂ ਨਿਯਮਾਂ ਦੀ ਉਲੰਘਣਾ ਕਰਨਾ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਮਾਰਕੀਟ ਕਮੇਟੀ ਵੱਲੋਂ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਿੰਨੀ ਗੰਭੀਰਤਾ ਨਾਲ ਕੀਤੀ ਜਾਂਦੀ ਹੈ ਅਤੇ ਮੰਡੀ ਅੰਦਰ ਪਾਰਕਿੰਗ ਤੋਂ ਲੈ ਕੇ ਕੰਡੇ, ਫੜਾਂ ਅਤੇ ਸਰਕਾਰੀ ਜ਼ਮੀਨਾਂ ਤੱਕ ਉੱਠ ਰਹੇ ਇਨ੍ਹਾਂ ਸਵਾਲਾਂ ’ਤੇ ਕਾਰਵਾਈ ਸਿਰਫ਼ ਭਰੋਸੇ ਤੱਕ ਸੀਮਤ ਰਹਿੰਦੀ ਹੈ ਜਾਂ ਜ਼ਮੀਨੀ ਪੱਧਰ ’ਤੇ ਵੀ ਇਸ ਦਾ ਅਸਰ ਦਿਖਾਈ ਦਿੰਦਾ ਹੈ।