ਸਬਸਿਡੀ ਤੇ ਸਰਕਾਰੀ ਸਹੂਲਤਾਂ ਲਈ ਫਾਰਮਰ ਰਜਿਸਟਰੀ ਜ਼ਰੂਰੀ : ਡਾ. ਗੁਰਦੀਪ ਸਿੰਘ ਅਹਿਮ ਖ਼ਬਰ-ਹਰ ਕਿਸਾਨ ਨੂੰ ਫਾਰਮਰ ਰਜਿਸਟਰੀ ਬਣਾਉਣ ਦੀ ਅਪੀਲ
Publish Date: Mon, 07 Sep 2026 06:32 PM (IST)
Updated Date: Tue, 08 Sep 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਸਹੂਲਤਾਂ ਨਾਲ ਜੋੜਨ ਲਈ ਹਰੇਕ ਕਿਸਾਨ ਦੀ ਫਾਰਮਰ ਰਜਿਸਟਰੀ ਤਿਆਰ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਗੁਰਦੀਪ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਾਰਮਰ ਰਜਿਸਟਰੀ ਤਹਿਤ ਆਪਣੀ ਫਾਰਮਰ ਆਈਡੀ ਜ਼ਰੂਰ ਬਣਵਾਉਣ, ਤਾਂ ਜੋ ਭਵਿੱਖ ’ਚ ਕਿਸਾਨਾਂ ਨੂੰ ਖਾਦਾਂ ਦੀ ਸਪਲਾਈ, ਪੀਐਮ ਕਿਸਾਨ ਸਨਮਾਨ ਨਿੱਧੀ ਯੋਜਨਾ ਤਹਿਤ ਮਿਲਣ ਵਾਲੀਆਂ ਕਿਸ਼ਤਾਂ, ਖੇਤੀ ਮਸ਼ਿਨਰੀ ਆਦਿ ਸਹੂਲਤਾਂ ਸਬਸਿਡੀ ਤੇ ਮਿਲਣਯੋਗ ਹੋਣਗੀਆਂ। ਭਵਿੱਖ ’ਚ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਤੇ ਹੋਰ ਖੇਤੀਬਾੜੀ ਸਬੰਧੀ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਡਾ. ਅਨੁਸਾਰ ਜਿਸ ਕਿਸਾਨ ਦੇ ਨਾਂ ਤੇ ਵਾਹੀਯੋਗ ਜ਼ਮੀਨ ਦਰਜ ਹੈ, ਉਸ ਲਈ ਫਾਰਮਰ ਰਜਿਸਟਰੀ ਤਹਿਤ ਆਪਣੀ ਫਾਰਮਰ ਆਈਡੀ ਬਣਵਾਉਣਾ ਜ਼ਰੂਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫਾਰਮਰ ਆਈਡੀ ਬਣਵਾਉਣ ਲਈ ਜ਼ਮੀਨ ਦੀ ਮਾਤਰਾ ਸਬੰਧੀ ਕੋਈ ਸ਼ਰਤ ਨਹੀਂ ਹੈ। ਇਸੇ ਤਰ੍ਹਾਂ ਜੇਕਰ ਕੋਈ ਕਿਸਾਨ ਖੇਤੀਬਾੜੀ ਦੇ ਨਾਲ ਕੋਈ ਕਾਰੋਬਾਰ ਕਰਦਾ ਹੈ ਜਾਂ ਨੌਕਰੀ ਕਰਦਾ ਹੈ, ਤਾਂ ਵੀ ਉਹ ਫਾਰਮਰ ਆਈਡੀ ਬਣਵਾਉਣ ਲਈ ਯੋਗ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਵਿਸ਼ੇਸ਼ ਤੌਰ ਤੇ ਯਕੀਨੀ ਬਣਾਉਣ ਕਿ ਪਰਿਵਾਰ ਦੇ ਜਿਨ੍ਹਾਂ-ਜਿਨ੍ਹਾਂ ਮੈਂਬਰਾਂ ਦੇ ਨਾਮ ਤੇ ਵਾਹੀਯੋਗ ਜ਼ਮੀਨ ਦਰਜ ਹੈ, ਉਨ੍ਹਾਂ ਸਾਰਿਆਂ ਦੀ ਵੱਖ-ਵੱਖ ਫਾਰਮਰ ਆਈਡੀ ਬਣਵਾਈ ਜਾਵੇ। ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਫਾਰਮਰ ਆਈਡੀ ਬਣਾਉਣ ਦੀ ਸਹੂਲਤ ਜ਼ਿਲ੍ਹੇ ਦੇ ਵੱਖ-ਵੱਖ ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) ਵਿਖੇ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ ਤੇ ਪਹੁੰਚਣ ਅਤੇ ਆਪਣੀ ਤੇ ਪਰਿਵਾਰ ਦੇ ਉਨ੍ਹਾਂ ਸਾਰੇ ਮੈਂਬਰਾਂ ਦੀ ਫਾਰਮਰ ਆਈ.ਡੀ. ਜ਼ਰੂਰ ਬਣਵਾਉਣ, ਜਿਨ੍ਹਾਂ ਦੇ ਨਾਮ ਤੇ ਵਾਹੀਯੋਗ ਜ਼ਮੀਨ ਦਰਜ ਹੈ।