- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਸਰੀ ਵਰਗੀ ਮਿੱਠੀ ਹੋਵੇ ਭਗਤ ਦੀ ਬੋਲੀ-ਸਾਧਵੀ ਜਯੰਤੀ ਭਾਰਤੀ

-ਕਿਹਾ, ਭਗਵਾਨ ਆਪਣੇ ਭਗਤਾਂ ’ਚ ਹੰਕਾਰ ਨਹੀਂ ਦੇਖਣਾ ਚਾਹੁੰਦੇ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਅਤੇ ਸਨਾਤਨ ਧਰਮ ਮੰਦਿਰ ਕਮੇਟੀ ਵੱਲੋਂ ਜਨਮਾਸ਼ਟਮੀ ਨੂੰ ਸਮਰਪਿਤ ਸਨਾਤਨ ਧਰਮ ਮੰਦਿਰ ਵਿਸ਼ਾਲ ਨਗਰ ਪੱਖੋਵਾਲ ਰੋਡ ਵਿਖੇ ਜਾਰੀ ਪੰਜ ਦਿਨਾ ਸ਼੍ਰੀ ਕ੍ਰਿਸ਼ਨ ਕਥਾ ਦੇ ਚੌਥੇ ਦਿਨ ਵਿਚਾਰ ਸਾਂਝੇ ਕਰਦੇ ਹੋਏ ਸਾਧਵੀ ਜਯੰਤੀ ਭਾਰਤੀ ਨੇ ਕਿਹਾ ਕਿ ਜਦੋਂ ਸ੍ਰੀ ਕ੍ਰਿਸ਼ਨ ਥੋੜ੍ਹੇ ਵੱਡੇ ਹੋਏ ਤਾਂ ਉਹ ਆਪਣੇ ਬੁੱਲ੍ਹਾਂ 'ਤੇ ਬੰਸਰੀ ਰੱਖ ਕੇ ਵਜਾਇਆ ਕਰਦੇ ਸਨ। ਕਹਿੰਦੇ ਹਨ ਕਿ ਉਨ੍ਹਾਂ ਦੀ ਬੰਸਰੀ ਦੀ ਧੁਨ ਸੁਣ ਕੇ ਸਾਰੇ ਗੋਪ, ਗੋਪੀਆਂ, ਗਾਵਾਂ ਅਤੇ ਗਵਾਲੇ ਆਦਿ ਦੋੜੇ ਚਲੇ ਆਉਂਦੇ ਸਨ। ਬੰਸਰੀ ਸ੍ਰੀ ਕ੍ਰਿਸ਼ਨ ਜੀ ਨੂੰ ਬਹੁਤ ਪਿਆਰੀ ਸੀ। ਇੱਕ ਦਿਨ ਸ੍ਰੀ ਰਾਧਾ ਜੀ ਨੇ ਪੁੱਛਿਆ ਕਿ ਤੁਹਾਨੂੰ ਬੰਸਰੀ ਇੰਨੀ ਪਿਆਰੀ ਕਿਉਂ ਹੈ? ਤਦ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ ਮੈਨੂੰ ਹਰ ਉਹ ਭਗਤ ਪਿਆਰਾ ਹੈ ਜੋ ਬੰਸਰੀ ਵਾਂਗ ਹੈ। ਬੰਸਰੀ ਵਿੱਚ ਤਿੰਨ ਗੁਣ ਹੁੰਦੇ ਹਨ। ਸਭ ਤੋਂ ਪਹਿਲਾਂ ਉਹ ਅੰਦਰੋਂ ਖਾਲੀ ਹੁੰਦੀ ਹੈ, ਦੂਜਾ ਉਸ ਵਿੱਚ ਕੋਈ ਗੱਠ ਨਹੀਂ ਹੁੰਦੀ ਅਤੇ ਤੀਜਾ ਉਹ ਜਦੋਂ ਵੀ ਬੋਲਦੀ ਹੈ ਤਾਂ ਮਿੱਠਾ ਹੀ ਬੋਲਦੀ ਹੈ। ਸਾਧਵੀ ਨੇ ਕਿਹਾ ਕਿ ਜੋ ਵਿਅਕਤੀ ਅੰਦਰੋਂ ਖਾਲੀ ਹੈ ਅਰਥਾਤ ਨਿਰਮਲ ਮਨ ਵਾਲਾ ਹੈ, ਕਿਸੇ ਚੀਜ਼ ਨਾਲ ਮੋਹ-ਮਾਇਆ ਨਹੀਂ, ਜਿਸ ਨੂੰ ਸਿਰਫ਼ ਪ੍ਰਭੂ ਪਿਆਰਾ ਹੈ, ਉਹੀ ਭਗਵਾਨ ਨੂੰ ਪਿਆਰਾ ਹੈ। ਬੰਸਰੀ ਵਿੱਚ ਗੱਠ ਨਹੀਂ ਹੁੰਦੀ ਅਰਥਾਤ ਜੇਕਰ ਕੁੱਝ ਕਰਕੇ ਸਾਡੇ ਅੰਦਰ ਹੰਕਾਰ ਪੈਦਾ ਹੁੰਦਾ ਹੈ ਤਾਂ ਇਹ ਹੰਕਾਰ ਦੀ ਗੱਠ ਹੀ ਈਸ਼ਵਰ ਨਾਲ ਮਿਲਾਪ ਵਿੱਚ ਰੁਕਾਵਟ ਹੈ। ਭਗਵਾਨ ਆਪਣੇ ਭਗਤਾਂ ਵਿੱਚ ਹੰਕਾਰ ਦੀ ਗੱਠ ਨਹੀਂ ਦੇਖਣਾ ਚਾਹੁੰਦੇ ਅਤੇ ਇੱਕ ਭਗਤ ਦੀ ਬੋਲੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਹ ਸਾਨੂੰ ਬੰਸਰੀ ਤੋਂ ਹੀ ਸਿੱਖਣਾ ਚਾਹੀਦਾ ਹੈ। ਕਬੀਰ ਜੀ ਇੱਕ ਥਾਂ 'ਤੇ ਕਹਿੰਦੇ ਹਨ ਕਿ ਜਿਸ ਸਮੇਂ ਅਜਿਹਾ ਸੰਗੀਤ ਅਸੀਂ ਆਪਣੇ ਅੰਦਰ ਹੀ ਸੁਣ ਲੈਂਦੇ ਹਾਂ, ਤਾਂ ਹੀ ਸਾਡੀ ਆਤਮਾ ਆਨੰਦ ਦਾ ਅਨੁਭਵ ਕਰਦੀ ਹੈ। ਇੱਕ ਬੋਲਾ ਵਿਅਕਤੀ ਵੀ ਇਸ ਸੰਗੀਤ ਨੂੰ ਸੁਣ ਸਕਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸਾਨੂੰ ਉਸੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦੀ ਗੱਲ ਸ੍ਰੀਮਦ ਭਾਗਵਤ ਗੀਤਾ ਵਿੱਚ ਦੱਸੀ ਹੈ। ਜਦੋਂ ਸਾਡੇ ਜੀਵਨ ਵਿੱਚ ਵੀ ਕੋਈ ਪੂਰਨ ਸਤਿਗੁਰੂ ਆਵੇਗਾ, ਤਦ ਹੀ ਸਾਡੀ ਭਗਤੀ ਦੀ ਸ਼ੁਰੂਆਤ ਹੋ ਸਕਦੀ ਹੈ। ਇਸ ਮੌਕੇ 'ਤੇ ਸਾਧਵੀ ਰਿਚਾ ਭਾਰਤੀ, ਮਮਤਾਮਈ ਭਾਰਤੀ ਅਤੇ ਹਰਵਿੰਦਰ ਭਾਰਤੀ ਨੇ ਸੁਰੀਲੇ ਕ੍ਰਿਸ਼ਨ ਭਜਨਾਂ ਦਾ ਗਾਇਨ ਕੀਤਾ। ਪ੍ਰੋਗਰਾਮ ਦੀ ਸਮਾਪਤੀ ਪ੍ਰਭੂ ਦੀ ਪਵਿੱਤਰ ਆਰਤੀ ਨਾਲ ਕੀਤੀ ਗਈ, ਜਿਸ ਵਿੱਚ ਮੰਦਿਰ ਕਮੇਟੀ ਦੇ ਮੈਂਬਰ ਰਾਹੁਲ ਕੌਸ਼ਲ, ਦੇਵੇਂਦਰ ਐਬਟ, ਬੀਕੇ. ਤਿਵਾੜੀ, ਅਰਜੁਨ ਬੱਤਰਾ, ਮੇਹਰਚੰਦ ਚੁੱਘ, ਹਰਮੇਸ਼ ਮੋਦਗਿਲ, ਵੀਰੇਂਦਰ ਸ਼ਰਮਾ, ਵਿਸ਼ਾਲ ਮਾਹੇਸ਼ਵਰੀ, ਵਰੁਣ ਜੈਨ, ਆਕਾਸ਼ ਬਾਂਸਲ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਭਗਤ ਸ਼ਰਧਾਲੂ ਸ਼ਾਮਲ ਹੋਏ।