- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਂਪੁਰਸ਼ਾਂ ਨੇ ਗੁਰਬਾਣੀ, ਨਾਮ ਸਿਮਰਨ ’ਤੇ ਸੇਵਾ ਦਾ ਦਿੱਤਾ ਸੰਦੇਸ਼-ਗੋਗਾ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 51ਵੀਂ ਨਿੱਘੀ ਯਾਦ ਵਿੱਚ ਭਾਈ ਦਯਾ ਸਿੰਘ ਜੀ ਸੰਤ ਸੇਵਕ ਜੱਥਾ ਦੇ ਮੁਖੀ ਭਾਈ ਕੁਲਬੀਰ ਸਿੰਘ ਦੇ ਗ੍ਰਹਿ ਵਿਖੇ ਸ਼ਰਧਾ ਭਾਵਨਾ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਅੰਮ੍ਰਿਤ ਵੇਲੇ ਪਿਛਲੇ ਦਿਨੀਂ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਬੀਬੀ ਉਜਾਗਰ ਕੌਰ ਰਤਵਾੜਾ ਸਹਿਬ (ਚੰਡੀਗੜ੍ਹ) ਵਾਲਿਆਂ ਅਤੇ ਉਨਾਂ ਦੇ ਜੱਥੇ ਵੱਲੋਂ ਆਸਾ ਦੀ ਵਾਰ ਦੇ ਕੀਰਤਨ ਅਤੇ ਗੁਰਬਾਣੀ ਸ਼ਬਦ ਕੀਰਤਨ ਦੀ ਸੇਵਾ ਨਿਭਾਈ ਗਈ। ਇਸ ਮੌਕੇ ਜੱਥੇ ਦੇ ਮੁਖੀ ਭਾਈ ਕੁਲਬੀਰ ਸਿੰਘ ਨੇ ਮਹਾਂਪੁਰਸ਼ਾਂ ਦੇ ਜੀਵਨ ਤੇ ਝਾਤ ਪਾਉਂਦਿਆਂ ਸੰਗਤਾਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਬੇਨਤੀ ਵੀ ਕੀਤੀ। ਵਾਰਡ-44 ਦੇ ਕੌਂਸਲਰ ਸੋਹਣ ਸਿੰਘ ਗੋਗਾ ਨੇ ਸਮਾਗਮ ਵਿੱਚ ਪਹੁੰਚੀਆਂ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਨਾਮ ਸਿਮਰਨ ਕਰਨ ਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਸੰਗਤਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦਾ ਆਨੰਦ ਮਾਣਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਹੋਰਨਾਂ ਤੋਂ ਇਲਾਵਾ ਭਾਈ ਚਤਰ ਸਿੰਘ, ਗੁਰਚਰਨ ਸਿੰਘ ਗੁਰੂ, ਉਧਮ ਸਿੰਘ, ਕੁਲਤਾਰ ਸਿੰਘ, ਹਰਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀਆਂ ਭਰੀਆਂ।