- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਮ ਦੀ ਕਮਾਈ ਨਾਲ ਮਨ ’ਤੇ ਕਾਬੂ, ਵਿਕਾਰਾਂ ਤੋਂ ਛੁਟਕਾਰਾ-ਸੰਤ ਅਮੀਰ ਸਿੰਘ

-ਜਵੱਦੀ ਟਕਸਾਲ ’ਚ ਕਰਵਾਇਆ ਹਫਤਾਵਾਰੀ ਨਾਮ ਸਿਮਰਨ ਸਮਾਗਮ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਐਤਵਾਰ ਨੂੰ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਇਆ। ਜੁੜੀ ਸੰਗਤ ਦੇ ਸਾਹਮਣੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਬਾਣੀ ਸ਼ਬਦਾਂ ਦੇ ਹਵਾਲੇ ਰਾਹੀ ਸਮਝਾਇਆ ਕਿ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਦਾ ਹੈ, ਉਹ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦਾ ਚੇਤਾ ਰੱਖਦਾ ਹੈ ਤੇ ਉਸ ਨੂੰ ਭਾਣਾ ਸਮਝ ਕੇ ਮੰਨਦਾ ਹੈ। ਉਸਦੇ ਮਨ ਵਿੱਚੋਂ ਦੂਸਰਿਆਂ ਪ੍ਰਤੀ ਈਰਖਾ ਸਾੜਾ ਖਤਮ ਹੋ ਜਾਂਦਾ ਹੈ ਤੇ ਉਹ ਵੈਰ ਵਿਰੋਧ ਦੀ ਭਾਵਨਾ ਤੋਂ ਪਰ੍ਹੇ ਹੋ ਜਾਂਦਾ ਹੈ। ਉਸਦੇ ਮਨ ਅੰਦਰੋਂ ਹਉਮੈ ਦਾ ਮੈਲ ਖਤਮ ਹੋ ਜਾਂਦਾ ਹੈ। ਮਹਾਂਪੁਰਸ਼ਾਂ ਨੇ ਕੁਝ ਸਿੱਖ ਸ਼ਖ਼ਸੀਅਤਾਂ ਦੇ ਜੀਵਨ ਦੇ ਹਵਾਲਿਆਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਨਾਮ-ਸਿਮਰਨ ਨਾਲ ਸੋਝੀ ਪ੍ਰਾਪਤ ਹੁੰਦੀ ਹੈ ਕਿ ਮਾਨਵ ਸੰਸਾਰ ਵਿੱਚ ਰਹਿ ਕੇ ਵੀ ਨਿਰਲੇਪ ਹੋ ਜਾਂਦਾ ਹੈ। ਸੰਸਾਰ ਨਾਸ਼ਵਾਨ ਹੈ ਅਤੇ ਅਕਾਲ ਪੁਰਖ ਸਦੀਵੀ ਤੇ ਸਥਿਰ ਹੈ ਅਤੇ ਨਾਮ ਸਿਮਰਨ ਨਾਲ ਹੀ ਉਹ ਪਰਮਾਤਮਾ ਨਾਲ ਮਿਲਾਪ ਕਰ ਸਕਦਾ ਹੈ। ਉਹ ਅੰਧਕਾਰ ਤੋਂ ਪ੍ਰਕਾਸ਼ ਵੱਲ ਕੂਚ ਕਰਦਾ ਹੈ। ਨਾਮ ਸਿਮਰਨ ਨਾਲ ਮਨ ਨੂੰ ਜਿੱਤਿਆ ਜਾ ਸਕਦਾ ਹੈ ਤੇ ਕਾਮ, ਕ੍ਰੋਧ, ਲੋਭ, ਮੋਹ ਜਿਹੇ ਵਿਕਾਰਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਮਹਾਂਪੁਰਸ਼ਾਂ ਨੇ ਕਿਹਾ ਕਿ ਇਸ ਭਰਮਮਈ ਜੰਜਾਲ ਵਿੱਚੋਂ ਨਾਮ ਸਿਮਰ ਕੇ ਹੀ ਨਿਕਲਿਆ ਜਾ ਸਕਦਾ ਹੈ। ਜੇ ਮਨੁੱਖ ਉਸ ਅਕਾਲ ਪੁਰਖ ਨੂੰ ਸਿਮਰ ਕੇ ਮਨ ਵਿੱਚ ਬਿਠਾਉਂਦਾ ਹੈ। ਉਸ ਦਾ ਜੀਵਨ ਉੱਤਮ ਹੋ ਜਾਂਦਾ ਹੈ। ਉਸ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਸਿਮਰਨ ਨਾਲ ਮਨ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ। ਉਸ ਲਈ ਦੁੱਖ ਸੁਖ ਕੋਈ ਮਹੱਤਵ ਨਹੀਂ ਰੱਖਦੇ ਮਨੁੱਖ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਮੁਕਤ ਹੋ ਜਾਂਦਾ ਹੈ। ਨਾਮ ਸਿਮਰਨ ਨਾਲ ਮਨੁੱਖ ਆਵਾਗਵਨ ਦੇ ਚੱਕਰ ਵਿੱਚ ਨਹੀਂ ਫਸਦਾ ਤੇ ਉਸ ਦਾ ਅਕਾਲ ਪੁਰਖ ਨਾਲ ਮਿਲਾਪ ਹੋ ਜਾਣਾ ਸੁਭਾਵਿਕ ਹੁੰਦਾ ਹੈ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।