- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਵਨਜੋਤ ਪ੍ਰੋਜੈਕਟ ਤਹਿਤ ਲੁਧਿਆਣਾ ’ਚ ਵਿਸ਼ੇਸ਼ ਛਾਪੇਮਾਰੀ, ਚਾਰ ਬੱਚੇ ਛੁਡਵਾਏ

-ਰੇਲਵੇ ਸਟੇਸ਼ਨ ਸਮੇਤ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ’ਚ ਦੋ ਦਿਨ ਚੱਲੀ ਮੁਹਿੰਮ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ
ਬੱਚਿਆਂ ਦੀ ਸੁਰੱਖਿਆ, ਭਲਾਈ ਅਤੇ ਅਧਿਕਾਰਾਂ ਦੀ ਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜੀਵਨਜੋਤ ਪ੍ਰੋਜੈਕਟ ਤਹਿਤ ਲੁਧਿਆਣਾ ਵਿੱਚ ਦੋ ਦਿਨਾਂ ਦੀ ਵਿਸ਼ੇਸ਼ ਰੇਡ ਮੁਹਿੰਮ ਚਲਾਈ ਗਈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 5 ਅਤੇ 6 ਸਤੰਬਰ ਨੂੰ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਟੀਮ ਨੇ ਚਾਰ ਬੱਚਿਆਂ ਨੂੰ ਛੁਡਵਾਇਆ ਕੀਤਾ। ਮੁਹਿੰਮ ਦੌਰਾਨ ਲੁਧਿਆਣਾ ਰੇਲਵੇ ਸਟੇਸ਼ਨ, ਘੰਟਾ ਘਰ, ਜਲੰਧਰ ਬਾਈਪਾਸ, ਵਿਸ਼ਵਨਾਥ ਚੌਂਕ ਅਤੇ ਜਮਾਲਪੁਰ ਚੌਂਕ ਸਮੇਤ ਕਈ ਇਲਾਕਿਆਂ ਨੂੰ ਕਵਰ ਕੀਤਾ ਗਿਆ। ਰੈਸਕਿਊ ਕੀਤੇ ਗਏ ਬੱਚਿਆਂ ਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਬੱਚਿਆਂ ਸਬੰਧੀ ਅਗਲੀ ਕਾਰਵਾਈ ਜੁਵੇਨਾਈਲ ਜਸਟਿਸ (ਜੇਜੇ) ਐਕਟ ਅਤੇ ਬਾਲ ਸੁਰੱਖਿਆ ਨਾਲ ਸਬੰਧਤ ਨਿਯਮਾਂ ਤਹਿਤ ਕੀਤੀ ਜਾਵੇਗੀ।
ਵਿਸ਼ੇਸ਼ ਰੇਡ ਮੁਹਿੰਮ ਦੀ ਅਗਵਾਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਸ਼ਮੀ ਨੇ ਕੀਤੀ। ਟੀਮ ਵਿੱਚ ਸਿਨਾਕਸ਼ੀ ਰਾਣੇ, ਜੋਤੀ, ਕਮਲਜੀਤ ਕੌਰ, ਸ਼ਰਦ ਸੂਦ, ਸੰਦੀਪ, ਮਨਪ੍ਰੀਤ ਕੌਰ, ਪ੍ਰਭਜੋਤ ਕੌਰ ਅਤੇ ਰਾਜਿੰਦਰ ਸਿੰਘ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਚਾਈਲਡ ਹੈਲਪਲਾਈਨ ਟੀਮ ਦੀ ਰੀਤੂ ਸੂਦ ਅਤੇ ਡੀਸੀਪੀਓ ਸਟਾਫ਼ ਤੋਂ ਭੁਪਿੰਦਰ ਸਿੰਘ ਵੀ ਮੁਹਿੰਮ ਵਿੱਚ ਸ਼ਾਮਲ ਰਹੇ। ਪੁਲਿਸ ਵੱਲੋਂ ਵੀ ਟੀਮ ਨੂੰ ਲੁੜੀਂਦਾ ਸਹਿਯੋਗ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ਦੌਰਾਨ ਰੈਸਕਿਊ ਕੀਤੇ ਗਏ ਬੱਚਿਆਂ ਦੀ ਸੁਰੱਖਿਆ, ਭਲਾਈ ਅਤੇ ਪੁਨਰਵਾਸ ਨੂੰ ਪਹਿਲ ਦਿੱਤੀ ਜਾ ਰਹੀ ਹੈ। ਬੱਚਿਆਂ ਦੀ ਸਥਿਤੀ ਅਤੇ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਲਈ ਅਗਲੀ ਕਾਰਵਾਈ ਨਿਰਧਾਰਤ ਕਾਨੂੰਨੀ ਪ੍ਰੋਟੋਕੋਲ ਅਨੁਸਾਰ ਕੀਤੀ ਜਾਵੇਗੀ। ਜੀਵਨਜੋਤ ਪ੍ਰੋਜੈਕਟ ਦਾ ਮੁੱਖ ਉਦੇਸ਼ ਲੋੜਵੰਦ ਅਤੇ ਜੋਖ਼ਮ ਵਾਲੀਆਂ ਸਥਿਤੀਆਂ ਵਿੱਚ ਮੌਜੂਦ ਬੱਚਿਆਂ ਨੂੰ ਸੁਰੱਖਿਅਤ ਅਤੇ ਸਹਾਇਕ ਮਾਹੌਲ ਮੁਹੱਈਆ ਕਰਵਾਉਣਾ ਹੈ। ਇਸ ਤਹਿਤ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਮੇਂ ਸਿਰ ਸਹਾਇਤਾ, ਸੁਰੱਖਿਆ ਅਤੇ ਲੋੜੀਂਦੀਆਂ ਸੇਵਾਵਾਂ ਨਾਲ ਜੋੜਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਵੱਲੋਂ ਕਿਹਾ ਗਿਆ ਕਿ ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਤਹਿਤ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਅਜਿਹੀਆਂ ਰੇਡਾਂ ਅਤੇ ਜਾਗਰੂਕਤਾ ਮੁਹਿੰਮਾਂ ਭਵਿੱਖ ਵਿੱਚ ਵੀ ਜਾਰੀ ਰੱਖੀਆਂ ਜਾਣਗੀਆਂ, ਤਾਂ ਜੋ ਬੱਚਿਆਂ ਨੂੰ ਸ਼ੋਸ਼ਣ, ਅਸੁਰੱਖਿਅਤ ਹਾਲਾਤਾਂ ਅਤੇ ਹੋਰ ਖ਼ਤਰਿਆਂ ਤੋਂ ਬਚਾਇਆ ਜਾ ਸਕੇ।---